UBDC ਨਹਿਰ ਟੁੱਟਣ ਕਾਰਨ ਮਚੀ ਤਬਾਹੀ: ਸਠਿਆਲੀ ਹੈੱਡ ਵਰਕਸ ਨੇੜੇ ਪਿਆ 100 ਫੁੱਟ ਚੌੜਾ ਪਾੜ; ਖੇਤ ਤੇ ਘਰ ਡੁੱਬੇ, ਹੜ੍ਹ ਵਰਗੇ ਹਾਲਾਤ
ਕਾਹਨੂੰਵਾਨ ਨੇੜੇ ਸਥਿਤ ਸਠਿਆਲੀ ਹੈੱਡ ਵਰਕਸ ਕੋਲ ਅੱਪਰਬਾਰੀ ਦੁਆਬ ਨਹਿਰ (ਯੂਬੀਡੀਸੀ) ਵਿੱਚ ਕਰੀਬ 100 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਆਲੇ-ਦੁਆਲੇ ਦੇ ਖੇਤਰ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ। ਅੱਧੀ ਰਾਤ ਕਰੀਬ ਤਿੰਨ ਵਜੇ ਵਾਪਰੀ ਇਸ ਘਟਨਾ ਨਾਲ ਸੈਂਕੜੇ ਏਕੜ ਖੇਤੀਬਾੜੀ ਜ਼ਮੀਨ, ਰਿਹਾਇਸ਼ੀ ਇਲਾਕੇ ਅਤੇ ਪਿੰਡਾਂ ਦੀਆਂ ਗਲੀਆਂ ਪਾਣੀ ਹੇਠ ਆ ਗਈਆਂ। ਲੋਕਾਂ ਅਨੁਸਾਰ ਕੁਝ ਹੀ ਘੰਟਿਆਂ ਵਿੱਚ ਕਈ ਥਾਵਾਂ ’ਤੇ ਤਿੰਨ ਫੁੱਟ ਤੱਕ ਪਾਣੀ ਖੜ੍ਹ ਗਿਆ, ਜਿਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ।
Publish Date: Tue, 23 Jun 2026 10:05 AM (IST)
Updated Date: Tue, 23 Jun 2026 10:06 AM (IST)

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ - ਕਾਹਨੂੰਵਾਨ ਨੇੜੇ ਸਥਿਤ ਸਠਿਆਲੀ ਹੈੱਡ ਵਰਕਸ ਕੋਲ ਅੱਪਰਬਾਰੀ ਦੁਆਬ ਨਹਿਰ (ਯੂਬੀਡੀਸੀ) ਵਿੱਚ ਕਰੀਬ 100 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਆਲੇ-ਦੁਆਲੇ ਦੇ ਖੇਤਰ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ। ਅੱਧੀ ਰਾਤ ਕਰੀਬ ਤਿੰਨ ਵਜੇ ਵਾਪਰੀ ਇਸ ਘਟਨਾ ਨਾਲ ਸੈਂਕੜੇ ਏਕੜ ਖੇਤੀਬਾੜੀ ਜ਼ਮੀਨ, ਰਿਹਾਇਸ਼ੀ ਇਲਾਕੇ ਅਤੇ ਪਿੰਡਾਂ ਦੀਆਂ ਗਲੀਆਂ ਪਾਣੀ ਹੇਠ ਆ ਗਈਆਂ। ਲੋਕਾਂ ਅਨੁਸਾਰ ਕੁਝ ਹੀ ਘੰਟਿਆਂ ਵਿੱਚ ਕਈ ਥਾਵਾਂ ’ਤੇ ਤਿੰਨ ਫੁੱਟ ਤੱਕ ਪਾਣੀ ਖੜ੍ਹ ਗਿਆ, ਜਿਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਨਹਿਰ ਵਿੱਚ ਪਾਣੀ ਦਾ ਵਹਾਅ ਅਚਾਨਕ ਵਧ ਗਿਆ, ਜਿਸ ਕਾਰਨ ਸਠਿਆਲੀ ਹੈੱਡ ਵਰਕਸ ਨੇੜੇ ਨਹਿਰ ਦਾ ਕਿਨਾਰਾ ਖੁਰਣਾ ਸ਼ੁਰੂ ਹੋ ਗਿਆ। ਕੱਚਾ ਕਿਨਾਰਾ ਪਾਣੀ ਦਾ ਦਬਾਅ ਨਾ ਝੱਲ ਸਕਿਆ ਅਤੇ ਪਾੜ ਵਧਦੇ-ਵਧਦੇ ਕਰੀਬ 100 ਫੁੱਟ ਤੱਕ ਫੈਲ ਗਿਆ। ਇਸ ਤੋਂ ਬਾਅਦ ਨਹਿਰ ਦਾ ਪਾਣੀ ਤੇਜ਼ੀ ਨਾਲ ਖੇਤਾਂ ਅਤੇ ਘਰਾਂ ਵਿੱਚ ਦਾਖਲ ਹੋ ਗਿਆ।
ਪਾੜ ਕਾਰਨ ਝੋਨੇ ਦੀ ਨਵੀਂ ਲਗਾਈ ਫ਼ਸਲ ਪਾਣੀ ਹੇਠ ਆ ਗਈ। ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਫ਼ਸਲ ਲਗਭਗ ਤਬਾਹ ਹੋ ਚੁੱਕੀ ਹੈ ਅਤੇ ਇਸ ਮੌਸਮ ਵਿੱਚ ਮੁੜ ਪਨੀਰੀ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੈ। ਉਧਰ, ਕਈ ਘਰਾਂ ਵਿੱਚ ਪਾਣੀ ਦਾਖਲ ਹੋਣ ਨਾਲ ਕਣਕ, ਰਾਸ਼ਨ ਅਤੇ ਹੋਰ ਘਰੇਲੂ ਸਮਾਨ ਖਰਾਬ ਹੋ ਗਿਆ।
ਲੋਕਾਂ ਨੇ ਖੁਦ ਸੰਭਾਲਿਆ ਮੋਰਚਾ
ਸੁਰਜੀਤ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਲੋਕ ਜਾਗੇ ਤਾਂ ਘਰਾਂ ਅਤੇ ਗਲੀਆਂ ਵਿੱਚ ਪਾਣੀ ਭਰਿਆ ਹੋਇਆ ਸੀ। ਬਾਅਦ ਵਿੱਚ ਪਿੰਡ ਵਾਸੀਆਂ ਨੇ ਖੁਦ ਮਿੱਟੀ ਦੀਆਂ ਬੋਰੀਆਂ ਤਿਆਰ ਕਰਕੇ ਪਾੜ ਬੰਦ ਕਰਨ ਵਿੱਚ ਸਹਿਯੋਗ ਦਿੱਤਾ।
ਨਹਿਰੀ ਵਿਭਾਗ ਵੱਲੋਂ ਭਰਿਆ ਜਾ ਰਿਹਾ ਪਾੜ
ਨਹਿਰੀ ਵਿਭਾਗ ਦੇ ਸਥਾਨਕ ਐਕਸੀਅਨ ਵਿਸ਼ਾਲ ਮਹਿਤਾ ਨੇ ਹੋਰ ਕਿਹਾ ਕਿ ਨਹਿਰ ਕਿਨਾਰੇ ਚੂਹਿਆਂ ਵੱਲੋਂ ਖੁੱਡਾਂ ਬਣਾਈਆ੍ਂ ਗਈਆਂ ਸਨ। ਜਿਸ ਕਾਰਨ ਕਿਨਾਰਾ ਕਮਜ਼ੋਰ ਹੋ ਗਿਆ ਸੀ ਜੋ ਪਾਣੀ ਦਾ ਮਾਰ ਨਾ ਝੱਲ ਸਕਿਆ ਅਤੇ ਟੁੱਟ ਗਿਆ। ਵਿਭਾਗ ਵੱਲੋਂ ਪੋਕਲੇਨ ਮਸ਼ੀਨਾਂ ਅਤੇ ਹੋਰ ਸਾਧਨਾਂ ਦੀ ਮਦਦ ਨਾਲ ਮੁਰੰਮਤ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਰਾਤ ਤੱਕ ਪਾੜ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
3 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ
ਮਾਧੋਪੁਰ ਹੈੱਡ ਵਰਕਸ ਦੇ ਐਕਸੀਅਨ ਕੁਮਾਰ ਨੇ ਦੱਸਿਆ ਕਿ ਨਹਿਰ ਵਿੱਚ ਕਰੀਬ 3 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ। ਪਾੜ ਪੈਣ ਤੋਂ ਬਾਅਦ ਵਿਭਾਗ ਨੇ ਤੁਰੰਤ ਮੁਰੰਮਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।