ਪੁਲਿਸ ਤੋਂ ਇਨਸਾਫ ਨਾ ਮਿਲਿਆ ਤਾਂ ਨੌਜਵਾਨ ਨੇ ਪੀਤੀ ਜ਼ਹਿਰੀਲੀ ਦਵਾਈ ਇਨਸਾਫ ਨਾ ਮਿਲਿਆ ਤਾਂ ਨੌਜਵਾਨ ਨੇ ਪੀਤੀ ਜ਼ਹਿਰੀਲੀ ਦਵਾਈ
Publish Date: Wed, 08 Jul 2026 07:29 PM (IST)
Updated Date: Wed, 08 Jul 2026 07:30 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਮਮਦੋਟ ; ਅੰਗਰੇਜੀ ਦੀ ਕਹਾਵਤ ‘ਜਸਟਿਸ ਡਿਲੇੲਡ ਇਜ਼ ਜਸਟਿਸ ਡਿਨਾਈਡ’ ਸਰਹੱਦੀ ਕਸਬਾ ਮਮਦੋਟ ਦੇ ਪਿੰਡ ਲਖਮੀਰ ਕੇ ਹਿਠਾੜ ਵਿਖੇ ਇੰਨ ਬਿੰਨ ਢੁੱਕਦੀ ਨਜ਼ਰ ਆਈ ਜਿਥੇ ਦਬੰਗਾਂ ਵੱਲੋਂ ਚਾਰ ਚਾਰ ਹਮਲਿਆਂ ਦੇ ਬਾਵਜੂਦ ਸਥਾਨਕ ਪੁਲਿਸ ਵੱਲੋਂ ਇਨਸਾਫ ਨਾ ਮਿਲਣ ’ਤੇ ਇਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾਢ੍ਹਿਆਂ ਵੱਲੋਂ ਲਗਾਤਾਰ ਚਾਰ ਵਾਰ ਹਮਲਾ ਕਰਕੇ ਪਿੰਡ ਲਖਮੀਰ ਰਕੇ ਹਿਠਾੜ ਦੇ ਇਕ ਪਰਿਵਾਰ ਦੀ ਬੂਰੀ ਤਰਾਂ ਕੀਤੀ ਮਾਰ ਕੁੱਟ ਦਾ ਪੁਲਿਸ ਤੋਂ ਇਨਸਾਫ ਨਾ ਮਿਲਣ ਤੋਂ ਦੁਖੀ ਪਰਿਵਾਰ ਦੇ ਨੌਜਵਾਨ ਪੁੱਤਰ ਗੁਰਪ੍ਰੀਤ ਸਿੰਘ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁੱਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਗੰਭੀਰ ਹਾਲਤ ਵਿੱਚ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ,ਜਿਥੋਂ ਉਸ ਦੀ ਨਾਜੁਕ ਹਾਲਤ ਵੇਖਦਿਆਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਉਧਰ ਇਸ ਸਬੰਧੀ ਪੀੜਤ ਸਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 12-13 ਸਾਲ ਪਹਿਲਾਂ ਆਪਣੀ ਖਰੀਦੀ ਹੋਈ ਜ਼ਮੀਨ ਤੇ ਘਰ ਬਣਾਇਆ ਸੀ, ਪਰ ਪਿਛਲੇ ਦੋ-ਢਾਈ ਸਾਲਾਂ ਤੋਂ ਕੁਝ ਲੋਕ ਕਥਿਤ ਤੌਰ ਤੇ ਉਨ੍ਹਾਂ ਨੂੰ ਉੱਥੋਂ ਉਜਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਦਾ ਦਾਅਵਾ ਹੈ ਕਿ ਇਸੇ ਰੰਜਿਸ਼ ਕਾਰਨ ਪਰਿਵਾਰ ਤੇ ਹੁਣ ਤੱਕ ਚਾਰ ਵਾਰ ਹਮਲੇ ਹੋ ਚੁੱਕੇ ਹਨ। ਪਹਿਲਾਂ ਮੋਟਰਸਾਈਕਲ ਅਤੇ ਮੋਬਾਈਲ ਖੋਹਣ, ਫਿਰ ਉਸ ਦੀ ਮਾਂ ਦੀਆਂ ਉਂਗਲਾਂ ਤੋੜਨ, ਪਿਤਾ ਦੇ ਸਿਰ ਤੇ ਹਮਲਾ ਕਰਨ, ਚਾਚਾ-ਚਾਚੀ ਦੀ ਕੁੱਟਮਾਰ ਕਰਨ ਅਤੇ ਹਾਲੀਆ ਹਮਲੇ ਵਿੱਚ ਪਿਤਾ ਦੀ ਨੱਕ ਦੀ ਹੱਡੀ ਤੋੜ ਦੇਣ ਦੇ ਦੋਸ਼ ਵੀ ਲਗਾਏ ਗਏ ਹਨ। ਪਰਿਵਾਰ ਦਾ ਇਹ ਵੀ ਦਾਅਵਾ ਹੈ ਕਿ ਉਨ੍ਹਾਂ ਦੀ ਹਰੀ ਫਸਲ ਵੀ ਉਜਾੜ ਦਿੱਤੀ ਗਈ। ਸਭ ਤੋਂ ਦਰਦਨਾਕ ਮੋੜ ਉਸ ਵੇਲੇ ਆਇਆ ਜਦੋਂ ਪਰਿਵਾਰ ਦੇ ਇੱਕ ਮੈਂਬਰ ਨੇ ਕਥਿਤ ਤੌਰ ਤੇ ਨਿਰਾਸ਼ ਹੋ ਕੇ ਜ਼ਹਿਰੀਲੀ ਦਵਾਈ ਪੀ ਲਈ। ਪਰਿਵਾਰ ਵੱਲੋਂ ਸਾਂਝੀ ਕੀਤੀ ਵਿਡੀੳ ਵਿੱਚ ਨੋਜਵਾਨ ਦਾ ਕਹਿਣਾ ਹੈ ਕਿ ਦਵਾਈ ਪੀਣ ਤੋਂ ਪਹਿਲਾਂ ਉਸ ਨੇ ਇਹ ਵੀਡੀਓ ਰਿਕਾਰਡ ਕੀਤੀ ਹੈ, ਜਿਸ ਵਿੱਚ ਆਪਣੀ ਇਸ ਹਾਲਤ ਲਈ ਕੁਝ ਵਿਅਕਤੀਆਂ ਅਤੇ ਪੁਲਿਸ ਦੀ ਕਥਿਤ ਕਾਰਵਾਈ ਨੂੰ ਜ਼ਿੰਮੇਵਾਰ ਠਹਿਰਾਇਆ।ਪੀੜਤ ਪਰਿਵਾਰ ਨੇ ਕੁਝ ਪੁਲਿਸ ਮੁਲਾਜ਼ਮਾਂ ਅਤੇ ਪਿੰਡ ਦੇ ਸਰਪੰਚ ਤੇ ਵੀ ਪੱਖਪਾਤ ਅਤੇ ਰਿਸ਼ਵਤ ਲੈ ਕੇ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਰੋਂਦਿਆਂ ਪਰਿਵਾਰ ਦੀ ਮਹਿਲਾ ਮੈਂਬਰ ਨੇ ਕਿਹਾ ਕਿ ਸਾਡਾ ਘਰ ਬਰਬਾਦ ਹੋ ਗਿਆ, ਪਰ ਸਾਡੀ ਸੁਣਨ ਵਾਲਾ ਕੋਈ ਨਹੀਂ। ਪਰਿਵਾਰ ਨੇ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ ਇਸ ਸਬੰਧੀ ਥਾਣਾ ਮਮਦੋਟ ਪੁਲਿਸ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਉਹ ਪੀੜਤ ਦੇ ਬਿਆਨ ਲੈਣ ਗਏ ਸਨ ,ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਣ ਬਿਆਨ ਨਹੀਂ ਲੈ ਸਕੇ । ਉਨ੍ਹਾਂ ਆਖਿਆ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ।