ਯੂਥ ਕਾਂਗਰਸ ਵਿਚ ਨੌਜਵਾਨ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ
ਉਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸੰਗਠਨ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ, ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਜਨ-ਸੇਵਾ ਨੂੰ ਆਪਣਾ ਮੁੱਖ ਧਿਆਨ ਬਣਾਉਣ ਦਾ ਸੱਦਾ ਦਿੱਤਾ।
Publish Date: Tue, 23 Jun 2026 04:49 PM (IST)
Updated Date: Tue, 23 Jun 2026 04:54 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਰਿਹਾਇਸ਼ ਵਿਖੇ ਯੂਥ ਕਾਂਗਰਸ ਦੇ ਨਵ-ਨਿਯੁਕਤ ਅਹੁਦੇਦਾਰਾਂ ਦੇ ਸਨਮਾਨ ਵਿਚ ਇਕ ਵਿਸ਼ੇਸ਼ ਮਿਲਣੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਨੌਜਵਾਨ ਆਗੂਆਂ ਦੀਆਂ ਮਹੱਤਵਪੂਰਨ ਨਿਯੁਕਤੀਆਂ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਸਮਾਗਮ ਦੌਰਾਨ ਪਰਮਿੰਦਰ ਸਿੰਘ ਲਾਡਾ ਨੂੰ ਪੰਜਾਬ ਯੂਥ ਕਾਂਗਰਸ ਦਾ ਜਨਰਲ ਸਕੱਤਰ, ਮਹਿਕਦੀਪ ਸਿੰਘ ਜ਼ੀਰਾ ਪੰਜਾਬ ਯੂਥ ਕਾਂਗਰਸ ਦੇ ਸੈਕਟਰੀ, ਕਰਨਵੀਰ ਸਿੰਘ ਬਰਾੜ ਨੂੰ ਜ਼ਿਲ੍ਹਾ ਯੂਥ ਕਾਂਗਰਸ ਫਿਰੋਜ਼ਪੁਰ ਦਾ ਪ੍ਰਧਾਨ, ਜੋਬਨਪ੍ਰੀਤ ਸਿੰਘ ਗਿੱਲ ਨੂੰ ਬਲਾਕ ਯੂਥ ਕਾਂਗਰਸ ਜ਼ੀਰਾ ਦਾ ਪ੍ਰਧਾਨ, ਸੁਖਵੰਤ ਸਿੰਘ ਬੇਰੀ ਵਾਲਾ, ਜਗਦੀਪ ਸਿੰਘ ਵਸਤੀ ਸ਼ਾਮੇ ਵਾਲੀ ਵਿਧਾਨ ਸਭਾ ਹਲਕਾ ਜ਼ੀਰਾ ਦੇ ਯੂਥ ਪ੍ਰਧਾਨ, ਪਰਮਵੀਰ ਸਿੰਘ ਜੌੜਾ ਐੱਸਸੀ ਸੈੱਲ ਜ਼ੀਰਾ ਦੇ ਪ੍ਰਧਾਨ, ਅਕਾਸ਼ ਸ਼ਰਮਾ ਨੂੰ ਜ਼ਿਲ੍ਹਾ ਯੂਥ ਕਾਂਗਰਸ ਫਿਰੋਜ਼ਪੁਰ ਦੇ ਜਨਰਲ ਸਕੱਤਰ ਵਜੋਂ ਨਿਯੁਕਤ ਹੋਣ ’ਤੇ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਲਿਆਉਣ ਅਤੇ ਉਨ੍ਹਾਂ ਦੀ ਯੋਗਤਾ ਨੂੰ ਮਾਣ ਦੇਣ ਲਈ ਵਚਨਬੱਧ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਆਂ ਨਿਯੁਕਤੀਆਂ ਨਾਲ ਯੂਥ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ ਅਤੇ ਨੌਜਵਾਨ ਵਰਗ ਦੀਆਂ ਆਸਾਂ ਤੇ ਉਮੀਦਾਂ ਨੂੰ ਬੁਲੰਦ ਆਵਾਜ਼ ਮਿਲੇਗੀ। ਉਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸੰਗਠਨ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ, ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਜਨ-ਸੇਵਾ ਨੂੰ ਆਪਣਾ ਮੁੱਖ ਧਿਆਨ ਬਣਾਉਣ ਦਾ ਸੱਦਾ ਦਿੱਤਾ।
ਨਵ-ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਂਡ ਅਤੇ ਕੁਲਬੀਰ ਸਿੰਘ ਜੀਰਾ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣਗੇ। ਇਸ ਮੌਕੇ ਕੌਂਸਲਰ ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਕੌਂਸਲਰ ਗੁਰਭਗਤ ਗਿੱਲ ਗੋਰਾ, ਲਖਵਿੰਦਰ ਸਿੰਘ ਜੋੜਾ, ਅਸ਼ੋਕ ਮਨਚੰਦਾ, ਨਰਿੰਦਰ ਚੰਦੀ, ਬੂਟਾ ਸਿੰਘ, ਰੋਮੀ ਚੋਪੜਾ ਆਦਿ ਹਾਜ਼ਰ ਸਨ।