ਸੇਵਾ ਤੇ ਸਿਮਰਨ ਕਰਨ ਨਾਲ ਸਾਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ : ਸੰਤ ਤ੍ਰਿਲੋਚਨ ਦਾਸ
ਸੇਵਾ ਅਤੇ ਸਿਮਰਨ ਕਰਨ ਨਾਲ ਸਾਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ : ਸੰਤ ਤ੍ਰਿਲੋਚਨ ਦਾਸ ਜੀ
Publish Date: Sun, 21 Jun 2026 07:27 PM (IST)
Updated Date: Sun, 21 Jun 2026 07:30 PM (IST)

ਸ਼ਾਮ ਤਿਵਾੜੀ/ਰਾਜਨ ਤੇ੍ਰਹਨ, ਪੰਜਾਬੀ ਜਾਗਰਣ ਬਟਾਲਾ : ਪੂਰਨ ਗੁਰੂ ਦੀ ਪ੍ਰਾਪਤੀ ਬਹੁਤ ਚੰਗੇ ਕਰਮਾਂ ਨਾਲ ਹੁੰਦੀ ਹੈ ਅਤੇ ਅਸੀਂ ਪੂਰਨ ਗੁਰੂ ਅਤੇ ਸੰਤ ਦੇ ਪਿੱਛੇ ਚੱਲ ਕੇ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਇਨ੍ਹਾਂ ਪ੍ਰਵਚਨਾਂ ਦਾ ਪ੍ਰਗਟਾਵਾ ਸੰਤ ਤ੍ਰਿਲੋਚਨ ਦਾਸ ਜੀ ਮਹਾਰਾਜ ਨੇ ਸੱਚਖੰਡ ਨਾਨਕਧਾਮ ਬਟਾਲਾ ਵਿਖੇ ਕਰਵਾਏ ਗਏ ਸਤਿਸੰਗ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਹਰ ਰੋਜ ਗੁਰੂ ਘਰ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਸੇਵਾ ਅਤੇ ਸਿਮਰਨ ਕਰਨ ਨਾਲ ਹੀ ਸਾਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਨੇ ਕਿਹਾ ਕਿ ਗੁਰੂ ਦੇ ਚਰਨਾਂ ਨੂੰ ਫੜ ਕੇ ਬੈਠ ਜਾਓ, ਉਹ ਆਪਣੇ ਆਪ ਹੀ ਤੁਹਾਡਾ ਬੇੜਾ ਪਾਰ ਕਰ ਦੇਣਗੇ। ਆਪਣੇ ਆਪ ’ਚ ਸੰਕਲਪ ਕਰਕੇ ਹੀ ਅਸੀਂ ਸਭ ਕੁਝ ਕਰ ਸਕਦੇ ਹਾਂ। ਸੰਕਲਪ ਕਰਨ ਨਾਲ ਹੀ ਅਸੀਂ ਆਪਣੇ ਜੀਵਨ ’ਚ ਸਫਲ ਹੋ ਸਕਦੇ ਹਾਂ ਅਤੇ ਜੀਵਨ ਦੇ ਆਪਣੇ ਸਾਰੇ ਟੀਚੇ ਪ੍ਰਾਪਤ ਕਰ ਸਕਦੇ ਹਾਂ। ਸੰਤ ਤਿ੍ਰਲੋਚਨ ਦਾਸ ਜੀ ਨੇ ਸਤਿਸੰਗ ਵਿਚ ਕਿਹਾ ਕਿ ਸਾਨੂੰ ਹਮੇਸਾ ਆਪਣੇ ਗੁਰੂ ਦਾ ਕਹਿਣਾ ਮੰਨਣਾ ਚਾਹੀਦਾ ਹੈ, ਅਜਿਹਾ ਕਰਨ ਨਾਲ ਜਿਥੇ ਗੁਰੂ ਦੀ ਕਿਰਪਾ ਸਾਡੇ ‘ਤੇ ਬਣੀ ਰਹਿੰਦੀ ਹੈ, ਉੱਥੇ ਨਾਲ ਹੀ ਅਸੀਂ ਜੋ ਵੀ ਮੰਗਦੇ ਹਾਂ, ਉਹ ਸਾਨੂੰ ਮਿਲ ਜਾਂਦਾ ਹੈ। ਮਹਾਰਾਜ ਜੀ ਨੇ ਦੱਸਿਆ ਕਿ ਚੰਗੇ ਕਰਮਾਂ ਤੋਂ ਬਿਨਾਂ ਸਤਿਸੰਗ ਨਹੀਂ ਮਿਲਦਾ, ਤੁਹਾਡੇ ਚੰਗੇ ਕੰਮਾਂ ਕਰਕੇ ਹੀ ਤੁਹਾਨੂੰ ਸਤਿਸੰਗ ਅਤੇ ਕੀਰਤਨ ਦਾ ਪ੍ਰਸਾਦ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕਥਾ ਸਭ ਤੋਂ ਉੱਪਰ ਹੈ, ਜਿਸ ਨੂੰ ਸੁਣਨ ਨਾਲ ਕਈ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ। ਮਹਾਰਾਜ ਨੇ ਸਤਿਸੰਗ ਵਿੱਚ ਕਿਹਾ ਕਿ ਅਸੀਂ ਸਾਰੇ ਇੱਕ ਪ੍ਰਮਾਤਮਾ ਦੇ ਬੱਚੇ ਹਾਂ ਅਤੇ ਸਾਰਿਆਂ ਦਾ ਇੱਕ ਹੀ ਪ੍ਰਮਾਤਮਾ ਹੈ। ਮਹਾਰਾਜ ਜੀ ਨੇ ਸਤਿਸੰਗ ਵਿੱਚ ਨਾਮ ਦੀ ਮਹੱਤਤਾ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਨਾਮ ਜਪਨ ਅਤੇ ਨਾਮ ਦਾ ਜਾਪ ਕਰਨ ਨਾਲ ਹਰ ਚੀਜ਼ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਨੇ ਇਹ ਵੀ ਦੱਸਿਆ ਕਿ ਸਾਨੂੰ ਬਾਹਰੋਂ ਨਹੀਂ ਸਗੋਂ ਅੰਦਰੋਂ ਗੁਰੂ ਅਤੇ ਪ੍ਰਮਾਤਮਾ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਣਾ ਚਾਹੀਦਾ ਹੈ ਨਾ ਕਿ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ। ਉਨ੍ਹਾਂ ਦੱਸਿਆ ਕਿ ਪਰਮਾਤਮਾ ਨੂੰ ਅੰਦਰੋਂ ਯਾਦ ਕਰਨ ਅਤੇ ਅੰਦਰੋਂ ਜੁੜਨ ਦਾ ਆਨੰਦ ਹੀ ਕੁਝ ਹੋਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਘਰ ਤੋਂ ਬਾਹਰ ਨਿਕਲ ਕੇ ਵੀ ਆਪਣੇ ਗੁਰੂ ਅਤੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਸੰਸਾਰ ਵਿੱਚ ਉਨ੍ਹਾਂ ਦੀ ਸਿਫਤ-ਸਾਲਾਹ ਕਰਨੀ ਚਾਹੀਦੀ ਹੈ।