- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵੱਖ-ਵੱਖ ਕਿਸਾਨਾਂ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਪਿਛਲੇ ਸਾਲ ਜਿੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਡੇਰਾ ਬਾਬਾ ਨਾਨਕ ਤੇ ਕਲਾਨੌਰ ਦੇ ਪਿੰਡਾਂ ’ਚ ਸੱਕੀ ਕਿਰਨ ਨਾਲੇ ਤੇ ਰਾਵੀ ਦਰਿਆ ਦੇ ਪਾਣੀ ਨਾਲ ਕਿਸਾਨਾਂ ਵੱਲੋਂ ਬਿਜਾਈ ਕੀਤੇ ਝੋਨੇ ਦੀ ਫਸਲ ਪ੍ਰਭਾਵਿਤ ਹੋ ਗਈ ਸੀ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਝੋਨੇ ਦੀ ਖੇਤੀ ’ਚ ਮੋਹਰੀ ਰਹਿਣ ਵਾਲੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ’ਚ ਪਿਛਲੇ ਦਿਨਾਂ ਦੌਰਾਨ ਝੋਨੇ ਦੀ ਫ਼ਸਲ ’ਤੇ ਟਿੱਡੇ ਤੋਂ ਇਲਾਵਾ ਝੋਨੇ ਦੀਆਂ ਮੁੰਜਰਾਂ ’ਤੇ ਤੇਲੇ ਦਾ ਹਮਲਾ ਹੋਣ ਉਪਰੰਤ ਕਿਸਾਨਾਂ ਵੱਲੋਂ ਮਹਿੰਗੇ ਭਾਅ ਦੀਆਂ ਦਵਾਈਆਂ ਦੀ ਸਪਰੇਅ ਕਰਕੇ ਉਕਤ ਬਿਮਾਰੀਆਂ ਦੀ ਰੋਕਥਾਮ ਕੀਤੀ ਸੀ ਉੱਥੇ ਹੁਣ ਝੋਨੇ ਦੇ ਬੂਟਿਆਂ ਦੇ ਪੈਰਾਂ ’ਚ ਪੈ ਰਹੇ ਤੇਲੇ ਦੇ ਹਮਲੇ ਕਾਰਨ ਝੋਨੇ ਦੇ ਬੂਟੇ ਕਮਜ਼ੋਰ ਹੋਣ ਕਾਰਨ ਕਿਸਾਨ ਡੂੰਘੀ ਚਿੰਤਾ ’ਚ ਡੁੱਬ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਵੱਖ-ਵੱਖ ਕਿਸਾਨਾਂ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਪਿਛਲੇ ਸਾਲ ਜਿੱਥੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਡੇਰਾ ਬਾਬਾ ਨਾਨਕ ਤੇ ਕਲਾਨੌਰ ਦੇ ਪਿੰਡਾਂ ’ਚ ਸੱਕੀ ਕਿਰਨ ਨਾਲੇ ਤੇ ਰਾਵੀ ਦਰਿਆ ਦੇ ਪਾਣੀ ਨਾਲ ਕਿਸਾਨਾਂ ਵੱਲੋਂ ਬਿਜਾਈ ਕੀਤੇ ਝੋਨੇ ਦੀ ਫਸਲ ਪ੍ਰਭਾਵਿਤ ਹੋ ਗਈ ਸੀ, ਉੱਥੇ ਇਸ ਵਾਰ ਝੋਨੇ ਦੀ ਫਸਲ ’ਤੇ ਪਹਿਲਾਂ ਤੇਲੇ ਤੇ ਟਿੱਡੇ ਦੇ ਹਮਲੇ ਤੋਂ ਬਾਅਦ ਹੁਣ ਝੋਨੇ ਦੇ ਬੂਟਿਆਂ ਦੇ ਪੈਰਾਂ ਤੇ ਹੇਠਲੇ ਤਣਿਆਂ ’ਤੇ ਤੇਲੇ ਦਾ ਹਮਲਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਤੇਲੇ ਦੇ ਹਮਲੇ ਕਾਰਨ ਝੋਨੇ ਦੇ ਤਣੇ ਹੇਠਾਂ ਤੋਂ ਹੌਲੀ-ਹੌਲੀ ਕਮਜ਼ੋਰ ਹੋ ਰਹੇ ਹਨ ਜਿਸ ਕਾਰਨ ਝੋਨੇ ਦੀਆਂ ਮੁੰਜਰਾਂ ਦੇ ਦਾਣੇ ਵੀ ਕਮਜ਼ੋਰ ਪੈ ਰਹੇ ਹਨ। ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦਾ ਝਾੜ ਘੱਟ ਨਿਕਲਣ ਦੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਮਹਿੰਗੇ ਭਾਅ ਦੀਆਂ ਦਵਾਈਆਂ ਦੀਆਂ ਸਪਰੇਆਂ ਕਰਕੇ ਝੋਨੇ ਦੀ ਫਸਲ ਤੇ ਪਏ ਤੇਲੇ ਦੀ ਰੋਕਥਾਮ ਲਈ ਜੱਦੋ ਜਹਿਦ ਵੀ ਕੀਤੀ ਜਾ ਰਹੀ। ਇੱਥੇ ਦੱਸਣਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ’ਚ ਇਸ ਵਾਰ 1 ਲੱਖ 70 ਏਕੜ ਹੈਕਟੇਅਰ ਜ਼ਮੀਨ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਅਗੇਤੀ ਬਾਸਮਤੀ 1509 ਦਾ ਝਾੜ ਤੇ ਰੇਟ ਵਧੀਆ ਹੋਣ ਕਾਰਨ ਕਿਸਾਨਾਂ ਨੂੰ ਰਾਹਤ ਮਿਲੀ ਹੈ, ਪ੍ਰੰਤੂ ਝੋਨੇ ਦੀਆਂ ਕਿਸਮਾਂ ’ਤੇ ਤੇਲੇ ਦਾ ਹਮਲਾ ਹੋਣ ਕਾਰਨ ਕਿਸਾਨਾਂ ਨੂੰ ਝਾੜ ਘੱਟ ਨਿਕਲਣ ਦਾ ਡਰ ਸਤਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫਸਰ ਸਾਹਿਬਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਕੁਝ ਕਿਸਾਨਾਂ ਵੱਲੋਂ ਤੇਲਾ ਪੈਣ ਸਬੰਧੀ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕੇ ਖੇਤੀਬਾੜੀ ਮਾਹਿਰਾਂ ਵੱਲੋਂ ਖੇਤਾਂ ਦਾ ਜਾਇਜ਼ਾ ਲਿਆ ਜਾ ਰਿਹਾ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਮਾਹਿਰਾਂ ਦੀ ਸਲਾਹ ਤੇ ਹੀ ਤੇਲੇ ਦੀ ਰੋਕਥਾਮ ਲਈ ਦਵਾਈਆਂ ਦੀ ਸਪਰੇਅ ਕਰਨ।