ਪਿੰਡ ਅਰਲੀਭੰਨ ਦਾ ਰਹਿਣ ਵਾਲਾ ਨੌਜਵਾਨ ਪਠਾਨਕੋਟ ’ਚ ਸ਼ੱਕੀ ਹਾਲਤ ’ਚ ਲਾਪਤਾ
ਪਿੰਡ ਅਰਲੀਭੰਨ ਦਾ ਰਹਿਣ ਵਾਲਾ ਨੌਜਵਾਨ ਪਠਾਨਕੋਟ ਵਿੱਚ ਸ਼ੱਕੀ ਹਾਲਾਤਾਂ ਵਿੱਚ ਲਾਪਤਾ
Publish Date: Sat, 20 Jun 2026 03:59 PM (IST)
Updated Date: Sat, 20 Jun 2026 04:00 PM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਅਰਲੀਭੰਨ ਦਾ ਰਹਿਣ ਵਾਲਾ ਇੱਕ ਨੌਜਵਾਨ ਪਠਾਨਕੋਟ ਵਿੱਚ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਹਾਲਾਂਕਿ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਨੇ ਜਾਨੀ ਨੁਕਸਾਨ ਪਹੁੰਚਾਇਆ ਹੈ। ਜਾਣਕਾਰੀ ਦਿੰਦਿਆਂ ਲਾਪਤਾ ਹੋਏ ਰਾਜ ਕੁਮਾਰ ਰਾਜੂ ਦੀ ਮਾਂ ਰਾਖਲ, ਭੈਣ ਰਿੰਪੀ ਅਤੇ ਪਿੰਕੀ, ਭਰਾ ਪਵਨ ਕੁਮਾਰ ਅਤੇ ਭਾਬੀ ਸੋਫੀਆ ਆਦਿ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਰਾਜੂ ਆਪਣੇ ਰਿਸ਼ਤੇਦਾਰ ਦੇ ਬੁਲਾਉਣ ’ਤੇ ਡਿਫੈਂਸ ਰੋਡ ਪਠਾਨਕੋਟ ਵਿੱਚ ਇੱਕ ਪੈਲੇਸ ਵਿੱਚ ਕੰਮ ਕਰਦਾ ਸੀ। ਉਹ ਅਕਸਰ ਹੀ ਪਰਿਵਾਰ ਨਾਲ ਫ਼ੋਨ ’ਤੇ ਗੱਲ ਕਰਦਾ ਸੀ। 10 ਜੂਨ ਨੂੰ ਰਾਜ ਕੁਮਾਰ ਨੇ ਉਨ੍ਹਾਂ ਨੂੰ ਅੰਕੁਰ ਨਰੂਲਾ ਦੀ ਕਨਵੈਂਸ਼ਨ ਵਿੱਚ ਸ਼ਾਮਲ ਹੋਣ ਲਈ ਫ਼ੋਨ ਕੀਤਾ। ਅਗਲੇ ਹੀ ਦਿਨ ਉਸ ਦੇ ਜੀਜੇ ਦਾ ਫ਼ੋਨ ਆਇਆ ਕਿ ਰਾਜ ਕੁਮਾਰ ਰਾਜੂ ਘਰੋਂ ਲਾਪਤਾ ਹੋਣ ਮਗਰੋਂ ਉਸ ਦੀ ਮੋਟਰਸਾਈਕਲ ਯੂਬੀਡੀਸੀ ਨਹਿਰ ਸੁਜਾਨਪੁਰ ਤੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਰਿਪੋਰਟ ਸਰਾਸਰ ਝੂਠ ਹੈ। ਰਾਜ ਕੁਮਾਰ ਕਦੇ ਵੀ ਨਹਿਰ ਵਿੱਚ ਨਹਾਉਣ ਦਾ ਸ਼ੌਕੀਨ ਨਹੀਂ ਸੀ ਅਤੇ ਉਹ ਤਾਂ ਟਿਊਬਵੈਲ ’ਤੇ ਵੀ ਨਹੀਂ ਨਹਾਉਂਦਾ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਰਿਸ਼ਤੇਦਾਰ ਅਤੇ ਪੈਲੇਸ ਦੇ ਮਾਲਕ ਦੀ ਸਾਜ਼ਿਸ਼ ਤਹਿਤ ਰਾਜ ਕੁਮਾਰ ਦਾ ਜਾਨੀ ਨੁਕਸਾਨ ਪਹੁੰਚਾਇਆ ਗਿਆ ਹੈ। ਉਨ੍ਹਾਂ ਪੁਲਿਸ ਜ਼ਿਲ੍ਹਾ ਪਠਾਨਕੋਟ ਦੇ ਐੱਸਐੱਸਪੀ ਅਤੇ ਡੀਸੀ ਪਠਾਨਕੋਟ ਤੋਂ ਮੰਗ ਕੀਤੀ ਕਿ ਜਿਸ ਪੈਲੇਸ ਵਿੱਚ ਰਾਜ ਕੁਮਾਰ ਕੰਮ ਕਰਦਾ ਸੀ, ਉਸ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਇਲਾਵਾ ਰਾਜ ਕੁਮਾਰ ਦੇ ਮੋਬਾਈਲ ਫ਼ੋਨ ਕਾਲ ਟ੍ਰੇਸ ਕਰਵਾਏ ਜਾਣ ਤਾਂ ਜੋ ਸੱਚ ਸਾਹਮਣੇ ਆ ਸਕੇ। ਰਾਜ ਕੁਮਾਰ ਦੇ ਪਾਣੀ ਵਿੱਚ ਡੁੱਬਣ ਦੀ ਕਹਾਣੀ ਬਣਾ ਕੇ ਸਵਜਨਾਂ ਅਤੇ ਪੁਲਿਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਡੂੰਘਾਈ ਨਾਲ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਸਬੰਧੀ ਪੁਲਿਸ ਥਾਣਾ ਸੁਜਾਨਪੁਰ ਦੇ ਐੱਸਐੱਚਓ ਅਰੁਣ ਸ਼ਰਮਾ ਕਾਲੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਕ ਮੈਂਬਰ ਪੁਲਿਸ ਸਟੇਸ਼ਨ ਆ ਕੇ ਉਨ੍ਹਾਂ ਨਾਲ ਸੰਪਰਕ ਕਰਨ ਤਾਂ ਜੋ ਸੀਸੀਟੀਵੀ. ਕੈਮਰਿਆਂ ਦੀ ਜਾਂਚ ਕਰਨ ਮਗਰੋਂ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ।