- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਚਾਰ ਸਾਲ ਤੋਂ ਬੇਲਰ ਚਲਾ ਰਹੇ ਜਸਕਰਨ ਸਿੰਘ ਭੰਗੂ ਨੇ ਦੱਸਿਆ ਕਿ ਇਸ ਵਾਰ ਗੱਠਾਂ ਬਣਾਉਣ ਦਾ ਖਰਚਾ ਕਾਫ਼ੀ ਵਧ ਗਿਆ ਹੈ। ਗੱਠਾਂ ਲਈ ਵਰਤਿਆ ਜਾਣ ਵਾਲਾ ਧਾਗਾ ਪਿਛਲੇ ਸਮੇਂ 150 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 305 ਰੁਪਏ ਹੋ ਗਿਆ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਝੋਨੇ ਦੀ ਕਟਾਈ ਸ਼ੁਰੂ ਹੁੰਦਿਆਂ ਹੀ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿਚ ਪਰਾਲੀ ਦੀਆਂ ਗੱਠਾਂ ਬਣਾਉਣ ਦਾ ਕੰਮ ਤੇਜ਼ ਹੋ ਗਿਆ ਹੈ। ਇਸ ਵਾਰ 280 ਤੋਂ ਵੱਧ ਬੇਲਰਾਂ ਰਾਹੀਂ ਪਰਾਲੀ ਦੀਆਂ ਗੱਠਾਂ ਬਣਾਈਆਂ ਜਾ ਰਹੀਆਂ ਹਨ। ਬੇਲਰ ਮਾਲਕਾਂ ਮੁਤਾਬਕ ਇਸ ਰੁਝਾਨ ਨਾਲ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿਚ ਕਮੀ ਆ ਸਕਦੀ ਹੈ।
ਪਿਛਲੇ ਚਾਰ ਸਾਲ ਤੋਂ ਬੇਲਰ ਚਲਾ ਰਹੇ ਜਸਕਰਨ ਸਿੰਘ ਭੰਗੂ ਨੇ ਦੱਸਿਆ ਕਿ ਇਸ ਵਾਰ ਗੱਠਾਂ ਬਣਾਉਣ ਦਾ ਖਰਚਾ ਕਾਫ਼ੀ ਵਧ ਗਿਆ ਹੈ। ਗੱਠਾਂ ਲਈ ਵਰਤਿਆ ਜਾਣ ਵਾਲਾ ਧਾਗਾ ਪਿਛਲੇ ਸਮੇਂ 150 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ 305 ਰੁਪਏ ਹੋ ਗਿਆ ਹੈ। ਡੀਜ਼ਲ ਦੀ ਕੀਮਤ 88 ਤੋਂ ਵਧ ਕੇ 95 ਰੁਪਏ ਪ੍ਰਤੀ ਲੀਟਰ ਹੋ ਗਈ, ਜਦਕਿ ਪ੍ਰਤੀ ਗੱਠ ਬਣਾਉਣ ਦੀ ਮਜ਼ਦੂਰੀ ਛੇ ਤੋਂ ਵਧ ਕੇ ਅੱਠ ਰੁਪਏ ਹੋ ਗਈ ਹੈ। ਡਰਾਈਵਰਾਂ ਤੇ ਲੇਬਰ ਦੇ ਖਰਚੇ ਵੀ ਵਧੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪਰਾਲੀ ਦੀਆਂ ਗੱਠਾਂ ਦਾ ਰੇਟ 315 ਰੁਪਏ ਪ੍ਰਤੀ ਕੁਇੰਟਲ ਸੀ, ਜੋ ਇਸ ਵਾਰ 325 ਰੁਪਏ ਹੈ।
ਜਸਕਰਨ ਸਿੰਘ ਨੇ ਦੱਸਿਆ ਕਿ ਇਸ ਵਾਰ ਇਕ ਏਕੜ ਵਿਚੋਂ ਕਰੀਬ 100 ਗੱਠਾਂ ਤਿਆਰ ਹੋ ਰਹੀਆਂ ਹਨ। ਇਕ ਗੱਠ ਦਾ ਭਾਰ 20 ਤੋਂ 25 ਕਿਲੋ ਹੈ ਅਤੇ ਪ੍ਰਤੀ ਏਕੜ ਕਰੀਬ 20 ਕੁਇੰਟਲ ਪਰਾਲੀ ਨਿਕਲ ਰਹੀ ਹੈ। ਉਨ੍ਹਾਂ ਕਿਹਾ ਕਿ ਬੇਲਰਾਂ ਰਾਹੀਂ ਪਰਾਲੀ ਦੀ ਸਾਂਭ-ਸੰਭਾਲ ਨਾਲ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਬਚਣ ਦਾ ਬਦਲ ਮਿਲ ਰਿਹਾ ਹੈ।
1600 ਖੇਤੀ ਸੰਦ ਸਬਸਿਡੀ ’ਤੇ ਦਿੱਤੇ
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਸ਼ਹਿਬਾਜ਼ ਸਿੰਘ ਚੀਮਾ ਨੇ ਦੱਸਿਆ ਕਿ ਗੁਰਦਾਸਪੁਰ ਵਿਚ ਇਸ ਵਾਰ 1.70 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਹੈ। ਪਰਾਲੀ ਪ੍ਰਬੰਧਨ ਲਈ ਕਰੀਬ 1600 ਖੇਤੀ ਸੰਦ ਸਬਸਿਡੀ ’ਤੇ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਵਿਚ ਕਰੀਬ 280 ਬੇਲਰਾਂ ਤੋਂ ਇਲਾਵਾ ਰੈਕਰ, ਚੌਪਰ ਤੇ ਸੁਪਰ ਸੀਡਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ ’ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਬੇਲਰ ਮਾਲਕਾਂ ਅਤੇ ਪਰਾਲੀ ਖਰੀਦਣ ਵਾਲੀ ਇੰਡਸਟਰੀ ਦੇ ਨੁਮਾਇੰਦਿਆਂ ਨਾਲ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਲਮੇਲ ਕੀਤਾ ਜਾ ਰਿਹਾ ਹੈ।