- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਵਾਈ ਦਾ ਰੇਟ ਚੌਖਾ ਹੋਣ ਕਰਕੇ ਮਰਦਾਂ, ਤੀਵੀਆਂ ਤੇ ਬੱਚਿਆਂ ਵੱਲੋਂ ਝੋਨੇ ਦੀ ਬਿਜਾਈ ਜ਼ੋਰਾਂ 'ਤੇ

- ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ’ਚ ਝੋਨੇ ਦੀ ਬਿਜਾਈ 60 ਫ਼ੀਸਦੀ ਦੇ ਨੇੜੇ : ਖੇਤੀਬਾੜੀ ਅਫ਼ਸਰ
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਪੰਜਾਬ ’ਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਉੱਪਰ ਚੁੱਕਣ ਲਈ ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੋਇਲ ਵਾਟਰ ਐਕਟ-2009 ਲਾਗੂ ਕਰਨ ਮਗਰੋਂ ਪੰਜਾਬ ਭਰ ’ਚ ਝੋਨੇ ਦੀ ਲਵਾਈ ਲਈ ਵੱਖ-ਵੱਖ ਜ਼ਿਲ੍ਹਿਆਂ ’ਚ ਨਿਸ਼ਚਿਤ ਤਰੀਕਾਂ ਤੋਂ ਇਲਾਵਾ, ਜ਼ਿਲ੍ਹਾ ਗੁਰਦਾਸਪੁਰ ’ਚ 1 ਜੂਨ ਤੋਂ ਝੋਨੇ ਦੀ ਲਵਾਈ ਕੀਤੀ ਜਾ ਰਹੀ ਹੈ। ਪਿਛਲੇ ਦਿਨਾਂ ਤੋਂ ਮੌਸਮ ’ਚ ਆਈ ਠੰਢਕ ਕਾਰਨ ਜ਼ਿਲ੍ਹੇ 'ਚ ਆਏ ਬਾਹਰੀ ਰਾਜਾਂ ਦੇ ਮਜ਼ਦੂਰਾਂ ਤੋਂ ਇਲਾਵਾ ਪੇਂਡੂ ਖੇਤਰ ਦੇ ਲੋਕਾਂ, ਮਹਿਲਾਵਾਂ ਅਤੇ ਬੱਚਿਆਂ ਵੱਲੋਂ ਝੋਨੇ ਤੇ ਬਾਸਮਤੀ ਦੀ ਬਿਜਾਈ ਪੂਰੇ ਜ਼ੋਰਾਂ 'ਤੇ ਕੀਤੀ ਜਾ ਰਹੀ ਹੈ। ਜ਼ਿਲ੍ਹਾ ਖੇਤੀਬਾੜੀ ਵਿਭਾਗ ਗੁਰਦਾਸਪੁਰ ਮੁਤਾਬਕ ਹੁਣ ਤੱਕ ਜ਼ਿਲ੍ਹੇ 'ਚ 60 ਫ਼ੀਸਦੀ ਦੇ ਕਰੀਬ ਝੋਨੇ ਦੀ ਬਿਜਾਈ ਮੁਕੰਮਲ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਇਸ ਵਾਰ ਜ਼ਿਲ੍ਹਾ ਗੁਰਦਾਸਪੁਰ 'ਚ 1 ਲੱਖ 70 ਹਜ਼ਾਰ ਹੈਕਟੇਅਰ ਰਕਬੇ 'ਚ ਝੋਨਾ ਤੇ ਬਾਸਮਤੀ ਲਗਾਉਣ ਦਾ ਟੀਚਾ ਹੈ। ਸਰਹੱਦੀ ਜ਼ਿਲ੍ਹੇ ਨਾਲ ਸੰਬੰਧਿਤ ਖੇਤੀਬਾੜੀ ਵਿਭਾਗ ਦੇ ਬਲਾਕ ਕਲਾਨੌਰ, ਡੇਰਾ ਬਾਬਾ ਨਾਨਕ, ਧਾਰੀਵਾਲ ਅਤੇ ਦੀਨਾ ਨਗਰ ਅਧੀਨ ਆਉਂਦੇ ਸੈਂਕੜੇ ਪਿੰਡਾਂ ਦੇ ਖੇਤਾਂ 'ਚ ਦ੍ਰਿਸ਼ ਵੇਖਣ ਨੂੰ ਮਿਲਿਆ ਕਿ ਬਾਹਰੀ ਰਾਜਾਂ ਤੋਂ ਆਏ ਮਜ਼ਦੂਰਾਂ ਤੋਂ ਇਲਾਵਾ ਪਿੰਡਾਂ ਦੇ ਮਰਦ, ਤੀਵੀਆਂ ਅਤੇ ਸਕੂਲਾਂ 'ਚ ਛੁੱਟੀਆਂ ਪੈਣ ਕਾਰਨ ਮੱਧ ਵਰਗ ਦੇ ਪਰਿਵਾਰਾਂ ਦੇ ਬੱਚੇ ਵੀ ਝੋਨੇ ਦੀ ਬਿਜਾਈ ਅਤੇ ਪਨੀਰੀਆਂ ਪੁੱਟਣ 'ਚ ਆਪਣਾ ਯੋਗਦਾਨ ਪਾ ਰਹੇ ਹਨ।
ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਮਨਦੀਪ ਸਿੰਘ ਵਡਾਲਾ ਬਾਂਗਰ, ਲਖਵਿੰਦਰਜੀਤ ਸਿੰਘ ਕੰਗ, ਮੰਗਲਜੀਤ ਸਿੰਘ, ਬਲਜੀਤ ਸਿੰਘ ਮਸਤਕੋਟ, ਸੁਰਿੰਦਰ ਸਿੰਘ ਖੁਸ਼ੀਪੁਰ, ਨਿਰਮਲ ਸਿੰਘ ਭੰਗਵਾਂ, ਅੰਮ੍ਰਿਤਪਾਲ ਸਿੰਘ ਵਡਾਲਾ ਬਾਂਗਰ, ਸੁਖਦੇਵ ਸਿੰਘ ਭੋਜਰਾਜ, ਗੁਰ ਏਕਮ ਸਿੰਘ ਚੱਕ ਬਰੋਏ, ਅਵਤਾਰ ਸਿੰਘ ਛੋਟੇਪੁਰ, ਗੁਰਨਾਮ ਸਿੰਘ ਛੋਟੇਪੁਰ, ਅਮਰਜੋਤ ਸਿੰਘ ਨਿਜਰ, ਹਰਭਜਨ ਸਿੰਘ ਲੁਕਮਾਨੀਆ ਆਦਿ ਨੇ ਦੱਸਿਆ ਕਿ ਭਾਵੇਂ ਇਸ ਵਾਰ ਜ਼ਿਲ੍ਹੇ 'ਚ 1 ਜੂਨ ਤੋਂ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਲਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ, ਪਰ ਇਸ ਇਲਾਕੇ ਦੇ ਕਿਸਾਨਾਂ ਨੇ ਝੋਨੇ ਦੀ ਬਿਜਾਈ 5 ਜੂਨ ਤੋਂ ਬਾਅਦ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਕਿਸਾਨਾਂ ਵੱਲੋਂ ਹਾਈਬ੍ਰਿਡ ਕਿਸਮਾਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੀਆਂ ਮਨਜ਼ੂਰ ਕਿਸਮਾਂ ਪੀਆਰ 131, ਪੀਆਰ 128, ਪਰਮਲ 110 ਆਦਿ ਤੋਂ ਇਲਾਵਾ ਬਾਸਮਤੀ ਦੀਆਂ ਕਿਸਮਾਂ ਪੀਬੀ 17, 18, ਪੀਬੀ 1692, 1509 ਅਤੇ 1121 ਦੀ ਬਿਜਾਈ ਕੀਤੀ ਜਾ ਰਹੀ ਹੈ।
ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਪ੍ਰਤੀ ਏਕੜ ਝੋਨੇ ਦੀ ਲਵਾਈ 4200 ਤੋਂ ਲੈ ਕੇ 4500 ਰੁਪਏ ਤੱਕ ਹੋਣ ਕਾਰਨ ਬਾਹਰੀ ਰਾਜਾਂ ਤੋਂ ਆਏ ਮਜ਼ਦੂਰਾਂ ਤੋਂ ਇਲਾਵਾ ਇੱਟਾਂ ਦੇ ਭੱਠੇ ਬੰਦ ਹੋਣ ਕਾਰਨ ਭੱਠਿਆਂ ਦੀਆਂ ਲੇਬਰਾਂ, ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ, ਝੋਨੇ ਦੀ ਬਿਜਾਈ ਨੂੰ ਤਰਜੀਹ ਦੇ ਰਹੀਆਂ ਹਨ। ਇਸ ਮੌਕੇ ਬੱਚਿਆਂ ਤੇ ਆਪਣੀਆਂ ਮਹਿਲਾਵਾਂ ਸਮੇਤ ਝੋਨਾ ਲਗਾ ਰਹੇ ਰੋਹਤ ਮਸੀਹ, ਥਾਮਸ, ਸੰਨੀ ਮਸੀਹ, ਲਿਆਸ ਮਸੀਹ, ਬੀਰ ਮਸੀਹ ਆਦਿ ਨੇ ਦੱਸਿਆ ਕਿ ਇੱਟਾਂ ਵਾਲੇ ਭੱਠੇ ਬੰਦ ਹੋਣ ਅਤੇ ਬੱਚਿਆਂ ਦਾ ਸਕੂਲ ਦਾ ਮਿਲਿਆ ਕੰਮ ਪੂਰਾ ਹੋਣ ਕਾਰਨ ਉਹ ਆਪਣੇ ਪਰਿਵਾਰਾਂ ਸਮੇਤ ਝੋਨੇ ਦੀ ਲਵਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਮਹਿਲਾ ਇੱਕ ਕਨਾਲ ਤੋਂ ਵੱਧ ਅਤੇ ਇੱਕ ਵਿਅਕਤੀ ਰੋਜ਼ਾਨਾ ਦੋ ਕਨਾਲ ਝੋਨਾ ਆਸਾਨੀ ਨਾਲ ਲਗਾ ਲੈਂਦਾ ਹੈ। ਝੋਨੇ ਦੀ ਲੁਵਾਈ ਪ੍ਰਤੀ ਏਕੜ ਕਰੀਬ 4500 ਰੁਪਏ ਹੋਣ ਕਾਰਨ ਉਨ੍ਹਾਂ ਨੂੰ ਚੌਖੀ ਦਿਹਾੜੀ ਮਿਲ ਰਹੀ ਹੈ। ਇਸ ਮੌਕੇ ਕਿਸਾਨ ਰਵਦੀਪ ਸਿੰਘ ਅਤੇ ਮਨਦੀਪ ਭੰਗੂ ਨੇ ਦੱਸਿਆ ਕਿ ਬਾਹਰੀ ਰਾਜਾਂ ਤੋਂ ਆਏ ਮਜ਼ਦੂਰ ਵੱਧ ਰਕਬੇ ਵਾਲੇ ਕਿਸਾਨਾਂ ਦਾ ਝੋਨਾ ਲਾਉਣ ਨੂੰ ਤਰਜੀਹ ਦੇ ਰਹੇ ਹਨ, ਜਦੋਂ ਕਿ ਪੇਂਡੂ ਔਰਤਾਂ ਤੇ ਮਜ਼ਦੂਰ ਥੋੜ੍ਹੇ ਰਕਬੇ ਵਾਲੇ ਕਿਸਾਨਾਂ ਦਾ ਝੋਨਾ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚੇ ਤੇ ਮਹਿਲਾਵਾਂ ਝੋਨੇ ਦੀ ਪਨੀਰੀ ਸੰਘਣੀ ਲਾਉਂਦੇ ਹਨ, ਜਿਸ ਕਾਰਨ ਸੂਝਵਾਨ ਕਿਸਾਨ ਪੇਂਡੂ ਔਰਤਾਂ ਅਤੇ ਬੱਚਿਆਂ ਤੋਂ ਝੋਨਾ ਲਗਵਾਉਣ ਨੂੰ ਤਰਜੀਹ ਦਿੰਦੇ ਹਨ ਤਾਂ ਜੋ ਝੋਨਾ ਸੰਘਣਾ ਲੱਗ ਸਕੇ।
- ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ’ਚ ਝੋਨੇ ਦੀ ਬਿਜਾਈ 60 ਫ਼ੀਸਦੀ ਦੇ ਨੇੜੇ ਪੁੱਜੀ : ਖੇਤੀਬਾੜੀ ਅਫਸਰ ਸ਼ਾਹਬਾਜ਼ ਸਿੰਘ ਚੀਮਾ
ਜ਼ਿਲ੍ਹਾ ਗੁਰਦਾਸਪੁਰ ਦੇ ਖੇਤੀਬਾੜੀ ਅਫਸਰ ਡਾਕਟਰ ਸ਼ਾਹਬਾਜ਼ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਤਾ ਉਹਨਾ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਵਾਰ 30 ਹਜ਼ਾਰ ਹੈਕਟੇਅਰ ਵਿੱਚ ਬਾਸਮਤੀ ਸਮੇਤ 1 ਲੱਖ 70 ਹਜ਼ਾਰ ਦੇ ਕਰੀਬ ਹੈਕਟੇਅਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਬਿਜਾਈ ਦਾ ਟੀਚਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਵਾਰ ਪਹਿਲੇ ਪੜਾਅ ਦੌਰਾਨ 1 ਜੂਨ ਤੋ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਗਈ ਸੀ ਜਦਕਿ ਪਿਛਲੇ ਸਾਲ ਜ਼ਿਲ੍ਹੇ ਗੁਰਦਾਸਪੁਰ ਵਿੱਚ 5 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋਈ ਸੀ। ਉਹਨਾ ਦੱਸਿਆ ਕਿ ਜ਼ਿਲ੍ਹੇ ਵਿੱਚ 1 ਲੱਖ 70 ਹਜ਼ਾਰ ਹੈਕਟੇਅਰ ਦੇ ਕਰੀਬ ਰਕਬੇ ਵਿੱਚ ਕੀਤੀ ਜਾ ਰਹੀ ਬਿਜਾਈ ਤਹਿਤ ਹੁਣ 60 ਫੀਸਦੀ ਦੇ ਕਰੀਬ ਝੋਨੇ ਅਤੇ ਬਾਸਮਤੀ ਦੀ ਬਿਜਾਈ ਹੋ ਚੁੱਕੀ ਹੈ।