- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤਾਂ ਅਤੇ ਘਰ ਵਿੱਚ ਕੰਮ ਕਰਦਿਆਂ ਮਹਿਲਾ ਸਮੇਤ 9 ਨੂੰ ਸੱਪਾਂ ਨੇ ਡੰਗਿਆ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ : ਇਸ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਖੇਤਾਂ ਅਤੇ ਘਰੇਲੂ ਕੰਮ ਕਰਦੇ ਸਮੇਂ ਇੱਕ ਮਹਿਲਾ ਸਮੇਤ 9 ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਦਿਆਂ ਸੱਪ ਦੇ ਡੰਗਣ ਤੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿੱਥੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸੱਪ ਡੰਗੇ ਮਰੀਜ਼ਾਂ ਨੂੰ ਐਂਟੀ ਸਨੇਕ ਵੈਕਸੀਨ ਲਗਾ ਕੇ ਸੱਪ ਦੇ ਜ਼ਹਿਰ ਨੂੰ ਬੇਅਸਰ ਕੀਤਾ ਗਿਆ। ਕਮਿਊਨਿਟੀ ਸਿਹਤ ਕੇਂਦਰ ਕਲਾ ਨੌਰ ਵਿੱਚ ਸੱਪ ਡੰਗਣ ਉਪਰੰਤ ਜ਼ੇਰੇ ਇਲਾਜ ਸੇਵਾਮੁਕਤ ਪੁਲਿਸ ਕਰਮਚਾਰੀ ਹਰਦੇਵ ਸਿੰਘ ਦੂਲਾ ਨੰਗਲ ਨੇ ਦੱਸਿਆ ਕਿ ਅੱਜ ਉਹ ਆਪਣੇ ਖੇਤਾਂ ਵਿੱਚ ਆਪਣੇ ਟਿਊਬਵੈੱਲ ’ਤੇ ਗਿਆ ਹੋਇਆ ਸੀ ਕਿ ਇਸ ਦੌਰਾਨ ਜਦੋਂ ਉਹ ਟਿਊਬਵੈੱਲ ’ਤੇ ਪਈ ਪਲਾਸਟਿਕ ਦੀ ਖਾਲੀ ਕੈਨੀ ਨੂੰ ਚੁੱਕਣ ਲੱਗਾ ਤਾਂ ਕੈਨੀ ਹੇਠਾਂ ਬੈਠੇ ਸੱਪ ਨੇ ਉਸ ਦੇ ਸੱਜੇ ਹੱਥ ਦੇ ਅੰਗੂਠੇ ’ਤੇ ਡੰਗ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਉਸ ਨੇ ਤੁਰੰਤ ਆਪਣੇ ਪਰਿਵਾਰਕ ਜੀਆਂ ਨੂੰ ਜਾਣਕਾਰੀ ਦਿੱਤੀ ਅਤੇ ਉਸ ਨੂੰ ਜਲਦੀ ਜਲਦੀ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਡਿਊਟੀ ’ਤੇ ਤਾਇਨਾਤ ਸਿਹਤ ਕਰਮਚਾਰੀਆਂ ਵੱਲੋਂ ਉਸ ਨੂੰ 10 ਐਂਟੀ ਸਨੇਕ ਵੈਕਸੀਨਾਂ ਲਗਾ ਕੇ ਸੱਪ ਦੇ ਜ਼ਹਿਰ ਨੂੰ ਬੇਅਸਰ ਕੀਤਾ। ਇਸ ਮੌਕੇ ਘਰ ਵਿੱਚ ਕੰਮ ਕਰਦੇ ਸਮੇਂ ਸੱਪ ਦੇ ਡੰਗਣ ਉਪਰੰਤ ਹਸਪਤਾਲ ਵਿੱਚ ਇਲਾਜ ਅਧੀਨ ਬਲਵਿੰਦਰ ਕੌਰ ਵਾਸੀ ਪਿੰਡ ਘੱਗਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਘਰ ਵਿੱਚ ਕੰਮ ਕਰ ਰਹੀ ਸੀ ਤਾਂ ਘਰ ਦੇ ਚੌਗਿਰਦੇ ਵਿੱਚੋਂ ਹੀ ਸੱਪ ਨੇ ਉਸ ਨੂੰ ਡੰਗ ਲਿਆ। ਹਸਪਤਾਲ ਵਿੱਚ ਇਲਾਜ ਅਧੀਨ ਹਰਮਨਦੀਪ ਸਿੰਘ ਵਾਸੀ ਚੱਠਾ ਸੀਰਾ ਨੇ ਦੱਸਿਆ ਖੇਤਾਂ ਵਿੱਚ ਜਦੋਂ ਉਹ ਝੋਨੇ ਨੂੰ ਪਾਣੀ ਲਗਾਉਣ ਨੂੰ ਉਪਰੰਤ ਖਾਲ ਵਿੱਚ ਆਪਣੇ ਪੈਰ ਧੋ ਰਿਹਾ ਸੀ ਤਾਂ ਇਸ ਦੌਰਾਨ ਸੱਪ ਨੇ ਉਸ ਦੇ ਪੈਰ ਤੇ ਡੰਗ ਮਾਰ ਦਿੱਤਾ ਅਤੇ ਤੁਰੰਤ ਪਰਿਵਾਰਕ ਜੀਆਂ ਨੇ ਉਸ ਨੂੰ ਹਸਪਤਾਲ ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ।
ਹਸਪਤਾਲ ਵਿੱਚ ਇਲਾਜ ਅਧੀਨ ਜਗਜੀਤ ਸਿੰਘ ਉਦੋਵਾਲੀ ਦੇ ਚਾਚਾ ਕੈਪਟਨ ਜਸਵੰਤ ਸਿੰਘ ਨੇ ਦੱਸਿਆ ਉਸ ਦਾ ਭਤੀਜਾ ਜਗਜੀਤ ਸਿੰਘ ਅੱਜ ਸਵੇਰੇ ਖੇਤਾਂ ਵਿੱਚ ਝੋਨੇ ਨੂੰ ਪਾਣੀ ਲਾਉਣ ਲਈ ਬੰਨੇ ਤੇ ਰੱਖੀ ਮਿੱਟੀ ਵਾਲੀ ਬੋਰੀ ਨੂੰ ਚੁੱਕ ਕੇ ਪਾਣੀ ਦੇ ਨੱਕੇ ਨੂੰ ਬੰਦ ਕਰਨ ਲੱਗਾ ਤਾਂ ਇਸ ਦੌਰਾਨ ਬੋਰੀ ਹੇਠਾਂ ਬੈਠੇ ਸੱਪ ਨੇ ਉਸ ਦੇ ਹੱਥ ਦੀਆਂ ਉਗਲਾਂ ਤੇ ਡੰਗ ਮਾਰ ਦਿੱਤਾ ਅਤੇ ਉਸ ਨੂੰ ਤੁਰੰਤ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਸੇਵਾ ਮੁਕਤ ਕੈਪਟਨ ਜਸਵੰਤ ਸਿੰਘ ਨੇ ਦੱਸਿਆ ਕਿ 2017 ਵਿੱਚ ਵੀ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗਿਆ ਸੀ ਅਤੇ ਉਸ ਦੀ ਹਾਲਤ ਵਿਗੜਨ ਤੇ ਉਸ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਨੂੰ ਸਮੇਂ ਸਿਰ ਸਿਹਤ ਵਿਭਾਗ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅੰਮ੍ਰਿਤਸਰ ਵਿਖੇ ਦਾਖਲ ਕਰਾਉਣ ਉਪਰੰਤ ਆਪਣਾ ਖੂਨ ਤਬਦੀਲ ਕਰਨ ਉਪਰੰਤ ਉਸ ਦੀ ਜਾਨ ਬਚੀ ਸੀ। ਉਸ ਨੇ ਦੱਸਿਆ ਕਿ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਸੱਪ ਡੰਗਣ ਵਾਲੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਿਹਾ ਅਤੇ ਲੋਕ ਦੂਰ ਦੁਰਾਡੇ ਤੋਂ ਆ ਕੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਆਪਣਾ ਇਲਾਜ ਕਰਵਾ ਰਹੇ ਹਨ। ਇਸ ਮੌਕੇ ਕਾਲੀ ਮਸੀਹ ਵਾਸੀ ਪਿੰਡ ਕੋਠੇ, ਹਰਮਨਦੀਪ ਸਿੰਘ, ਕਮਲਜੀਤ ਸਿੰਘ ਕਲਾਨੌਰ ਬਲਵਿੰਦਰ ਸਿੰਘ ਗਿੱਲਾਂਵਾਲੀ, ਕੁਲਵੰਤ ਸਿੰਘ ਕਮਾਲਪੁਰ ਜੱਟਾਂ ਅਤੇ ਅਜੈਬ ਸਿੰਘ ਭਾਗੋਵਾਲ ਨੂੰ ਵੀ ਸੱਪ ਦੇ ਡੰਗਣ ਉਪਰੰਤ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਇਸ ਮੌਕੇ ਡਿਊਟੀ ’ਤੇ ਤਾਇਨਾਤ ਮਹਿਲਾ ਸਿਹਤ ਕਰਮਚਾਰੀਆਂ ਅਤੇ ਮੈਡੀਕਲ ਅਫਸਰ ਡਾਕਟਰ ਅਕਸ਼ਤ ਮਹਾਜਨ ਨੇ ਕਿਹਾ ਕਿ ਕਮਿਊਨਿਟੀ ਹਸਪਤਾਲ ਵਿੱਚ ਕਲਾਨੌਰ ਏਰੀਏ ਤੋਂ ਇਲਾਵਾ ਦੂਰ ਦੁਰਾਡੇ ਦੇ ਏਰੀਏ ਤੋਂ ਵੀ ਸੱਪ ਡੰਗੇ ਦੇ ਮਰੀਜ਼ ਇਲਾਜ ਕਰਵਾਉਣ ਲਈ ਆ ਰਹੇ ਹਨ ਅਤੇ ਹਸਪਤਾਲ ਵਿੱਚ ਸੱਪ ਡੰਗੇ ਦਾ ਸਫਲ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਂਟੀ ਸਨੇਕ ਵੈਕਸੀਨ ਉਪਲਬਧ ਹੈ। ਉਹਨਾਂ ਕਿਹਾ ਕਿ ਸੱਪ ਦੇ ਡੰਗਣ ਉਪਰੰਤ ਸਾਨੂੰ ਅਣਗਹਿਲੀ ਨਹੀਂ ਕਰਨੀ ਚਾਹੀਦੀ। ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਸੱਪ ਕੱਟੇ ਦਾ ਇਲਾਜ ਕਰਵਾਉਣਾ ਚਾਹੀਦਾ ਹੈ।