ਬੇਰੁਜ਼ਗਾਰੀ ਦੀ ਮਾਰ ਹੇਠ ਨੌਜਵਾਨੀ, ਘੱਟ ਤਨਖ਼ਾਹਾਂ ’ਤੇ ਕਰਨੇ ਪੈ ਰਹੇ ਸਮਝੌਤੇ
ਬੇਰੁਜ਼ਗਾਰੀ ਦੀ ਮਾਰ ਹੇਠ ਨੌਜਵਾਨੀ, ਘੱਟ ਤਨਖ਼ਾਹਾਂ ’ਤੇ ਕਰਨੇ ਪੈ ਰਹੇ ਸਮਝੌਤੇ
Publish Date: Tue, 23 Jun 2026 04:07 PM (IST)
Updated Date: Tue, 23 Jun 2026 04:10 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਦੇਸ਼ ਵਿਚ ਸਿੱਖਿਆ ਦਾ ਪੱਧਰ ਲਗਾਤਾਰ ਉੱਚਾ ਹੋ ਰਿਹਾ ਹੈ, ਪਰ ਇਸ ਦੇ ਬਾਵਜੂਦ ਪੜ੍ਹੇ-ਲਿਖੇ ਨੌਜਵਾਨਾਂ ਲਈ ਯੋਗ ਰੁਜ਼ਗਾਰ ਦੇ ਮੌਕੇ ਉਮੀਦਾਂ ਅਨੁਸਾਰ ਨਹੀਂ ਵਧ ਰਹੇ। ਬੇਰੁਜ਼ਗਾਰੀ ਦੀ ਵਧਦੀ ਸਮੱਸਿਆ ਕਾਰਨ ਹਜ਼ਾਰਾਂ ਯੁਵਕ ਅਤੇ ਯੁਵਤੀਆਂ ਨਿੱਜੀ ਅਦਾਰਿਆਂ ਵਿਚ ਘੱਟ ਤਨਖ਼ਾਹਾਂ ’ਤੇ ਲੰਬੇ ਸਮੇਂ ਤੱਕ ਕੰਮ ਕਰਨ ਲਈ ਮਜ਼ਬੂਰ ਹਨ। ਇਸ ਸਥਿਤੀ ਨੇ ਨਾ ਸਿਰਫ਼ ਨੌਜਵਾਨਾਂ ਦੀ ਆਰਥਿਕ ਹਾਲਤ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਉਨ੍ਹਾਂ ਦੇ ਮਨੋਬਲ ਅਤੇ ਭਵਿੱਖੀ ਯੋਜਨਾਵਾਂ ‘ਤੇ ਵੀ ਗੰਭੀਰ ਅਸਰ ਪਾਇਆ ਹੈ। ਸਮਾਜ ਸੇਵੀ ਆਗੂਆਂ ਦਾ ਮੰਨਣਾ ਹੈ ਕਿ ਰੁਜ਼ਗਾਰ ਸਿਰਜਣਾ, ਹੁਨਰ ਵਿਕਾਸ ਅਤੇ ਉਦਯੋਗਿਕ ਵਿਕਾਸ ਨੂੰ ਤਰਜੀਹ ਦੇ ਕੇ ਹੀ ਇਸ ਸਮੱਸਿਆ ਦਾ ਹੱਲ ਸੰਭਵ ਹੈ। ......................................... ਰੁਜ਼ਗਾਰ ਦੀ ਕਮੀ ਨੌਜਵਾਨਾਂ ’ਚ ਨਿਰਾਸ਼ਾ ਵਧਾ ਰਹੀ ਹੈ : ਜਸਵਿੰਦਰ ਖਾਲਸਾ ਸਮਾਜ ਸੇਵੀ ਅਤੇ ਸਹਾਰਾ ਕਲੱਬ ਦੇ ਕੈਸ਼ੀਅਰ ਜਸਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉੱਚ ਸਿੱਖਿਆ ਹਾਸਲ ਕਰਨ ਦੇ ਬਾਵਜੂਦ ਜਦੋਂ ਨੌਜਵਾਨਾਂ ਨੂੰ ਯੋਗ ਨੌਕਰੀ ਨਹੀਂ ਮਿਲਦੀ ਤਾਂ ਉਨ੍ਹਾਂ ਵਿੱਚ ਨਿਰਾਸ਼ਾ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਅੱਜ ਬਹੁਤ ਸਾਰੇ ਨੌਜਵਾਨ ਆਪਣੀ ਯੋਗਤਾ ਤੋਂ ਘੱਟ ਪੱਧਰ ਦੀਆਂ ਨੌਕਰੀਆਂ ਕਰਨ ਲਈ ਮਜਬੂਰ ਹਨ। ਇਹ ਸਥਿਤੀ ਦੇਸ਼ ਦੀ ਮਨੁੱਖੀ ਸੰਪਦਾ ਦੀ ਪੂਰੀ ਵਰਤੋਂ ਨਾ ਹੋਣ ਨੂੰ ਦਰਸਾਉਂਦੀ ਹੈ। ਸਰਕਾਰਾਂ ਨੂੰ ਰੁਜ਼ਗਾਰ ਕੇਂਦਰਿਤ ਨੀਤੀਆਂ ਤਿਆਰ ਕਰਕੇ ਨੌਜਵਾਨਾਂ ਨੂੰ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। .................... ਘੱਟ ਤਨਖ਼ਾਹਾਂ ’ਤੇ ਵੱਧ ਕੰਮ ਕਰਵਾਉਣਾ ਚਿੰਤਾਜਨਕ ਰੁਝਾਨ : ਅੰਗਰੇਜ਼ ਅਟਵਾਲ ਸਮਾਜ ਸੇਵੀ ਅੰਗਰੇਜ਼ ਸਿੰਘ ਅਟਵਾਲ ਨੇ ਕਿਹਾ ਕਿ ਕਈ ਨਿੱਜੀ ਸੰਸਥਾਵਾਂ ਨੌਕਰੀਆਂ ਦੀ ਘਾਟ ਦਾ ਫਾਇਦਾ ਚੁੱਕਦਿਆਂ ਨੌਜਵਾਨਾਂ ਤੋਂ ਘੱਟ ਤਨਖ਼ਾਹਾਂ ‘ਤੇ ਵੱਧ ਕੰਮ ਲੈਂਦੀਆਂ ਹਨ। ਇਹ ਰੁਝਾਨ ਕਿਰਤ ਦੀ ਇੱਜ਼ਤ ਅਤੇ ਮਜ਼ਦੂਰ ਅਧਿਕਾਰਾਂ ਲਈ ਚੁਣੌਤੀ ਬਣ ਰਿਹਾ ਹੈ। ਜੇਕਰ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਮਿਹਨਤ ਅਨੁਸਾਰ ਮਾਣਯੋਗ ਤਨਖ਼ਾਹ ਨਾ ਮਿਲੇ ਤਾਂ ਦੇਸ਼ ਦੀ ਆਰਥਿਕ ਤਰੱਕੀ ਵੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਕਿਰਤ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ......................................... ਵਿਦੇਸ਼ਾਂ ਵੱਲ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ : ਨਵੀਨ ਸੱਚਦੇਵਾ ਭਾਰਤ ਵਿਕਾਸ ਪਰਿਸ਼ਦ ਦੇ ਸਟੇਟ ਕਨਵੀਨਰ ਨਵੀਨ ਸਚਦੇਵਾ ਨੇ ਕਿਹਾ ਕਿ ਰੁਜ਼ਗਾਰ ਦੀ ਕਮੀ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਹਰ ਸਾਲ ਹਜ਼ਾਰਾਂ ਯੋਗ ਨੌਜਵਾਨ ਆਪਣਾ ਦੇਸ਼ ਛੱਡ ਰਹੇ ਹਨ, ਜਿਸ ਨਾਲ ਦੇਸ਼ ਨੂੰ ਕਾਬਲ ਮਨੁੱਖੀ ਸ਼ਕਤੀ ਦਾ ਨੁਕਸਾਨ ਹੋ ਰਿਹਾ ਹੈ। ਜੇਕਰ ਦੇਸ਼ ਅੰਦਰ ਹੀ ਵਧੀਆ ਰੁਜ਼ਗਾਰ ਅਤੇ ਕਾਰੋਬਾਰੀ ਮੌਕੇ ਉਪਲਬਧ ਹੋਣ ਤਾਂ ਇਹ ਰੁਝਾਨ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ......................................... ਹੁਨਰ ਵਿਕਾਸ ਤੇ ਉਦਯੋਗਿਕ ਨਿਵੇਸ਼ ਹੀ ਹੱਲ : ਨਰਿੰਦਰ ਥਿੰਦ ਐੱਨਜੀਓ ਕੋਆਰਡੀਨੇਸ਼ਨ ਕਮੇਟੀ ਦੇ ਬਲਾਕ ਪ੍ਰਧਾਨ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਥਿੰਦ ਨੇ ਕਿਹਾ ਕਿ ਸਿਰਫ਼ ਡਿਗਰੀਆਂ ਹੀ ਨਹੀਂ, ਸਗੋਂ ਰੁਜ਼ਗਾਰ-ਮੁਖੀ ਹੁਨਰਾਂ ਦਾ ਵਿਕਾਸ ਵੀ ਸਮੇਂ ਦੀ ਲੋੜ ਹੈ। ਉਦਯੋਗਾਂ ਨੂੰ ਉਤਸ਼ਾਹਿਤ ਕਰਕੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਤਕਨੀਕੀ ਸਿੱਖਿਆ, ਸਟਾਰਟਅੱਪ ਸਹਾਇਤਾ ਅਤੇ ਸਵੈ-ਰੁਜ਼ਗਾਰ ਯੋਜਨਾਵਾਂ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਖੋਲ੍ਹ ਸਕਦੀਆਂ ਹਨ। ......................................... ਚੋਣਾਵੀ ਵਾਅਦਿਆਂ ਤੋਂ ਅੱਗੇ ਵਧ ਕੇ ਠੋਸ ਕਦਮ ਚੁੱਕਣੇ ਹੋਣਗੇ : ਅਨਿਲ ਬਜਾਜ ਅਰੋੜਾ ਮਹਾਂਸਭਾ ਪੰਜਾਬ ਦੇ ਜਰਨਲ ਸਕੱਤਰ ਅਤੇ ਸਮਾਜ ਸੇਵੀ ਅਨਿਲ ਬਜਾਜ ਨੇ ਕਿਹਾ ਕਿ ਨੌਜਵਾਨਾਂ ਨੂੰ ਸਿਰਫ਼ ਭਰੋਸਿਆਂ ਦੀ ਨਹੀਂ, ਸਗੋਂ ਵਿਵਹਾਰਕ ਅਤੇ ਪ੍ਰਭਾਵਸ਼ਾਲੀ ਨੀਤੀਆਂ ਦੀ ਲੋੜ ਹੈ। ਰੁਜ਼ਗਾਰ ਸਿਰਜਣਾ ਨੂੰ ਵਿਕਾਸ ਦੇ ਕੇਂਦਰ ਵਿੱਚ ਰੱਖ ਕੇ ਹੀ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਸਮੇਂ ਦੀ ਮੰਗ ਹੈ ਕਿ ਸਰਕਾਰ, ਉਦਯੋਗ ਅਤੇ ਸਿੱਖਿਆ ਸੰਸਥਾਵਾਂ ਮਿਲ ਕੇ ਅਜਿਹਾ ਮਾਹੌਲ ਤਿਆਰ ਕਰਨ ਜਿਸ ਨਾਲ ਨੌਜਵਾਨਾਂ ਨੂੰ ਆਪਣੇ ਹੀ ਦੇਸ਼ ਵਿੱਚ ਮਾਣਯੋਗ ਭਵਿੱਖ ਮਿਲ ਸਕੇ।