- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਚੀਆਂ ਕੰਧਾਂ ਪਿੱਛੇ ਲੁਕਿਆ ਕਿਹੜਾ ਖ਼ਤਰਾ? ਸ਼ਹਿਰ ’ਚ ਚਰਚਾਵਾਂ ਦਾ ਦੌਰ ਤੇਜ਼

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜ਼ੀਰਾ : ਇਨ੍ਹਾਂ ਦਿਨਾਂ ਆਪਣੀ ਪੁਲਿਸੀ ਕਾਰਗੁਜ਼ਾਰੀ ਨਾਲੋਂ ਵੱਧ ਆਪਣੇ ਕਿਲ੍ਹਾਨੁਮਾ ਸੁਰੱਖਿਆ ਪ੍ਰਬੰਧਾਂ ਕਾਰਨ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਕਾਨੂੰਨ ਦੀ ਰੱਖਿਆ ਅਤੇ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਥਾਣਾ ਸਿਟੀ ਜ਼ੀਰਾ ਹੁਣ ਉੱਚੀਆਂ ਕੰਧਾਂ, ਕੰਡਿਆਲੀਆਂ ਤਾਰਾਂ ਅਤੇ ਲੋਹੇ ਦੀਆਂ ਮਜ਼ਬੂਤ ਜਾਲੀਆਂ ਦੇ ਘੇਰੇ ਵਿੱਚ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਸੁਰੱਖਿਆ ਪ੍ਰਬੰਧਾਂ ਨੂੰ ਪੜਾਅਵਾਰ ਢੰਗ ਨਾਲ ਮਜ਼ਬੂਤ ਕੀਤਾ ਗਿਆ। ਸਭ ਤੋਂ ਪਹਿਲਾਂ ਥਾਣੇ ਦੀਆਂ ਚਾਰਦੀਵਾਰੀਆਂ ਨੂੰ ਆਮ ਉਚਾਈ ਨਾਲੋਂ ਕਈ ਫੁੱਟ ਵੱਧ ਉੱਚਾ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਉੱਪਰ ਤਿੱਖੀਆਂ ਕੰਡਿਆਲੀਆਂ ਤਾਰਾਂ ਲਗਾਈਆਂ ਗਈਆਂ। ਹੁਣ ਤਾਜ਼ਾ ਕਦਮ ਤਹਿਤ ਥਾਣੇ ਦੇ ਖੁੱਲ੍ਹੇ ਹਿੱਸਿਆਂ ਤੇ ਸੰਵੇਦਨਸ਼ੀਲ ਥਾਵਾਂ ਨੂੰ ਲੋਹੇ ਦੀਆਂ ਮਜ਼ਬੂਤ ਜਾਲੀਆਂ ਨਾਲ ਪੂਰੀ ਤਰ੍ਹਾਂ ਢੱਕ ਦਿੱਤਾ ਗਿਆ ਹੈ, ਜਿਸ ਨਾਲ ਇਹ ਸਥਾਨ ਕਿਸੇ ਸੁਰੱਖਿਆ ਚੌਕੀ ਜਾਂ ਕਿਲ੍ਹੇ ਦਾ ਅਹਿਸਾਸ ਕਰਵਾਉਂਦਾ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਦ੍ਰਿਸ਼ ਆਮ ਪੁਲਿਸ ਥਾਣੇ ਦੀ ਬਜਾਏ ਕਿਸੇ ਅਤਿ-ਸੰਵੇਦਨਸ਼ੀਲ ਸੁਰੱਖਿਆ ਕੇਂਦਰ ਦੀ ਯਾਦ ਦਿਵਾਉਂਦਾ ਹੈ। ਇਲਾਕੇ ਵਿੱਚ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਆਖ਼ਿਰ ਅਜਿਹੀ ਸਖ਼ਤ ਘੇਰਾਬੰਦੀ ਦੀ ਲੋੜ ਕਿਉਂ ਮਹਿਸੂਸ ਕੀਤੀ ਗਈ ਹੈ ਅਤੇ ਕਿਹੜੇ ਖ਼ਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕੇ ਗਏ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਵਿੱਚ ਵਾਪਰੀਆਂ ਕੁਝ ਸੁਰੱਖਿਆ ਸੰਬੰਧੀ ਘਟਨਾਵਾਂ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦਾ ਜੋਖ਼ਮ ਨਹੀਂ ਲੈਣਾ ਚਾਹੁੰਦੀ ਅਤੇ ਅਗਾਊਂ ਸੁਰੱਖਿਆ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਹਾਲਾਂਕਿ ਸੁਰੱਖਿਆ ਦੇ ਇਹ ਵਧੇ ਹੋਏ ਇੰਤਜ਼ਾਮ ਲੋਕਾਂ ਦੇ ਮਨਾਂ ਵਿੱਚ ਇੱਕ ਵੱਖਰੀ ਚਿੰਤਾ ਵੀ ਪੈਦਾ ਕਰ ਰਹੇ ਹਨ। ਸ਼ਹਿਰ ਦੇ ਬੁੱਧੀਜੀਵੀ ਵਰਗ ਅਤੇ ਆਮ ਨਾਗਰਿਕਾਂ ਦਾ ਕਹਿਣਾ ਹੈ ਕਿ ਜੇਕਰ ਹਥਿਆਰਾਂ ਨਾਲ ਲੈਸ ਅਤੇ ਕਾਨੂੰਨ ਦੇ ਰੱਖਿਅਕ ਮੰਨੇ ਜਾਣ ਵਾਲੇ ਸੁਰੱਖਿਆ ਬਲ ਆਪਣੇ ਹੀ ਦਫ਼ਤਰਾਂ ਨੂੰ ਇੰਨੀ ਮਜ਼ਬੂਤ ਘੇਰਾਬੰਦੀ ਵਿਚ ਲਿਆਉਣ ਲਈ ਮਜਬੂਰ ਹੋ ਰਹੇ ਹਨ ਤਾਂ ਫਿਰ ਗਲੀਆਂ, ਬਾਜ਼ਾਰਾਂ ਅਤੇ ਪਿੰਡਾਂ ਵਿੱਚ ਰਹਿੰਦੇ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਸੁਭਾਵਿਕ ਹੈ। ਥਾਣੇ ਦੇ ਆਲੇ-ਦੁਆਲੇ ਖੜ੍ਹੀਆਂ ਇਹ ਉੱਚੀਆਂ ਕੰਧਾਂ, ਕੰਡਿਆਲੀਆਂ ਤਾਰਾਂ ਅਤੇ ਜਾਲੀਆਂ ਸਿਰਫ਼ ਇੱਕ ਇਮਾਰਤ ਦੀ ਸੁਰੱਖਿਆ ਦੀ ਕਹਾਣੀ ਨਹੀਂ ਬਿਆਨ ਕਰਦੀਆਂ, ਸਗੋਂ ਇਹ ਮੌਜੂਦਾ ਸੁਰੱਖਿਆ ਮਾਹੌਲ ਅਤੇ ਸਮਾਜ ਵਿਚ ਵਧ ਰਹੀਆਂ ਚਿੰਤਾਵਾਂ ਦਾ ਵੀ ਇੱਕ ਪ੍ਰਤੀਕ ਬਣਦੀਆਂ ਨਜ਼ਰ ਆ ਰਹੀਆਂ ਹਨ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ਉੱਤੇ ਟਿਕੀਆਂ ਹਨ ਕਿ ਕੀ ਇਹ ਪ੍ਰਬੰਧ ਸਿਰਫ਼ ਸਾਵਧਾਨੀ ਦਾ ਹਿੱਸਾ ਹਨ ਜਾਂ ਫਿਰ ਇਹ ਕਿਸੇ ਵੱਡੀ ਚਿੰਤਾ ਦੀ ਖਾਮੋਸ਼ ਦਸਤਕ ਹੈ।