ਪਿਸਤੌਲ ਦਾ ਡਰਾਵਾ ਦੇ ਕੇ ਗੱਡੀ ਤੇ ਦੋ ਆਈਫੋਨ ਖੋਹੇ, ਪੁਲਿਸ ਨੇ ਦੋਸਤ ਸਮੇਤ 3 ਖਿਲਾਫ ਦਰਜ ਕੀਤਾ ਮੁਕੱਦਮਾ
ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਗੁਰਲਾਲ ਸਿੰਘ ਨੇ ਦੱਸਿਆ ਕਿ ਮਾਧਵ ਅਨੇਜਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਉਸ ਦੇ ਦੋਸਤ ਜਸਕਰਨ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
Publish Date: Sun, 29 Mar 2026 11:07 AM (IST)
Updated Date: Sun, 29 Mar 2026 11:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਜ਼ੀਰਾ ਵਿਖੇ ਦੇਰ ਰਾਤ ਇਕ ਨੌਜਵਾਨ ਨੂੰ ਪਿਸਤੌਲ ਦਾ ਡਰਾਵਾ ਦੇ ਕੇ ਲੁੱਟ-ਖੋਹ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਜ਼ੀਰਾ ਪੁਲਿਸ ਨੇ ਇਸ ਸਬੰਧੀ ਇਕ ਨੌਜਵਾਨ ਦੇ ਦੋਸਤ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ 304 (2), 61 (2) ਬੀਐੱਨਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਮਾਧਵ ਅਨੇਜਾ ਵਾਸੀ ਮੁਹੱਲਾ ਕੰਬੋਆ ਵਾਲਾ ਨੇ ਦੱਸਿਆ ਕਿ 27 ਮਾਰਚ ਦੀ ਰਾਤ ਕਰੀਬ 12.30 ਵਜੇ ਉਸ ਦੇ ਦੋਸਤ ਜਸਕਰਨ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਤਲਵੰਡੀ ਜੱਲੇ ਖਾਂ ਨੇ ਉਸ ਦੇ ਵ੍ਹਟਸਐਪ ’ਤੇ ਫੋਨ ਕਰਕੇ ਕਿਹਾ ਕਿ ਉਸ ਦੇ ਕੁਝ ਦੋਸਤਾਂ ਦੀ ਗੱਡੀ ਖਰਾਬ ਹੋ ਗਈ ਹੈ ਅਤੇ ਉਹ ਬੱਸ ਸਟੈਂਡ ਕੋਲ ਖੜੇ ਹੋਏ ਹਨ। ਜਸਕਰਨ ਨੇ ਉਸ ਨੂੰ ਕਿਹਾ ਕਿ ਉਹ ਆਪਣੀ ਗੱਡੀ ’ਤੇ ਉਨ੍ਹਾਂ ਨੂੰ ਛੱਡ ਆਵੇ। ਮਾਧਵ ਅਨੇਜਾ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਗ੍ਰੈਂਡ ਆਈ-10 ਗੱਡੀ ਲੈ ਕੇ ਬੱਸ ਸਟੈਂਡ ਪਹੁੰਚਿਆ ਅਤੇ ਉੱਥੋਂ ਦੋ ਅਣਪਛਾਤੇ ਨੌਜਵਾਨਾਂ ਨੂੰ ਲੈ ਕੇ ਰਵਾਨਾ ਹੋਇਆ। ਜਦੋਂ ਉਹ ਜ਼ੀਰਾ ਸਿਨੇਮਾ ਦੇ ਨੇੜੇ ਪਹੁੰਚੇ ਤਾਂ ਉਕਤ ਨੌਜਵਾਨਾਂ ਨੇ ਪਿਸਤੌਲ ਦਾ ਡਰਾਵਾ ਦੇ ਕੇ ਉਸ ਦੀ ਗ੍ਰੈਂਡ ਆਈ-10 ਗੱਡੀ ਪੀਬੀ 47 ਐਫ 2101, ਇਕ ਆਈਫੋਨ 16 ਅਤੇ ਇਕ ਆਈਫੋਨ 14 ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਗੁਰਲਾਲ ਸਿੰਘ ਨੇ ਦੱਸਿਆ ਕਿ ਮਾਧਵ ਅਨੇਜਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਉਸ ਦੇ ਦੋਸਤ ਜਸਕਰਨ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।