- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹਾਇਕ ਕਮਿਸ਼ਨਰ (ਜ) ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਲੋਕ ਭਲਾਈ ਕਾਰਜਾਂ ਦੀ ਕੀਤੀ ਸ਼ਲਾਘਾ

- ਹਰ ਸੰਭਵ ਪ੍ਰਸ਼ਾਸਨਿਕ ਸਹਿਯੋਗ ਦਾ ਦਿੱਤਾ ਭਰੋਸਾ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਕੌਮਾਂਤਰੀ ਨਸ਼ਾ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਦੇ ਮੌਕੇ ’ਤੇ ਸਹਾਇਕ ਕਮਿਸ਼ਨਰ (ਜਨਰਲ) ਗੁਰਦਾਸਪੁਰ ਕੁਲਦੀਪ ਚੰਦ, ਪੀਸੀਐੱਸ ਨੇ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਗੁਰਦਾਸਪੁਰ ਦਾ ਦੌਰਾ ਕੀਤਾ। ਇਸ ਮੌਕੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿੱਥੇ ਸਹਾਇਕ ਕਮਿਸ਼ਨਰ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਕੌਂਸਲ ਵੱਲੋਂ ਰਾਸ਼ਟਰੀ ਪੁਰਸਕਾਰ ਜੇਤੂ ਅਤੇ ਆਨਰੇਰੀ ਸਕੱਤਰ ਰੋਮੇਸ਼ ਮਹਾਜਨ ਦੀ ਦੂਰਦਰਸ਼ੀ ਅਗਵਾਈ ਹੇਠ ਚਲਾਏ ਜਾ ਰਹੇ ਵੱਖ-ਵੱਖ ਲੋਕ ਭਲਾਈ ਅਤੇ ਬਾਲ ਭਲਾਈ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ। ਸਹਾਇਕ ਕਮਿਸ਼ਨਰ ਨੇ ਬਾਲ ਭਵਨ ਵਿਖੇ ਕੰਪਿਊਟਰ ਅਤੇ ਬਿਊਟੀਸ਼ੀਅਨ ਟ੍ਰੇਨਿੰਗ ਸੈਂਟਰ, ਆਧੁਨਿਕ ਬੱਚਿਆਂ ਦੀ ਲਾਇਬ੍ਰੇਰੀ, ਕ੍ਰੇਚ ਸੈਂਟਰ, ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਸਜ਼ਾਯਾਫ਼ਤਾ ਔਰਤਾਂ ਦੇ ਬੱਚਿਆਂ ਲਈ ਕ੍ਰੇਚ ਸੈਂਟਰ, ਔਰਤਾਂ ਲਈ ਕਟਿੰਗ, ਸਿਲਾਈ ਅਤੇ ਬਿਊਟੀਸ਼ੀਅਨ ਟ੍ਰੇਨਿੰਗ ਸੈਂਟਰ, ਈਵਨਿੰਗ ਸਕੂਲ, ਟੇਲਰਿੰਗ ਸੈਂਟਰ ਅਤੇ ਮਾਨ ਕੌਰ ਸਲੱਮ ਖੇਤਰ ਦੇ ਬੱਚਿਆਂ ਲਈ ਪ੍ਰਾਇਮਰੀ ਸਿੱਖਿਆ ਅਧਿਐਨ ਕੇਂਦਰ ਸਮੇਤ ਹੋਰ ਸਮਾਜ ਭਲਾਈ ਪ੍ਰੋਗਰਾਮਾਂ ਬਾਰੇ ਵੀ ਜਾਣੂ ਹੋਏ।
ਇਸ ਮੌਕੇ ਕੋਆਰਡੀਨੇਟਰ ਬਖ਼ਸ਼ੀ ਰਾਜ ਨੇ ਮੁੱਖ ਮਹਿਮਾਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਬਾਲ ਭਲਾਈ ਕੌਂਸਲ, ਗੁਰਦਾਸਪੁਰ ਇਸ ਸਮੇਂ 11 ਲੋਕ ਭਲਾਈ ਪ੍ਰਾਜੈਕਟ ਚਲਾ ਰਹੀ ਹੈ, ਜੋ ਕਿ ਪੰਜਾਬ ਦੀਆਂ ਸਮੂਹ ਜ਼ਿਲ੍ਹਾ ਬਾਲ ਭਲਾਈ ਕੌਂਸਲਾਂ ਵਿੱਚ ਸਭ ਤੋਂ ਵੱਧ ਹਨ। ਉਨ੍ਹਾਂ ਦੱਸਿਆ ਕਿ ਕੌਂਸਲ ਵੱਲੋਂ ਕੀਤੇ ਜਾ ਰਹੇ ਸ਼ਾਨਦਾਰ ਕਾਰਜਾਂ ਦੀ ਬਦੌਲਤ ਕੌਂਸਲ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ, ਗੁਰਦਾਸਪੁਰ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਨੂੰ ‘ਬਾਲ ਭਲਾਈ ਵੱਲ ਵਧਦੇ ਕਦਮਾਂ ਦੀ ਯਾਤਰਾ’ ਨਾਮਕ ਯਾਦਗਾਰੀ ਪੁਸਤਿਕਾ ਭੇਟ ਕੀਤੀ ਗਈ, ਜਿਸ ਵਿੱਚ ਕੌਂਸਲ ਦੇ ਸ਼ਲਾਘਾਯੋਗ ਕਾਰਜਾਂ ਅਤੇ ਉਪਲਬਧੀਆਂ ਨੂੰ ਦਰਸਾਇਆ ਗਿਆ ਹੈ। ਇਹ ਪੁਸਤਿਕਾ ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇਏਪੀ ਸਿਨ੍ਹਾ, ਆਈਏਐੱਸ ਵੱਲੋਂ ਜਾਰੀ ਕੀਤੀ ਗਈ ਸੀ। ਇਸ ਮੌਕੇ ਸਹਾਇਕ ਕਮਿਸ਼ਨਰ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਭਵਿੱਖ ਵਿੱਚ ਵੀ ਕੌਂਸਲ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਅਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਦੀ ਟੀਮ, ਸਮਾਜ ਸੇਵਕ ਲਾਇਨ ਕੇਪੀ ਸਿੰਘ, ਮੁਕੇਸ਼ ਵਰਮਾ (ਡੀਜੀਸੀ), ਰਜਨੀ ਸ਼ਰਮਾ (ਜੇਕੇਐੱਸਪੀਵਾਈਐੱਮ), ਜ਼ਿਲ੍ਹਾ ਬਾਲ ਭਲਾਈ ਕੌਂਸਲ ਦੇ ਮੈਂਬਰ ਅਤੇ ਮਾਨ ਕੌਰ ਸਲੱਮ ਖੇਤਰ ਦੇ ਬੱਚੇ ਵੀ ਹਾਜ਼ਰ ਸਨ।