- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਬੀਐੱਲਓ ਯੂਨੀਅਨ ਦੇ ਆਗੂਆਂ ਨਾਲ ਵਿਸ਼ੇਸ਼ ਮੁਲਾਕਾਤ

ਸਰਬਜੀਤ ਚਾਹਲ, ਪੰਜਾਬੀ ਜਾਗਰਣ
ਗੁਰਦਾਸਪੁਰ : ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ ਅਤੇ ਡਿਪਟੀ ਸੀਈਓ ਨਵਨੀਤ ਕੌਰ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਬੀਐੱਲਓ ਯੂਨੀਅਨ ਦੇ ਆਗੂਆਂ ਨਾਲ ਚਾਰ ਘੰਟੇ ਵਿਸਥਾਰਤ ਮੁਲਾਕਾਤ ਕਰਕੇ ਜ਼ਮੀਨੀ ਪੱਧਰ ਦੀਆਂ ਅਸਲ ਹਕੀਕਤਾਂ ਅਤੇ ਐੱਸਆਈਆਰ (ਵਿਸ਼ੇਸ਼ ਸੁਧਾਈ) ਕਾਰਜ ਸਬੰਧੀ ਡੂੰਘਾਈ ਨਾਲ ਗੱਲਬਾਤ ਕੀਤੀ। ਇਸ ਮੌਕੇ ਚੋਣ ਕਮਿਸ਼ਨ ਵੱਲੋਂ ਆਯੋਜਿਤ ਪ੍ਰੋਗਰਾਮ ਦੀ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਅਧਿਕਾਰੀਆਂ ਨੇ ਮੌਜੂਦ ਬੀਐੱਲਓ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਵੀ ਕੀਤਾ। ਇਸ ਮੌਕੇ ਸਟੇਟ ਆਗੂ ਕੁਲਦੀਪ ਸਿੰਘ ਬੱਡੂਵਾਲ ਨੇ ਦੱਸਿਆ ਕਿ ਪੰਜਾਬ ਦੇ ਲਗਭਗ 24,500 ਬੀਐੱਲਓਜ਼ ਵੱਲੋਂ ਪੂਰੀ ਮਿਹਨਤ ਨਾਲ 85 ਫ਼ੀਸਦੀ ਪ੍ਰੀ-ਮੈਪਿੰਗ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ, ਜਿਸ 'ਤੇ ਸੀਈਓ ਮੈਡਮ ਵੱਲੋਂ ਉਨ੍ਹਾਂ ਦਾ ਹੌਸਲਾ ਵਧਾਉਂਦਿਆਂ ਧੰਨਵਾਦ ਕੀਤਾ ਗਿਆ। ਇਸ ਸਮੇਂ ਯੂਨੀਅਨ ਵੱਲੋਂ ਵੱਖ-ਵੱਖ ਮੰਗਾਂ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਵਿੱਚ ਵਿਸ਼ੇਸ਼ ਮਾਣਭੱਤਾ, ਪੈਂਤੀ ਵਿਭਾਗ ਤੋਂ ਪੂਰਨ ਛੁੱਟੀ (ਫਾਰਗੀ), ਐੱਸਆਈਆਰ ਕਾਰਜ ਨੂੰ ਸੌਖਾ ਅਤੇ ਦਬਾਅ ਰਹਿਤ ਬਣਾਉਣ, ਬੀਐੱਲਓ ਨੂੰ ਮੋਬਾਈਲ ਤੇ ਹੋਰ ਲੁੜੀਂਦੇ ਉਪਕਰਨ ਮੁਹੱਈਆ ਕਰਵਾਉਣ, ਈਵੀਜੀ ਛੁੱਟੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ, ਛੁੱਟੀਆਂ ਦੌਰਾਨ ਮੋਬਾਈਲ ਭੱਤਾ, ਛੁੱਟੀਆਂ ਦੌਰਾਨ ਕੀਤੇ ਕੰਮ ਪ੍ਰਤੀ ਕਮਾਈ ਛੁੱਟੀ ਅਤੇ ਤਬਾਦਲਿਆਂ ’ਤੇ ਰੋਕ ਹਟਾਉਣ ਵਰਗੀਆਂ ਮੰਗਾਂ ਸ਼ਾਮਲ ਸਨ।
ਇਸ ਮੌਕੇ ਹਾਜ਼ਰ ਬੀਐੱਲਓ ਆਗੂਆਂ ਵੱਲੋਂ ਆਪਣੇ-ਆਪਣੇ ਜ਼ਿਲ੍ਹਿਆਂ ਦੇ ਸਮੂਹ ਸਾਥੀਆਂ ਨੂੰ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਨ ਅਤੇ 25 ਜੂਨ ਤੋਂ ਸ਼ੁਰੂ ਹੋਣ ਵਾਲੇ ਐੱਸਆਈਆਰ ਕੰਮ ਸਬੰਧੀ ਜ਼ਮੀਨੀ ਪੱਧਰ ਤੋਂ ਫੀਡਬੈਕ ਪ੍ਰਾਪਤ ਕਰਕੇ ਸਟੇਟ ਕਮੇਟੀ ਰਾਹੀਂ ਮੁੱਖ ਦਫ਼ਤਰ ਨੂੰ ਸੁਝਾਅ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ, ਤਾਂ ਜੋ ਇਸ ਬਹੁਤ ਜ਼ਿੰਮੇਵਾਰੀ ਵਾਲੇ ਕਾਰਜ ਨੂੰ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਸੌਖੇ ਅਤੇ ਦਬਾਅ ਰਹਿਤ ਮਾਹੌਲ ਵਿੱਚ ਮੁਕੰਮਲ ਕੀਤਾ ਜਾ ਸਕੇ। ਯੂਨੀਅਨ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਚੱਲ ਰਹੇ ਕਾਰਜਾਂ ਸਮੇਂ ਮੁੱਖ ਦਫ਼ਤਰ ਚੰਡੀਗੜ੍ਹ ਨਾਲ ਤਾਲਮੇਲ ਬਣਾਈ ਰੱਖਦਿਆਂ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ। ਬੀਐੱਲਓ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਲਿਖਤੀ ਪੱਤਰ ਪ੍ਰਦਾਨ ਕਰਦਿਆਂ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ (ਲੁਧਿਆਣਾ), ਬਲਜੀਤ ਸਿੰਘ (ਅੰਮ੍ਰਿਤਸਰ ਸਾਹਿਬ), ਕਿਰਪਾਲ ਸਿੰਘ (ਫਿਰੋਜ਼ਪੁਰ), ਸਰਬਜੀਤ ਸਿੰਘ (ਗੁਰਦਾਸਪੁਰ), ਨਵਦੀਪ ਸਿੰਘ ਸੁੱਖੀ (ਮੁਕਤਸਰ), ਹਰਜਿੰਦਰ ਸਿੰਘ (ਫਾਜ਼ਿਲਕਾ) ਅਤੇ ਗੁਰਮੁੱਖ ਸਿੰਘ ਸਮੇਤ ਹੋਰ ਸਾਥੀ ਵੀ ਮੌਜੂਦ ਸਨ।