- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਕਾਂ ਦੀ ਆਵਾਜ਼ ’ਤੇ ਡੰਡੇ ਕਿਉਂ ?

-ਕਿਹਾ, ਮੰਗਾਂ ਲਈ ਸੰਘਰਸ਼ ਕਰ ਰਹੇ ਲਾਈਨਮੈਨਾਂ ’ਤੇ ਹੋਏ ਲਾਠੀਚਾਰਜ ਦਾ ਮਾਮਲਾ
- ਕਿਹਾ, ਨੌਜਵਾਨਾਂ ਦੇ ਲੋਕਤੰਤਰੀ ਹੱਕਾਂ ’ਤੇ ਵੱਡਾ ਹਮਲਾ
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ
ਜ਼ੀਰਾ : ਪਟਿਆਲਾ ਵਿਖੇ ਪਾਵਰਕਾਮ ਹੈੱਡਕੁਆਰਟਰ ਅੱਗੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆਈਟੀਆਈ ਪਾਸ ਨੌਜਵਾਨਾਂ ਅਤੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਮੈਂਬਰਾਂ ’ਤੇ ਹੋਏ ਪੁਲਿਸ ਲਾਠੀਚਾਰਜ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ ਅਤੇ ਕੌਂਸਲਰ ਪ੍ਰਿਤਪਾਲ ਸਿੰਘ ਕਾਕਾ ਜੈਲਦਾਰ ਅਤੇ ਕੌਂਸਲਰ ਗੁਰਭਗਤ ਗਿੱਲ ਗੋਰਾ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਨੌਜਵਾਨਾਂ ਦੇ ਲੋਕਤੰਤਰੀ ਹੱਕਾਂ ’ਤੇ ਵੱਡਾ ਹਮਲਾ ਕਰਾਰ ਦਿੱਤਾ ਹੈ।
ਆਗੂਆਂ ਨੇ ਕਿਹਾ ਕਿ ਰੁਜ਼ਗਾਰ ਦੀ ਉਮੀਦ ਨਾਲ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੌਜਵਾਨ ਆਪਣੀਆਂ ਮੰਗਾਂ ਦੇ ਹੱਲ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਉਠਾ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਅਤੇ ਸਬੰਧਿਤ ਪ੍ਰਬੰਧਨ ਨਾਲ ਕਈ ਗੇੜਾਂ ਦੀ ਗੱਲਬਾਤ ਦੇ ਬਾਵਜੂਦ ਜਦੋਂ ਕੋਈ ਠੋਸ ਨਤੀਜਾ ਸਾਹਮਣੇ ਨਾ ਆਇਆ ਤਾਂ ਨੌਜਵਾਨਾਂ ਨੇ ਧਰਨੇ ਦਾ ਰਸਤਾ ਅਪਣਾਇਆ, ਪਰ ਮਸਲੇ ਦੇ ਹੱਲ ਦੀ ਬਜਾਏ ਬਲ ਪ੍ਰਯੋਗ ਕਰਨਾ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਜਿਹੜੇ ਨੌਜਵਾਨ ਆਪਣੇ ਭਵਿੱਖ ਅਤੇ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ’ਤੇ ਡੰਡੇ ਵਰ੍ਹਾਉਣਾ ਬੇਹੱਦ ਦੁਖਦਾਈ ਅਤੇ ਨਿਰਾਸ਼ਾਜਨਕ ਹੈ। ਹਰੀਸ਼ ਜੈਨ ਗੋਗਾ ਨੇ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਅਪਣਾਉਣਾ ਚਾਹੀਦਾ ਸੀ, ਨਾ ਕਿ ਤਾਕਤ ਦੇ ਜ਼ਰੀਏ ਉਨ੍ਹਾਂ ਦੀ ਆਵਾਜ਼ ਦਬਾਉਣੀ ਚਾਹੀਦੀ ਸੀ।
ਪ੍ਰਿਤਪਾਲ ਸਿੰਘ ਕਾਕਾ ਜੈਲਦਾਰ ਅਤੇ ਗੁਰਭਗਤ ਗਿੱਲ ਗੋਰਾ ਨੇ ਕਿਹਾ ਕਿ ਸੂਬੇ ਵਿੱਚ ਬੇਰੁਜ਼ਗਾਰੀ ਇੱਕ ਗੰਭੀਰ ਚੁਣੌਤੀ ਬਣ ਚੁੱਕੀ ਹੈ, ਪਰ ਸਰਕਾਰ ਨੌਕਰੀਆਂ ਦੇ ਮੌਕੇ ਵਧਾਉਣ ਦੀ ਥਾਂ ਸੰਘਰਸ਼ਸ਼ੀਲ ਨੌਜਵਾਨਾਂ ’ਤੇ ਸਖ਼ਤੀ ਕਰ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਲਾਠੀਚਾਰਜ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ, ਜ਼ਖ਼ਮੀ ਨੌਜਵਾਨਾਂ ਦੇ ਇਲਾਜ ਦਾ ਸਾਰਾ ਖ਼ਰਚਾ ਸਰਕਾਰ ਵੱਲੋਂ ਚੁੱਕਿਆ ਜਾਵੇ ਅਤੇ ਪ੍ਰਭਾਵਿਤ ਨੌਜਵਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਮਸਲਿਆਂ ਦਾ ਹੱਲ ਗੱਲਬਾਤ ਅਤੇ ਸੰਵੇਦਨਸ਼ੀਲਤਾ ਨਾਲ ਹੀ ਸੰਭਵ ਹੈ।