'ਸਰਹੱਦ ਦੇ ਰਾਖੇ ਬਣੇ ਅੰਨਦਾਤਾ ਦੇ ਸਾਥੀ', ਕੰਡਿਆਲੀ ਤਾਰ ਪਾਰ ਅੱਤ ਦੀ ਗਰਮੀ 'ਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਝੋਨਾ ਲਵਾ ਰਹੇ ਨੇ BSF ਦੇ ਜਵਾਨ
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ’ਤੇ ਹੈ। ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਿੱਚ ਖੇਤੀ ਕਰ ਰਹੇ ਕਿਸਾਨਾਂ ਨੂੰ ਇਸ ਵਾਰ ਵੀ ਬੀਐੱਸਐੱਫ ਦੇ ਜਵਾਨਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਅੱਤ ਦੀ ਗਰਮੀ ਦੇ ਬਾਵਜੂਦ ਬੀਐੱਸਐੱਫ ਦੇ ਜਵਾਨ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਝੋਨੇ ਦੀ ਬਿਜਾਈ ਕਰਵਾ ਰਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਨ।
Publish Date: Tue, 23 Jun 2026 09:55 AM (IST)
Updated Date: Tue, 23 Jun 2026 09:56 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ’ਤੇ ਹੈ। ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਿੱਚ ਖੇਤੀ ਕਰ ਰਹੇ ਕਿਸਾਨਾਂ ਨੂੰ ਇਸ ਵਾਰ ਵੀ ਬੀਐੱਸਐੱਫ ਦੇ ਜਵਾਨਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਅੱਤ ਦੀ ਗਰਮੀ ਦੇ ਬਾਵਜੂਦ ਬੀਐੱਸਐੱਫ ਦੇ ਜਵਾਨ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਝੋਨੇ ਦੀ ਬਿਜਾਈ ਕਰਵਾ ਰਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਪਹਿਲੀ ਜੂਨ ਤੋਂ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਿੱਚ ਝੋਨੇ ਦੀ ਲਵਾਈ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਵਿੱਚ ਕਿਸਾਨ ਝੋਨੇ ਦੀ ਲਵਾਈ ਵਿੱਚ ਰੁੱਝੇ ਹੋਏ ਹਨ। ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਕਰੀਬ 136 ਕਿਲੋਮੀਟਰ ਲੰਬੀ ਸਰਹੱਦ ’ਤੇ ਜਵਾਨ ਕਿਸਾਨਾਂ ਨੂੰ ਲਗਾਤਾਰ ਸੁਰੱਖਿਆ ਕਵਚ ਮੁਹੱਈਆ ਕਰਵਾ ਰਹੇ ਹਨ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਰਾਵੀ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਕੰਡਿਆਲੀ ਤਾਰ ਤੋਂ ਪਾਰ ਬੀਜੀਆਂ ਝੋਨੇ ਅਤੇ ਬਾਸਮਤੀ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਸਨ, ਜਿਸ ਕਾਰਨ ਕਿਸਾਨਾਂ ਅਤੇ ਬੀਐੱਸਐੱਫ ਦੋਵਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਚੰਗੀ ਫ਼ਸਲ ਦੀ ਉਮੀਦ ਨਾਲ ਕਿਸਾਨ ਮੁੜ ਖੇਤਾਂ ਵਿੱਚ ਉਤਰੇ ਹਨ।
ਚੰਦੂ ਵਡਾਲਾ, ਕਮਾਲਪੁਰ ਜੱਟਾਂ, ਚੌੜਾ, ਰੋਸਾ, ਪਕੀਵਾਂ, ਪੀਰੋ ਪਿੰਡੀ, ਮੇਤਲਾ, ਮੋਮਣਪੁਰ, ਸਾਧਾਂਵਾਲੀ, ਘਣੀਆਂ ਬੇਟ ਅਤੇ ਨੰਗਲੀ ਸਮੇਤ ਕਈ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਖੇਤਾਂ ਵਿੱਚ ਪਨੀਰੀ ਵਿਧੀ ਰਾਹੀਂ ਝੋਨੇ ਦੀ ਲਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਜਵਾਨਾਂ ਦੀ ਮੌਜੂਦਗੀ ਕਾਰਨ ਉਹ ਬਿਨਾਂ ਕਿਸੇ ਡਰ ਦੇ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਹਨ।
ਕਿਸਾਨਾਂ ਅਤੇ ਮਜ਼ਦੂਰਾਂ ਦੀ ਸਖ਼ਤ ਜਾਂਚ ਮਗਰੋਂ ਮਿਲਦੀ ਹੈ ਐਂਟਰੀ
ਕਿਸਾਨਾਂ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਜਾਣ ਵਾਲੇ ਮਜ਼ਦੂਰਾਂ ਲਈ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਪਹਿਲਾਂ ਹੀ ਸਬੰਧਤ ਬੀਓਪੀ ਵਿੱਚ ਜਮ੍ਹਾਂ ਕਰਵਾਉਣੇ ਪੈਂਦੇ ਹਨ। ਕਈ ਗੇਟਾਂ ’ਤੇ ਬਾਇਓਮੈਟ੍ਰਿਕ ਪ੍ਰਣਾਲੀ ਰਾਹੀਂ ਹਾਜ਼ਰੀ ਲਗਾ ਕੇ ਹੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲਦੀ ਹੈ। ਬੀਐੱਸਐੱਫ ਦੇ ਜਵਾਨ ਅਤੇ ਮਹਿਲਾ ਕਾਂਸਟੇਬਲ ਪੁਰਸ਼ਾਂ ਅਤੇ ਮਹਿਲਾਵਾਂ ਦੀ ਵੱਖ-ਵੱਖ ਜਾਂਚ ਕਰਦੇ ਹਨ, ਜਦਕਿ ਖੋਜੀ ਕੁੱਤਿਆਂ ਦੀ ਮਦਦ ਨਾਲ ਟਰੈਕਟਰਾਂ, ਪਨੀਰੀ ਅਤੇ ਹੋਰ ਸਾਮਾਨ ਦੀ ਵੀ ਬਰੀਕੀ ਨਾਲ ਤਲਾਸ਼ੀ ਲਈ ਜਾਂਦੀ ਹੈ।
ਸਰਹੱਦੀ ਲੋਕਾਂ ਲਈ ਵੀ ਚਲਾਏ ਜਾਂਦੇ ਹਨ ਭਲਾਈ ਪ੍ਰੋਗਰਾਮ
ਕਿਸਾਨਾਂ ਨੇ ਕਿਹਾ ਕਿ ਬੀਐੱਸਐੱਫ ਨਾ ਸਿਰਫ਼ ਸੁਰੱਖਿਆ ਮੁਹੱਈਆ ਕਰਵਾਉਂਦੀ ਹੈ, ਸਗੋਂ ਸਰਹੱਦੀ ਪਿੰਡਾਂ ਵਿੱਚ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਮੈਡੀਕਲ ਕੈਂਪ, ਸਕੂਲਾਂ ਲਈ ਸਹੂਲਤਾਂ ਅਤੇ ਨੌਜਵਾਨਾਂ ਨੂੰ ਫ਼ੌਜ ਵਿੱਚ ਭਰਤੀ ਲਈ ਸਿਖਲਾਈ ਵੀ ਪ੍ਰਦਾਨ ਕਰਦੀ ਹੈ। ਇਸ ਕਾਰਨ ਸਰਹੱਦੀ ਖੇਤਰ ਦੇ ਲੋਕਾਂ ਅਤੇ ਬੀਐੱਸਐੱਫ ਵਿਚਕਾਰ ਚੰਗਾ ਤਾਲਮੇਲ ਬਣਿਆ ਹੋਇਆ ਹੈ।
ਪਿਛਲੇ ਸਾਲ ਹੜ੍ਹਾਂ ਨੇ ਤੋੜੀ ਸੀ ਕਿਸਾਨਾਂ ਦੀ ਉਮੀਦ
ਰਾਵੀ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਪਿਛਲੇ ਸਾਲ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਿੱਚ ਬੀਜੀਆਂ ਝੋਨੇ ਅਤੇ ਬਾਸਮਤੀ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ। ਇਸ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਸੀ। ਇਸ ਵਾਰ ਕਿਸਾਨਾਂ ਨੂੰ ਉਮੀਦ ਹੈ ਕਿ ਮੌਸਮ ਸਾਥ ਦੇਵੇਗਾ ਅਤੇ ਉਨ੍ਹਾਂ ਦੀ ਮਿਹਨਤ ਰੰਗ ਲਿਆਏਗੀ।