- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਨੇਤਾ ਵੱਲੋਂ ਪੰਜਾਬੀਆਂ ਪ੍ਰਤੀ ਅਪਮਾਨਜਨਕ ਟਿੱਪਣੀ ਕਰਨ ਦੇ ਵਿਰੋਧ ਵਿੱਚ ਕਾਂਗਰਸੀਆਂ ਨੇ ਕੀਤਾ ਪ੍ਰਦਰਸ਼ਨ

- ਪੰਜਾਬੀ ਭਾਈਚਾਰਾ ਇਸ ਗਲਤੀ ਲਈ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗਾ : ਐਡਵੋਕੇਟ ਪਾਹੜਾ
- ਸ਼ਹਿਰ ਦੇ ਜਹਾਜ਼ ਚੌਕ ’ਚ ਭਾਜਪਾ ਆਗੂ ਦਾ ਸਾੜਿਆ ਪੁਤਲਾ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵੱਲੋਂ ਪੰਜਾਬੀ ਭਾਈਚਾਰੇ ਨੂੰ ਲੈ ਕੇ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਵਿਰੋਧ ਵਿੱਚ ਜ਼ਿਲ੍ਹਾ ਕਾਂਗਰਸ ਵੱਲੋਂ ਪ੍ਰਧਾਨ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਅਗਵਾਈ ਵਿੱਚ ਜਹਾਜ਼ ਚੌਕ ਗੁਰਦਾਸਪੁਰ ਵਿਖੇ ਭਾਜਪਾ ਨੇਤਾ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ।
ਇਸ ਮੌਕੇ ਐਡਵੋਕੇਟ ਪਾਹੜਾ ਨੇ ਕਿਹਾ ਕਿ ਜਤਿੰਦਰ ਮਲਹੋਤਰਾ ਨੇ ਪੰਜਾਬੀ ਭਾਈਚਾਰੇ ਨੂੰ 'ਇਮੋਸ਼ਨਲ ਬਲੱਡੀ ਫੂਲ' ਕਹਿ ਕੇ ਸਮੁੱਚੀ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਵੱਖ-ਵੱਖ ਥਾਂਵਾਂ 'ਤੇ ਰੋਸ ਪ੍ਰਦਰਸ਼ਨਾਂ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸੇ ਲੜੀ ਵਿੱਚ ਗੁਰਦਾਸਪੁਰ ਦੇ ਹਨੂਮਾਨ ਚੌਕ ਵਿੱਚ ਭਾਜਪਾ ਨੇਤਾ ਦਾ ਪੁਤਲਾ ਸਾੜ ਕੇ ਰੋਸ ਜ਼ਾਹਰ ਕੀਤਾ ਗਿਆ। ਪਾਹੜਾ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਦਲੇਰੀ ਅਤੇ ਦਿਆਲੂਤਾ ਦੀ ਮਿਸਾਲ ਪੂਰੀ ਦੁਨੀਆ ਦੇ ਲੋਕ ਦਿੰਦੇ ਹਨ, ਪਰ ਨਾ ਤਾਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਨਾ ਹੀ ਭਾਜਪਾ ਆਗੂ ਇਸ ਭਾਈਚਾਰੇ ਨੂੰ ਸਮਝ ਸਕੇ ਹਨ। ਇਹੀ ਕਾਰਨ ਹੈ ਕਿ ਭਾਜਪਾ ਨੇਤਾ ਵੱਲੋਂ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਗਈ ਹੈ, ਜਿਸ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਇਸ ਗਲਤੀ ਲਈ ਉਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ।
ਇਸ ਮੌਕੇ ਪਾਹੜਾ ਨੇ ਕਿਹਾ ਕਿ ਜਿਨ੍ਹਾਂ ਪੰਜਾਬੀਆਂ ਨੂੰ ਭਾਜਪਾ ਆਗੂ ‘ਇਮੋਸ਼ਨਲ ਬਲੱਡੀ ਫੂਲ’ ਦੱਸ ਰਹੇ ਹਨ, ਉਹ ਦੇਸ਼ 'ਤੇ ਵੱਡੀ ਤੋਂ ਵੱਡੀ ਮੁਸ਼ਕਲ ਆਉਣ 'ਤੇ ਸਭ ਤੋਂ ਅੱਗੇ ਖੜ੍ਹੇ ਰਹਿੰਦੇ ਹਨ। ਪੰਜਾਬੀ ਭਾਈਚਾਰੇ ਦੇ ਲੋਕ ਨਾ ਸਿਰਫ਼ ਦੇਸ਼ ਦੀ ਰੱਖਿਆ ਕਰਨ ਵਿੱਚ ਅਗਲੇ ਪਾਸੇ ਰਹਿੰਦੇ ਹਨ, ਸਗੋਂ ਦੇਸ਼ ਦੇ ਅੰਦਰ ਵੀ ਕੋਈ ਮੁਸ਼ਕਲ ਆਉਣ 'ਤੇ ਸਭ ਤੋਂ ਪਹਿਲਾਂ ਉੱਥੇ ਪਹੁੰਚ ਕੇ ਲੋਕਾਂ ਦੀ ਸਹਾਇਤਾ ਕਰਦੇ ਹਨ। ਭਾਜਪਾ ਆਗੂਆਂ ਨੂੰ ਅਜਿਹੀਆਂ ਗੱਲਾਂ ਬੋਲਣ ਤੋਂ ਪਹਿਲਾਂ ਪੰਜਾਬੀਆਂ ਦੇ ਇਤਿਹਾਸ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।