ਫਿਰੋਜ਼ਪੁਰ ਦੇ ‘ਲਿਬਾਸ ਸ਼ੋਅਰੂਮ’ ਫਾਇਰਿੰਗ ਮਾਮਲੇ ’ਚ ਦੋ ਹਥਿਆਰਾਂ ਸਮੇਤ ਗ੍ਰਿਫ਼ਤਾਰ ਫਿਰੋਜ਼ਪੁਰ ਦੇ ਲਿਬਾਸ ਸ਼ੋਅਰੂਮ ਫਾਇਰਿੰਗ ਮਾਮਲੇ ਵਿਚ ਦੋ ਦੋਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ
Publish Date: Tue, 30 Jun 2026 07:16 PM (IST)
Updated Date: Tue, 30 Jun 2026 07:19 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਬੀਤੀ 23 ਜੂਨ ਨੂੰ ਸਥਾਨਕ ਮਾਲ ਰੋਡ ਸਥਿਤ ‘ਲਿਬਾਸ ਸ਼ੋਅਰੂਮ’ ’ਤੇ ਫਾਇਰਿੰਗ ਕਰਨ ਵਾਲੇ ਦੋ ਜਣਿਆਂ ਨੂੰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਕਰੀਬ ਇਕ ਹਫਤਾ ਚੱਲੀ ‘ਇਨਵੈਸਟੀਗੇਸ਼ਨ’ ਵਿੱਚ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਖ਼ਬਰੀ ਨੈਟਵਰਕ ਜਰੀਏ ਦੋਸ਼ੀਆਂ ਨੂੰ ਦਬੋਚ ਕੇ ਵਾਰਦਾਤ ਵਿਚ ਵਰਤਿਆ ਬਿਨ੍ਹਾ ਨੰਬਰ ਵਾਲਾ ਮੋਟਰਸਾਈਕਲ, ਇੱਕ ਵਿਦੇਸ਼ੀ ਪਿਸਤੌਲ, ਜਿੰਦਾ ਰੌਂਦ ਅਤੇ ਖੋਲ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਇਹ ਵਾਰਦਾਤ ਪੁਰਾਣੀ ਰੰਜਿਸ਼ ਤਹਿਤ ਕਿਸੇ ਹੋਰ ਵਿਅਕਤੀ ਦੇ ਇਸ਼ਾਰੇ ’ਤੇ ਕੀਤੀ ਗਈ ਸੀ,ਜੋ ਅਜੇ ਪੁਲਿਸ ਦੀ ਪਹੁੰਚ ਤੋਂ ਬਾਹਰ ਹ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਸੁਖਚੈਨ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮਾਲ ਰੋਡ ’ਤੇ ਸਥਿਤ ਲਿਬਾਸ ਸ਼ੋਅਰੂਮ ’ਤੇ ਹੋਈ ਫਾਇਰਿੰਗ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 23 ਜੂਨ 2026 ਨੂੰ ਸ਼ਾਮ ਕਰੀਬ 6.30 ਵਜੇ ਸ਼ੋਅਰੂਮ ਮਾਲਕ ਗੁਰਜੀਤ ਕੌਰ ਪਤਨੀ ਮੰਗਾ ਸਿੰਘ ਵਾਸੀ ਕਸੂਰੀ ਗੇਟ ਆਪਣੇ ਸਟਾਫ਼ ਸਮੇਤ ਹਾਜ਼ਰ ਸੀ, ਤਾਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਹਿਸ਼ਤ ਫੈਲਾਉਣ ਲਈ ਸ਼ੋਅਰੂਮ ਵੱਲ ਫਾਇਰ ਕੀਤਾ, ਜੋ ਸਿੱਧਾ ਸ਼ੀਸ਼ੇ ’ਤੇ ਜਾ ਲੱਗਿਆ। ਪੁਲਿਸ ਨੇ ਤੁਰੰਤ ਮੁਕੱਦਮਾ ਨੰਬਰ 214, ਅਧੀਨ ਧਾਰਾ 125 ਬੀਐੱਨਐੱਸ ਅਤੇ 25/27 ਅਸਲਾ ਐਕਟ ਤਹਿਤ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ। ਦੌਰਾਨੇ ਤਫ਼ਤੀਸ਼ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਦੀ ਪਛਾਣ ਲਵਕੇਸ਼ ਉਰਫ਼ ਲਕਸ਼ ਪੁੱਤਰ ਸੋਨੀ ਅਤੇ ਆਰਿਅਨ ਉਰਫ਼ ਨੰਨਾ ਪੁੱਤਰ ਬੱਬੂ ਦੋਵੇਂ ਨਿਵਾਸੀ ਗਲੀ ਸੇਠੀ ਮਾਡਲ ਸਕੂਲ, ਮਖੂ ਗੇਟ ਵਜੋਂ ਹੋਈ। ਪੁਲਿਸ ਨੇ 29 ਜੂਨ ਨੂੰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਵਾਰਦਾਤ ਸਮੇਂ ਵਰਤਿਆ ਬਿਨ੍ਹਾ ਨੰਬਰੀ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ। ਅੱਜ 30 ਜੂਨ ਨੂੰ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਵੱਡਾ ਖੁਲਾਸਾ ਕੀਤਾ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਵਿਚ ਵਰਤਿਆ ਤੁਰਕੀ ਮੇਡ ਪਿਸਤੌਲ 30 ਬੋਰ ਸਮੇਤ ਮੈਗਜ਼ੀਨ, 01 ਜਿੰਦਾ ਰੌਂਦ ਅਤੇ 01 ਖੋਲ ਬਰਾਮਦ ਕੀਤਾ ਗਿਆ। ਥਾਣਾ ਮੁਖੀ ਅਨੁਸਾਰ ਦੋਸ਼ੀਆਂ ਨੇ ਕਬੂਲਿਆ ਕਿ ਇਹ ਵਾਰਦਾਤ ਉਨ੍ਹਾਂ ਨੇ ਇਕ ਤੀਜੇ ਵਿਅਕਤੀ ਦੇ ਕਹਿਣ ’ਤੇ ਕੀਤੀ ਸੀ, ਜਿਸ ਦੀ ਸ਼ੋਅਰੂਮ ਮਾਲਕਾਂ ਨਾਲ ਪੁਰਾਣੀ ਰੰਜਿਸ਼ ਸੀ ਅਤੇ ਉਸੇ ਨੇ ਹੀ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਪੁਲਿਸ ਦੱਸਿਆ ਕਿ ਵਾਰਦਾਤ ਸਮੇਂ ਲਵਕੇਸ਼ ਉਰਫ਼ ਲਕਸ਼ ਨੇ ਫਾਇਰਿੰਗ ਕੀਤੀ ਸੀ, ਜਦੋਂ ਕਿ ਆਰਿਅਨ ਉਰਫ਼ ਨੰਨਾ ਮੋਟਰਸਾਈਕਲ ਚਲਾ ਰਿਹਾ ਸੀ। ਪੁਲਿਸ ਮੁੱਖ ਸਾਜ਼ਿਸ਼ਕਰਤਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਤਾਂ ਜੋ ਸਾਰੀ ਅਸਲੀਅਤ ਸਾਹਮਣੇ ਆ ਸਕੇ।