ਪਾਣੀ ਦੇ ਸੋਮੇ ਬਚਾਉਣ ਲਈ ਵੱਟਾਂ ’ਤੇ ਕੀਤੀ ਬਾਸਮਤੀ ਦੀ ਸਿੱਧੀ ਬਿਜਾਈ
ਪਾਣੀ ਦੇ ਸੋਮੇ ਨੂੰ ਬਚਾਉਣ ਲਈ ਵੱਟਾਂ 'ਤੇ ਕੀਤੀ ਬਾਸਮਤੀ ਦੀ ਸਿੱਧੀ ਬਿਜਾਈ
Publish Date: Sat, 20 Jun 2026 04:02 PM (IST)
Updated Date: Sat, 20 Jun 2026 04:03 PM (IST)

- ਪਿਛਲੇ 10 ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਦਾ ਆ ਰਿਹੈ ਵਾਤਾਵਰਣ ਪ੍ਰੇਮੀ ਬਲਦੇਵ ਸਿੰਘ ਬਾਜਵਾ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੇ ਉਪਦੇਸ਼ ’ਤੇ ਚੱਲਦਿਆਂ ਪਾਣੀ ਦੇ ਸੋਮੇ ਨੂੰ ਬਚਾਉਣ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਆਪਣੀ ਜ਼ਮੀਨ ਵਿੱਚ ਗੁਰੂ ਨਾਨਕ ਜੰਗਲ ਲਗਾਉਣ ਤੋਂ ਇਲਾਵਾ ਪਿਛਲੇ 10 ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਵਾਤਾਵਰਣ ਪ੍ਰੇਮੀ ਤੇ ‘ਪਾਣੀ ਦੇ ਰਾਖੇ’ ਦਾ ਖਿਤਾਬ ਪ੍ਰਾਪਤ ਬਲਦੇਵ ਸਿੰਘ ਬਾਜਵਾ (ਐੱਸਈ, ਮੰਡੀਕਰਨ ਬੋਰਡ, ਪੰਜਾਬ ਅਤੇ ਪ੍ਰਧਾਨ ਸੁਖਮਨੀ ਸੇਵਾ ਸੁਸਾਇਟੀ) ਨੇ ਆਪਣੀ 6 ਏਕੜ ਜ਼ਮੀਨ ਵਿੱਚ ਵੱਟਾਂ ’ਤੇ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ। ਸ਼ਨਿਚਰਵਾਰ ਨੂੰ ਬਿਜਾਈ ਉਪਰੰਤ ਨਦੀਨਾਂ ਦੇ ਖਾਤਮੇ ਲਈ ਲਾਈਟ ਫੈਨ ਨੋਜ਼ਲਾਂ ਨਾਲ ਸਪਰੇਅ ਕਰਦਿਆਂ ਬਲਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਦਿਨੋਂ-ਦਿਨ ਦੂਸ਼ਿਤ ਹੋ ਰਿਹਾ ਵਾਤਾਵਰਣ ਅਤੇ ਪਾਣੀ ਦਾ ਘੱਟ ਰਿਹਾ ਪੱਧਰ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਹੀ ਮਲਚ ਕਰਦੇ ਆ ਰਹੇ ਹਨ। ਪਿਛਲੇ 10 ਸਾਲਾਂ ਤੋਂ ਐੱਸਆਰਬੀ (ਸਿੱਧੀ ਬਿਜਾਈ) ਵਿਧੀ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ। ਇਸ ਵਾਰ ਜੰਗ ਇੰਨਵਾਈਟਿਵ ਫਾਰਮਰ ਗਰੁੱਪ ਅਤੇ ਗਰਾਊਂਡ ਕਲਾਸ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਨਾਲ ਚਾਰ ਜੂਨ ਨੂੰ ਐੱਸਆਰਬੀ ਵਿਧੀ ਤਹਿਤ ਵੱਟਾਂ ਬਣਾ ਕੇ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਾਢੇ ਛੇ ਕਿਲੋ ਪ੍ਰਤੀ ਏਕੜ ਦੀ ਦਰ ਨਾਲ ਡ੍ਰਿਲ ਮਸ਼ੀਨ ਰਾਹੀਂ ਬਿਜਾਈ ਕੀਤੀ ਗਈ। ਬਾਸਮਤੀ ਦੇ ਬੂਟੇ ਵਧੀਆ ਉੱਗਣ ਮਗਰੋਂ ਨਦੀਨਾਂ ਦੀ ਰੋਕਥਾਮ ਲਈ ਲਾਈਟ ਫੈਨ ਨੋਜ਼ਲਾਂ ਨਾਲ ਸਪਰੇਅ ਕੀਤੀ ਗਈ, ਜਿਸ ਨਾਲ ਨਦੀਨ ਜੜ੍ਹੋਂ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵੱਟਾਂ ’ਤੇ ਝੋਨਾ ਲਗਾਉਣ ਨਾਲ ਖੇਤ ਵਿੱਚ ਪਾਣੀ ਭਰ ਕੇ ਕੱਦੂ ਕਰਨ (ਪਰੰਪਰਾਗਤ ਵਿਧੀ) ਦੌਰਾਨ ਬਰਬਾਦ ਹੋਣ ਵਾਲੇ ਪਾਣੀ ਤੋਂ ਇਲਾਵਾ ਝੋਨੇ ਦੀ ਬਿਜਾਈ ਤੱਕ 70 ਫ਼ੀਸਦੀ ਪਾਣੀ ਦੀ ਬਚਤ ਹੁੰਦੀ ਹੈ। ਨਾਲ ਹੀ ਝੋਨੇ ਦੀ ਲਵਾਈ (4500 ਤੋਂ 5000 ਰੁਪਏ ਪ੍ਰਤੀ ਏਕੜ) ਅਤੇ ਪਨੀਰੀ ਦੀ ਬਿਜਾਈ ਤੋਂ ਵੀ ਰਾਹਤ ਮਿਲਦੀ ਹੈ। ਝਾੜ ਦੇ ਮਾਮਲੇ ਵਿੱਚ ਸਿੱਧੀ ਬਿਜਾਈ ਕੱਦੂ ਵਿਧੀ ਦੇ ਬਰਾਬਰ ਹੀ ਨਿਕਲਦੀ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਸ਼ੁੱਧ ਬਣਾਉਣ ਦੇ ਮਨੋਰਥ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਆਪਣੇ ਖੇਤਾਂ ਵਿੱਚ ਗੁਰੂ ਨਾਨਕ ਜੰਗਲ ਵੀ ਲਗਾਇਆ ਹੋਇਆ ਹੈ, ਜਿੱਥੇ ਦਰਜਨਾਂ ਕਿਸਮਾਂ ਦੇ ਪੁਰਾਤਨ, ਫਲਦਾਰ, ਫੁੱਲਦਾਰ ਅਤੇ ਦਵਾਈਆਂ ਵਾਲੇ ਬੂਟੇ ਹਨ, ਜਿਨ੍ਹਾਂ ਤੇ ਪੰਛੀਆਂ ਨੇ ਆਪਣਾ ਰਹਿਣ-ਬਸੇਰਾ ਬਣਾਇਆ ਹੋਇਆ ਹੈ। ‘ਭਾਈ ਘੱਨ੍ਹਈਆ’ ਖਿਤਾਬ ਨਾਲ ਸਨਮਾਨਿਤ ਵਾਤਾਵਰਣ ਪ੍ਰੇਮੀ ਤੇ ਪਾਣੀ ਦੇ ਰਾਖੇ ਬਲਦੇਵ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਤੱਕ ਝੋਨੇ ਅਤੇ ਕਣਕ ਦੀ ਬਿਜਾਈ ਦਾ ਬਦਲ ਨਹੀਂ ਲੱਭਦਾ, ਕਿਸਾਨਾਂ ਨੂੰ ਸਿੱਧੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਹ ਆਉਣ ਵਾਲੇ ਦਿਨਾਂ ਵਿੱਚ ਆਪਣੀ ਜ਼ਮੀਨ ਵਿੱਚ ਸਫੈਦੇ ਦਾ ਜੰਗਲ ਵੀ ਲਗਾਉਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਟ੍ਰਿਪਲ ਜ਼ੀਰੋ ਸੀਡਿੰਗ ਵਿਧੀ ਤਹਿਤ ਝੋਨੇ ਦੀ ਕਟਾਈ ਦੌਰਾਨ ਹੀ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਸੀ, ਜਿਸ ਦਾ ਝਾੜ ਬਹੁਤ ਵਧੀਆ ਨਿਕਲਿਆ। ਉਨ੍ਹਾਂ ਕਿਹਾ ਕਿ ਖੇਤੀ ਖਰਚੇ ਘਟਾਉਣ ਅਤੇ ਪਾਣੀ ਦੇ ਸੋਮੇ ਨੂੰ ਬਚਾਉਣ ਲਈ ਝੋਨੇ ਅਤੇ ਕਣਕ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।