- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਦੌਰਾਨ ਸ਼ੁੱਕਰਵਾਰ ਸਵੇਰੇ ਲੋਕਾਂ ਨਾਲ ਭਰੀ ਇੱਕ ਕਿਸ਼ਤੀ ਸੰਤੁਲਨ ਵਿਗੜਨ ਕਾਰਨ ਪਲਟ ਗਈ। ਹਾਲਾਂਕਿ ਦਰਿਆ ਵਿੱਚ ਪਾਣੀ ਘੱਟ ਹੋਣ ਕਰਕੇ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਵੱਡਾ ਹਾਦਸਾ ਟਲ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਰਾਵੀ 'ਤੇ ਪੱਕਾ ਪੁਲ ਬਣਾਉਣ ਦੀ ਮੰਗ ਇੱਕ ਵਾਰ ਫਿਰ ਜ਼ੋਰਦਾਰ ਢੰਗ ਨਾਲ ਉਠਾਈ ਹੈ।

ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ: ਮੌਨਸੂਨ ਕਾਰਨ ਰਾਵੀ ਦਰਿਆ 'ਤੇ ਮਕੌੜਾ ਪੱਤਣ ਵਿਖੇ ਬਣਾਇਆ ਗਿਆ ਆਰਜ਼ੀ ਪੁਲ ਹਟਾਏ ਜਾਣ ਨਾਲ ਦਰਿਆ ਪਾਰ ਵਸਦੇ ਸੱਤ ਪਿੰਡਾਂ ਦੇ ਲੋਕਾਂ ਦਾ ਜ਼ਿਲ੍ਹੇ ਨਾਲ ਸਿੱਧਾ ਸੰਪਰਕ ਇੱਕ ਵਾਰ ਫਿਰ ਟੁੱਟ ਗਿਆ ਹੈ। ਇਸੇ ਦੌਰਾਨ ਸ਼ੁੱਕਰਵਾਰ ਸਵੇਰੇ ਲੋਕਾਂ ਨਾਲ ਭਰੀ ਇੱਕ ਕਿਸ਼ਤੀ ਸੰਤੁਲਨ ਵਿਗੜਨ ਕਾਰਨ ਪਲਟ ਗਈ। ਹਾਲਾਂਕਿ ਦਰਿਆ ਵਿੱਚ ਪਾਣੀ ਘੱਟ ਹੋਣ ਕਰਕੇ ਸਾਰੀਆਂ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਵੱਡਾ ਹਾਦਸਾ ਟਲ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਰਾਵੀ 'ਤੇ ਪੱਕਾ ਪੁਲ ਬਣਾਉਣ ਦੀ ਮੰਗ ਇੱਕ ਵਾਰ ਫਿਰ ਜ਼ੋਰਦਾਰ ਢੰਗ ਨਾਲ ਉਠਾਈ ਹੈ।
ਕਿਸ਼ਤੀ ਪਲਟੀ, ਜਾਨੀ ਨੁਕਸਾਨ ਤੋਂ ਬਚਾਅ
ਸਵੇਰੇ ਕਰੀਬ ਸੱਤ ਵਜੇ ਛੋਟੀ ਕਿਸ਼ਤੀ ਰਾਹੀਂ ਲੋਕ ਦਰਿਆ ਪਾਰ ਕਰ ਰਹੇ ਸਨ। ਸਮਰੱਥਾ ਤੋਂ ਵੱਧ ਸਵਾਰੀਆਂ ਬੈਠਣ ਕਾਰਨ ਕਿਨਾਰੇ ਤੋਂ ਕੁਝ ਦੂਰੀ 'ਤੇ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲਟ ਗਈ। ਮਲਾਹ ਨਛੱਤਰ ਸਿੰਘ ਨੇ ਦੱਸਿਆ ਕਿ ਕਿਸ਼ਤੀ ਵਿੱਚ ਪੰਜ ਤੋਂ ਸੱਤ ਲੋਕ ਹੀ ਸੁਰੱਖਿਅਤ ਸਫ਼ਰ ਕਰ ਸਕਦੇ ਹਨ, ਪਰ ਮਜ਼ਬੂਰੀ ਵਿੱਚ ਵੱਧ ਲੋਕ ਸਵਾਰ ਹੋ ਗਏ ਸਨ। ਪਾਣੀ ਘੱਟ ਹੋਣ ਕਾਰਨ ਸਾਰੀਆਂ ਸਵਾਰੀਆਂ ਸੁਰੱਖਿਅਤ ਬਾਹਰ ਨਿਕਲ ਆਈਆਂ।
ਅੱਠ ਹਜ਼ਾਰ ਲੋਕਾਂ ਲਈ ਕਿਸ਼ਤੀ ਹੀ ਸਹਾਰਾ
ਆਰਜ਼ੀ ਪੁਲ ਹਟਣ ਨਾਲ ਭਰਿਆਲ, ਚੇਬੇ, ਤੂਰਬਾਨੀ, ਮੰਮੀ ਚੱਕਰੰਗਾ, ਕੂਕਰ, ਕਜਲੇ ਅਤੇ ਲਸਿਆਨ ਸਮੇਤ ਸੱਤ ਪਿੰਡਾਂ ਦੇ ਕਰੀਬ ਅੱਠ ਹਜ਼ਾਰ ਵਸਨੀਕਾਂ ਲਈ ਕਿਸ਼ਤੀ ਹੀ ਆਵਾਜਾਈ ਦਾ ਇੱਕੋ-ਇੱਕ ਸਾਧਨ ਰਹਿ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੌਰਾਨ ਇਹੀ ਹਾਲਾਤ ਬਣਦੇ ਹਨ ਅਤੇ ਪੱਕੇ ਪੁਲ ਦੀ ਮੰਗ ਸਿਰਫ਼ ਚੋਣੀ ਵਾਅਦਿਆਂ ਤੱਕ ਹੀ ਸੀਮਤ ਰਹਿ ਜਾਂਦੀ ਹੈ।
ਸਰਪੰਚਾਂ ਦੀ ਚਿਤਾਵਨੀ
ਦਰਿਆ ਪਾਰ ਦੇ ਪਿੰਡਾਂ ਦੇ ਸਰਪੰਚ ਪਹਿਲਾਂ ਹੀ ਸਰਕਾਰ ਨੂੰ ਚਿਤਾਵਨੀ ਦੇ ਚੁੱਕੇ ਹਨ ਕਿ ਜੇਕਰ ਸਥਾਈ ਪੁਲ ਬਣਾਉਣ ਲਈ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਉਹ ਨੈਸ਼ਨਲ ਹਾਈਵੇ ਜਾਮ ਕਰਨ ਅਤੇ ਆਉਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਲੋਕਾਂ ਦੀ ਜਾਨ ਖ਼ਤਰੇ ਵਿੱਚ ਪੈਂਦੀ ਹੈ, ਪਰ ਸਰਕਾਰਾਂ ਸਥਾਈ ਹੱਲ ਨਹੀਂ ਕਰਦੀਆਂ।
ਪ੍ਰਸ਼ਾਸਨ ਦਾ ਦਾਅਵਾ
ਨਹਿਰੀ ਵਿਭਾਗ ਦੇ ਐੱਸਡੀਓ ਪਰਮਬੀਰ ਸਿੰਘ ਨੇ ਕਿਹਾ ਕਿ ਮੌਨਸੂਨ ਅਤੇ ਸੰਭਾਵੀ ਹੜ੍ਹ ਨਾਲ ਨਜਿੱਠਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ। ਪਿਛਲੇ ਸਾਲ ਨੁਕਸਾਨੇ ਗਏ ਅਤੇ ਕਮਜ਼ੋਰ ਕੰਢਿਆਂ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।