ਸਮਰ ਕੋਚਿੰਗ ਕੈਂਪਾਂ ਲਈ ਸਿੱਖਿਆ ਤੇ ਖੇਡ ਵਿਭਾਗ ਨੇ ਹੱਥ ਖਿੱਚਿਆ
ਸਮਰ ਕੋਚਿੰਗ ਕੈਂਪਾਂ ਲਈ ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਨੇ ਹੱਥ ਖਿੱਚਿਆ
Publish Date: Sat, 20 Jun 2026 04:18 PM (IST)
Updated Date: Sat, 20 Jun 2026 04:18 PM (IST)

- ਰਾਸ਼ਟਰੀ ਖੇਡਾਂ ’ਚ ਪੱਛੜ ਰਿਹਾ ਪੰਜਾਬ : ਅਮਰਜੀਤ ਸ਼ਾਸਤਰੀ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਗਰਮੀਆਂ ਦੀਆਂ ਛੁੱਟੀਆਂ ਦਾ ਪੰਦਰਵਾੜਾ ਬੀਤ ਗਿਆ ਹੈ। ਪੇਂਡੂ ਅਤੇ ਸ਼ਹਿਰੀ ਖਿਡਾਰੀ ਇਹਨਾਂ ਦਿਨਾਂ ਵਿਚ ਪੰਜਾਬ ਸਰਕਾਰ ਦੀ ਖੇਡਾਂ ਪ੍ਰਤੀ ਉਦਾਸੀਨਤਾ ਕਾਰਨ ਘਰਾਂ ਵਿੱਚ ਵਿਹਲੇ ਬੈਠੇ ਮੋਬਾਈਲ ਫੋਨਾਂ ਉਪਰ ਰੀਲਾਂ ਬਣਾ ਕੇ ਆਪਣੇ ਮਾਨਸਿਕ ਸੰਤੁਲਨ ਨੂੰ ਖੁੰਢਾ ਕਰ ਰਹੇ ਹਨ। ਉਥੇ ਖੇਡਾਂ ਨਾਲ ਸਬੰਧ ਅਧਿਆਪਕਾਂ ਦੀਆਂ ਡਿਊਟੀਆਂ ਜਨਗਣਨਾ ਅਤੇ ਵੋਟਾਂ ਬਣਾਉਣ, ਭੁਗਤਾਉਣ ਵਿੱਚ ਲੱਗੀਆਂ ਹਨ। ਇਹੋ ਤ੍ਰਾਸਦੀ ਖੇਡ ਵਿਭਾਗ ਪੰਜਾਬ ਦੇ ਕੋਚਾਂ ਦੀ ਹੈ। ਚੋਣ ਵਰ੍ਹਾਂ ਹੋਣ ਕਰਕੇ ਉਨ੍ਹਾਂ ਦੀਆਂ ਡਿਊਟੀਆਂ ਪੰਚਾਇਤਾਂ ਨੂੰ ਜਿੰਮ ਵਾਲੇ ਪਾਰਕਾਂ ਵਿੱਚ ਝੂਲੇ ਲਾਉਣ ਅਤੇ ਖਿਡਾਰੀਆਂ ਲਈ ਖੇਡ ਸਾਮਾਨ ਖਰੀਦਣ ਲਗਾਈਆਂ ਹੋਈਆਂ ਹਨ। ਖੇਡ ਵਿਭਾਗ ਪੰਜਾਬ ਵੱਲੋਂ ਭਾਵੇਂ ਅਪ੍ਰੈਲ ਮਹੀਨੇ ਵਿੱਚ ਗੈਰ-ਰਿਹਾਇਸ਼ੀ ਖੇਡ ਵਿੰਗ ਅਤੇ ਰਿਹਾਇਸ਼ੀ ਖੇਡ ਵਿੰਗ ਲਈ ਖਿਡਾਰੀਆਂ ਦੀ ਚੋਣ ਕਰ ਲਈ ਸੀ ਪਰ ਦੂਰਅੰਦੇਸ਼ੀ ਸੋਚ ਦੀ ਘਾਟ ਕਾਰਨ ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਘਰਾਂ ਵਿੱਚ ਵਿਹਲੇ ਬੈਠੇ ਖਿਡਾਰੀਆਂ ਨੂੰ ਗਰਾਊਂਡਾਂ ਵਿੱਚ ਲਿਆਉਣ ਦੀ ਨੀਤੀ ਲਾਗੂ ਕਰਵਾਉਣ ਵਿੱਚ ਅਸਫਲ ਰਹੀ ਹੈ। ਖੇਡ ਹਲਕਿਆਂ ਵਿੱਚ ਲੰਮੇ ਸਮੇਂ ਤੋਂ ਜੁੜੇ ਅਮਰਜੀਤ ਸ਼ਾਸਤਰੀ ਜੂਡੋ ਕੋਚ ਨੇ ਪੰਜਾਬ ਸਰਕਾਰ ਦੀ ਖੇਡਾਂ ਪ੍ਰਤੀ ਨਿਰਾਸ਼ਾਜਨਕ ਹਾਲਾਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਹਨਾਂ ਦਿਨਾਂ ਵਿਚ ਨਾ ਤਾਂ ਖੇਡ ਮੰਤਰੀ ਪੰਜਾਬ ਅਤੇ ਨਾ ਹੀ ਸਿੱਖਿਆ ਮੰਤਰੀ ਪੰਜਾਬ ਦੇ ਏਜੰਡੇ ਉਪਰ ਪੰਜਾਬ ਦੇ ਖਿਡਾਰੀਆਂ ਦਾ ਭਵਿੱਖ ਸੰਵਾਰਨ ਦੀ ਕੋਈ ਯੋਜਨਾ ਹੈ। ਪੁਰਾਣੇ ਸਮਿਆਂ ਵਿੱਚ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਖਿਡਾਰੀਆਂ ਦੇ ਪਹਾੜੀ ਇਲਾਕਿਆਂ ਸੁੰਦਰ ਨਗਰ ਆਦਿ ਵਿੱਚ ਸਾਰੀਆਂ ਖੇਡਾਂ ਦੇ ਫਿਟਨੈਂਸ ਕੈਂਪ ਲਗਾਏ ਜਾਂਦੇ ਸਨ। ਇਸ ਸਾਲ 2025-26 ਦੇ ਵਿਦਿਅਕ ਸੈਸ਼ਨ ਦੌਰਾਨ ਪੰਜਾਬ ਨੈਸ਼ਨਲ ਪੱਧਰ ਤੇ ਛੇਵੇਂ ਸਥਾਨ ਤੇ ਨਿਮੋਸ਼ੀ ਭਰੀ ਪ੍ਰਾਪਤੀਆਂ ਲੈ ਕੇ ਆਇਆ ਹੈ। ਪੰਜਾਬ ਸਰਕਾਰ ਦੀ ਖੇਡਾਂ ਪ੍ਰਤੀ ਲਾਪਰਵਾਹੀ ਦਾ ਫਾਇਦਾ ਪ੍ਰਾਈਵੇਟ ਸਕੂਲਾਂ ਵੱਲੋਂ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਸਮਰ ਕੋਚਿੰਗ ਕੈਂਪ ਦੇ ਨਾਮ ਤੇ ਬੱਚਿਆਂ ਦੇ ਮਾਪਿਆਂ ਦੀਆਂ ਜੇਬਾਂ ਨੂੰ ਖਾਲੀ ਕੀਤਾ ਜਾ ਰਿਹਾ। ਦੂਜੇ ਪਾਸੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਆਪਣੇ ਪੱਧਰ ਤੇ ਕੈਂਪ ਲਗਾ ਕੇ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਖੇਡ ਜਗਤ ਦੇ ਹਿਤੈਸ਼ੀ ਲੋਕਾਂ ਦੀ ਮੰਗ ਹੈ ਕਿ ਖੇਡ ਵਿਭਾਗ ਪੰਜਾਬ ਵੱਲੋਂ ਜਲਦ ਤੋਂ ਜਲਦ ਗੈਰ-ਰਿਹਾਇਸ਼ੀ ਖੇਡ ਵਿੰਗ ਚਾਲੂ ਕਰਕੇ ਖਿਡਾਰੀਆਂ ਦੇ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਜਾਵੇ।