- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦਾਸਪੁਰ ਵਿੱਚ ਕਾਂਗਰਸ ਦੀ ਵੱਡੀ ਜਿੱਤ, ਦੀਨਾਨਗਰ ’ਚ ਫਸਵੇਂ ਮੁਕਾਬਲੇ ਵਿੱਚ ਕਾਂਗਰਸ ਮੋਹਰੀ

--ਨਗਰ ਕੌਂਸਲ ਚੋਣਾਂ--
- ਸੱਤਾਧਾਰੀ ‘ਆਪ’ ਦੇ ਪੱਲੇ ਪਈ ਨਿਰਾਸ਼ਾ, ਲੋਕਾਂ ਨੇ ਲਾਈ ਕੰਮਾਂ ’ਤੇ ਮੋਹਰ : ਵਿਧਾਇਕ ਪਾਹੜਾ
- ਅਕਾਲੀ ਦਲ ਅਤੇ ਭਾਜਪਾ ਗੁਰਦਾਸਪੁਰ ’ਚ ਖਾਲੀ ਹੱਥ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੀਆਂ 2 ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਅੱਜ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਜਦੋਂਕਿ ਮੁੱਖ ਵਿਰੋਧੀ ਕਾਂਗਰਸ ਨੇ ਇਸ ਵਾਰ ਆਪਣੀ ਸ਼ਾਨਦਾਰ ਜਿੱਤ ਹਾਸਲ ਕੀਤੀ। ਕਾਂਗਰਸ ਨੇ ਗੁਰਦਾਸਪੁਰ ਅਤੇ ਦੀਨਾਨਗਰ ਨਗਰ ਕੌਂਸਲਾਂ ਵਿੱਚ ਆਪਣਾ ਸ਼ਾਸਨ ਕਾਇਮ ਕਰਨ ਦਾ ਰਾਹ ਪੱਧਰਾ ਕਰ ਲਿਆ ਹੈ। ਨਗਰ ਕੌਂਸਲ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇੱਥੇ 29 ਵਾਰਡਾਂ ਉੱਤੇ ਕਾਂਗਰਸ ਅਤੇ ‘ਆਪ’ ਦੇ ਉਮੀਦਵਾਰਾਂ ਵਿਚਾਲੇ ਸਖਤ ਮੁਕਾਬਲਾ ਸੀ। ਇਸੇ ਤਰ੍ਹਾਂ ਨਗਰ ਕੌਂਸਲ ਦੀਨਾਨਗਰ ਵਿੱਚ ਵੀ ‘ਆਪ’ ਅਤੇ ਕਾਂਗਰਸ ਦਾ ਵੱਕਾਰ ਦਾਅ ’ਤੇ ਲੱਗਾ ਹੋਇਆ ਸੀ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੰਨਾਂ ਕੌਂਸਲਾ ਦੇ ਚੋਣ ਨਤੀਜੇ ਹੋਰ ਵੀ ਅਹਿਮ ਬਣ ਗਏ ਸਨ। ਇਹੋ ਕਾਰਨ ਹੈ ਕਿ ਆਪ ਅਤੇ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਪਿਛਲੇ 10 ਦਿਨ ਚੋਣ ਪ੍ਰਚਾਰ ਵਿੱਚ ਪੂਰਾ ਜ਼ੋਰ ਲਗਾਇਆ ਗਿਆ। ਅੱਜ ਸ਼ਾਮ 4 ਵਜੇ ਮਤਦਾਨ ਪ੍ਰਕਿਰਿਆ ਖਤਮ ਹੋਣ ਦੇ ਤੁਰੰਤ ਬਾਅਦ ਵੱਖ-ਵੱਖ ਬੂਥਾਂ ਤੇ ਵੋਟਾਂ ਦੀ ਗਿਣਤੀ ਵੀ ਸ਼ੁਰੂ ਕਰ ਦਿੱਤੀ ਗਈ। ਈਵੀਐੱਮ ਦੀ ਵਰਤੋਂ ਹੋਣ ਕਾਰਨ ਅੱਧੇ ਘੰਟੇ ਵਿੱਚ ਹੀ ਨਤੀਜੇ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ।
ਗੁਰਦਾਸਪੁਰ ’ਚ ਕਾਂਗਰਸ ਨੂੰ ਭਾਰੀ ਬਹੁਮਤ : ਗੁਰਦਾਸਪੁਰ ਨਗਰ ਕੌਂਸਲ ਦੀਆਂ 29 ਵਾਰਡਾਂ ਵਿੱਚੋਂ ਕਾਂਗਰਸ ਨੇ ਲਗਭਗ ਇੱਕ ਤਰਫਾ ਜਿੱਤ ਹਾਸਲ ਕੀਤੀ। ਕਾਂਗਰਸ ਵੱਲੋਂ ਕੁੱਲ 23 ਵਾਰਡਾਂ ਤੇ ਜਿੱਤ ਹਾਸਲ ਕੀਤੀ ਗਈ। 5 ਸੀਟਾਂ ਆਮ ਆਦਮੀ ਪਾਰਟੀ ਜਿੱਤਣ ਵਿੱਚ ਕਾਮਯਾਬ ਰਹੀ ਜਦੋਂਕਿ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ। ਚੋਣ ਨਜੀਤਿਆਂ ਦਾ ਖਾਸੀਅਤ ਇਹ ਰਹੀ ਕਿ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਪਰਿਵਾਰ ਦੇ ਸਾਰੇ ਹੀ ਉਮੀਦਵਾਰ ਵੱਡੇ ਫਰਕ ਨਾਲ ਚੋਣ ਜਿੱਤਣ ਵਿੱਚ ਕਾਮਯਾਬ ਰਹੇ। ਵਾਰਡ ਨੰਬਰ 3 ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਛੋਟੇ ਭਰਾ ਬਲਜੀਤ ਸਿੰਘ ਪਾਹੜਾ ਚੋਣ ਜਿੱਤਣ ਵਿੱਚ ਸਫਲ ਰਹੇ। ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਪਾਹੜਾ 2021 ਵਿੱਚ ਵੀ ਚੋਣ ਜਿੱਤੇ ਸਨ ਅਤੇ ਇਸ ਮਗਰੋਂ ਉਹ ਲਗਾਤਾਰ 5 ਸਾਲ ਗੁਰਦਾਸਪੁਰ ਕੌਂਸਲ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ ਵਿਧਾਇਕ ਦੀ ਤਾਈ ਵਾਰਡ ਨੰਬਰ 8 ਤੋਂ ਗੁਰਵੰਤ ਕੌਰ ਵੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ। ਇੰਨਾਂ ਤੋਂ ਇਲਾਵਾ ਵਾਰਡ ਨੰਬਰ 1 ਤੋਂ ਵਿਜੇ ਕੁਮਾਰ 48 ਵੋਟਾਂ ਨਾਲ ਜਿੱਤੇ। ਵਾਰਡ ਨੰਬਰ 5 ਤੋਂ ਕਾਂਗਰਸ ਦੇ ਉਮੀਦਵਾਰ ਪਰਮਿੰਦਰ ਸਿੰਘ 77 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 25 ਤੋਂ ਕਾਂਗਰਸ ਦੇ ਨਕੁਲ ਮਹਾਜਨ, ਵਾਰਡ ਨੰਬਰ 15 ਤੋਂ ਵਰਿੰਦਰ ਕੁਮਾਰ ਬਿੰਦੀ, ਵਾਰਡ ਨੰਬਰ 7 ਤੋਂ ਕਾਂਗਰਸ ਦੇ ਪ੍ਰਿੰਸ ਚੋਣ ਜਿੱਤਣ ਵਿੱਚ ਕਾਮਯਾਬ ਰਹੇ। ਵਾਰਡ ਨੰਬਰ 23 ਤੋਂ ਕਾਂਗਰਸ ਦੇ ਰਜਨੀਸ਼ ਕੌਸ਼ਲ 12 ਵੋਟਾਂ ਨਾਲ ਚੋਣ ਜਿੱਤੇ। ਵਾਰਡ ਨੰਬਰ 16 ਤੋਂ ਸੁਨੀਤਾ ਸ਼ਰਮਾ ਅਤੇ ਵਾਰਡ ਨੰਬਰ 17 ਤੋਂ ਵਰੁਣ ਸ਼ਰਮਾ ਨੇ ਦੂਸਰੀ ਵਾਰ ਜਿੱਤ ਹਾਸਲ ਕੀਤੀ। ਇੰਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਿਰਫ 5 ਸੀਟਾਂ ਹੀ ਜਿੱਤ ਸਕੀ। ਇੰਨਾਂ ਵਿੱਚ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਯੋਗੇਸ਼ ਕੁਮਾਰ, ਵਾਰਡ ਨੰਬਰ 22 ਤੋਂ ਆਪ ਦੀ ਆਸ਼ਾ ਰਾਣੀ ਵੀ ਜੇਤੂ ਰਹੀ। ਵਾਰਡ ਨੰਬਰ 19 ਵਿੱਚ ਉਸ ਸਮੇਂ ਹੋਇਆ ਜਦੋਂ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਪਹਿਲੇ ਬੂਥ ਵਿੱਚ ਕਾਂਗਰਸ ਉਮੀਦਵਾਰ ਸੰਜੀਵ ਕੁਮਾਰ ਬਾਂਟੂ ਦੇ ਹੱਕ ਵਿੱਤ ਨਜੀਤਾ ਐਲਾਨਿਆ ਗਿਆ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਭਾਸਕਰ ਵੱਲੋਂ ਇਤਰਾਜ ਜਤਾਇਆ ਗਿਆ ਕਿ ਉਸ ਦੀ ਗੈਰ ਹਾਜ਼ਰੀ ਵਿੱਚ ਗਿਣਤੀ ਹੋਈ ਹੈ। ਹਾਲਾਂਕਿ ਉਸਦਾ ਪੋਲਿੰਗ ਏਜੰਟ ਬੂਥ ਦੇ ਅੰਦਰ ਹੀ ਸੀ। ਹੰਗਾਮਾ ਜ਼ਿਆਦਾ ਵਧਿਆ ਤਾਂ ਮੌਕੇ ’ਤੇ ਐੱਸਪੀ, ਐੱਸਐੱਸਪੀ ਅਤੇ ਐੱਸਡੀਐੱਮ ਤੱਕ ਉੱਥੇ ਪਹੁੰਚੇ ਅਤੇ ਹਾਲਾਤ ਕਾਬੂ ਹੇਠ ਕੀਤੇ। ਉੱਥੇ ਹੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਇਸ ਜਿੱਤ ਨੂੰ ਉਨ੍ਹਾਂ ਵੱਲੋਂ ਕਰਵਾਏ ਗਏ ਵਿਕਾਸ ਦੇ ਕੰਮਾਂ ਨੂੰ ਦੱਸਿਆ ਹੈ। ਇਸ ਦੌਰਾਨ ਉਨ੍ਹਾਂ ਸ਼ਹਿਰ ਦੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਸ਼ਹਿਰ ਦੇ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।
-----
- ਦੀਨਾਨਗਰ ਵਿੱਚ ਕਾਂਗਰਸ ‘ਆਪ’ ਤੋਂ 7-6 ਨਾਲ ਜਿੱਤੀ
ਨਗਰ ਕੌਂਸਲ ਦੀਨਾਨਗਰ ਵਿੱਚ ਮੁਕਾਬਲਾ ਬੇਹੱਦ ਫਸਵਾਂ ਰਿਹਾ। ਇੱਥੇ ਕਾਂਗਰਸ ਦੀ ਵਿਧਾਇਕਾਂ ਅਤੇ ਸਾਬਕਾ ਮੰਤਰੀ ਅਰੁਨਾ ਚੌਧਰੀ ਦਾ ਵੱਕਾਰ ਦਾਅ ਤੇ ਲੱਗਾ ਹੋਇਆ ਸੀ। ਇਹੋ ਕਾਰਨ ਹੈ ਕਿ ਉਨ੍ਹਾਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਚੋਣ ਪ੍ਰਚਾਰ ਲਈ ਬੁਲਾਇਆ ਗਿਆ ਸੀ। ਦੂਜੇ ਪੇਸੇ ਆਪ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਲਈ ਵੀ ਇਹ ਪ੍ਰੀਖਿਆ ਦਾ ਘੜੀ ਸੀ। ਅੱਜ ਆਏ ਚੋਣ ਨਤੀਜਿਆਂ ਵਿੱਚ ਕਾਂਗਰਸ 7 ਵਾਰਡਾਂ ਤੇ ਜਿੱਤਣ ਵਿੱਚ ਕਾਮਯਾਬ ਰਹੀ। ਇਸ ਦੇ ਮੁਕਾਬਲੇ ਆਮ ਆਦਮੀ ਪਾਰਟੀ ਨੇ 6 ਸੀਟਾਂ ਜਿੱਤੀਆਂ। ਇੱਕ ਵਾਰਡ ਤੇ ਭਾਜਪਾ ਉਮੀਦਵਾਰ ਜੇਤੂ ਰਿਹਾ। ਜ਼ਿਕਰਯੋਗ ਹੈ ਕਿ ਦੀਨਾਨਗਰ ਵਿੱਚ ਕਾਂਗਰਸ ਦੀ ਹੀ ਵਿਧਾਇਕ ਹੈ ਜਿਸ ਕਾਰਨ ਇਸ ਕੌਂਸਲ ਤੇ ਵੀ ਕਾਂਗਰਸ ਵੱਲੋਂ ਦੁਬਾਰਾ ਪ੍ਰਧਾਨ ਬਣਾਉਣ ਦਾ ਰਾਹ ਸਾਫ ਹੋ ਗਿਆ ਹੈ।
ਦੀਨਾਨਗਰ ਦੇ ਵਾਰਡ ਨੰਬਰ 6 ਦੇ ਬੂਥ ਨੰਬਰ 9 ਵਿੱਚ ਅਚਾਨਕ ਈਵੀਐੱਮ ਮਸ਼ੀਨ ਵਿੱਚ ਖਰਾਬੀ ਪੈਣ ਕਰ ਕੇ ਵੋਟਾਂ ਦੀ ਨਤੀਜਾ ਘੋਸ਼ਿਤ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਪਹਿਲਾਂ ਸਵੇਰ ਵੇਲੇ ਕੁਝ ਹੀ ਵੋਟਿੰਗ ਹੋਣ ਉਪਰੰਤ ਮਸ਼ੀਨ ਖਰਾਬ ਹੋ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਨਵੀਂ ਮਸ਼ੀਨ ਲਾ ਦਿੱਤੀ ਗਈ ਸੀ। ਜਦੋਂ ਸ਼ਾਮ ਨੂੰ ਦੋਵਾਂ ਦੀ ਵੋਟਾਂ ਦੀ ਗਿਣਤੀ ਮਿਲਾਉਣ ਉਪਰੰਤ ਨਤੀਜਾ ਘੋਸ਼ਿਤ ਕਰਨਾ ਸੀ ਤਾਂ ਪਹਿਲੀ ਮਸ਼ੀਨ ਦੀ ਡਿਸਪਲੇ ਖ਼ਰਾਬ ਹੋਣ ਕਰ ਕੇ ਵੋਟਾਂ ਦੀ ਗਿਣਤੀ ਨਹੀਂ ਹੋ ਸਕੀ। ਜਿਸ ਕਾਰਨ ਪੋਲਿੰਗ ਸਟਾਫ ਬਿਨਾਂ ਗਿਣਤੀ ਕੀਤੇ ਮਸ਼ੀਨਾਂ ਲੈ ਕੇ ਗੁਰਦਾਸਪੁਰ ਚਲਾ ਗਿਆ। ਹੁਣ ਇਸ ਵਾਰਡ ਵਿੱਚ ਦੁਬਾਰਾ ਤੋਂ ਵੋਟਿੰਗ ਕਰਵਾਈ ਜਾਵੇਗੀ।
-----
- ਸ਼ਾਂਤੀ ਪੂਰਵਕ ਹੋਇਆ ਮਤਦਾਨ
ਅੱਜ ਸਵੇਰੇ ਤਿੰਨਾਂ ਨਗਰ ਕੌਂਸਲਾਂ ਲਈ ਮਤਦਾਨ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਦੁਪਹਿਰ ਬਾਅਦ 4 ਵਜੇ ਤੱਕ ਜਾਰੀ ਰਹੀ। ਈਵੀਐੱਮ ਰਾਹੀਂ ਵੋਟਾਂ ਪਈਆਂ। ਅੱਜ ਮੌਸਮ ਕੁਝ ਠੰਢਾ ਹੋਣ ਦੇ ਬਾਵਜੂਦ ਗੁਰਦਾਸਪੁਰ ਵਿੱਚ ਮਤਦਾਨ ਫ਼ੀਸਦੀ ਸਭ ਤੋਂ ਘੱਟ ਰਹੀ। ਸਵੇਰੇ 10 ਵਜੇ ਤੱਕ ਗੁਰਦਾਸਪੁਰ ਵਿੱਚ 15.1 ਫ਼ੀਸਦੀ ਵੋਟਾਂ ਪਈਆਂ। ਦੁਪਹਿਰ 12 ਵਜੇ ਤੱਕ ਮਤਦਾਨ ਫ਼ੀਸਦੀ 30.3 ਤੱਰ ਪਹੁੰਚ ਗਿਆ। ਦੁਪਹਿਰ 2 ਵਜੇ ਤੱਕ 36.90 ਫ਼ੀਸਦੀ ਮਤਦਾਨ ਹੋਇਆ। ਚਾਰ ਵਜੇ ਤੱਕ ਕੁੱਲ ਮਤਦਾਨ ਫ਼ੀਸਦੀ 50.90 ਰਿਹਾ। ਇਸੇ ਤਰ੍ਹਾਂ ਦੀਨਾਨਗਰ ਵਿੱਚ 10 ਵਜੇ ਤੱਕ 15.38, 12 ਵਜੇ ਤੱਕ 32.41, 2 ਵਜੇ ਤੱਕ 47. 33 ਅਤੇ 4 ਵਜੇ ਤੱਕ 57 ਫ਼ੀਸਦੀ ਮਤਦਾਨ ਹੋਇਆ। ਕਾਦੀਆਂ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ। ਇੱਥੇ 10 ਵਜੇ ਤੱਕ 16.16 ਫ਼ੀਸਦੀ, 12 ਵਜੇ ਤੱਕ 31.85, 2 ਵਜੇ ਤੱਕ 47.33 ਅਤੇ 4 ਵਜੇ ਤੱਕ 77.27 ਫ਼ੀਸਦੀ ਮਤਦਾਨ ਹੋਇਆ।