ਰਾਸ਼ਟਰੀ ਸੀਏ ਦਿਵਸ ਮੌਕੇ ਤਿੰਨ ਚਾਰਟਰਡ ਅਕਾਊਂਟੈਂਟ ਸਨਮਾਨਿਤ ਰਾਸ਼ਟਰੀ ਸੀਏ ਦਿਵਸ ਮੌਕੇ ਤਿੰਨ ਚਾਰਟਰਡ ਅਕਾਊਂਟੈਂਟ ਸਨਮਾਨਿਤ
Publish Date: Thu, 02 Jul 2026 06:26 PM (IST)
Updated Date: Thu, 02 Jul 2026 06:29 PM (IST)
- ਸਵਦੇਸ਼ੀ ਜਾਗਰਣ ਮੰਚ ਵੱਲੋਂ ਸ਼ਾਨਦਾਰ ਸੇਵਾਵਾਂ ਲਈ ਤਿੰਨ ਵੱਕਾਰੀ ਸਨਮਾਨ ਪ੍ਰਦਾਨ - ਸੰਗਠਨ ਮੰਤਰੀ ਵਿਨੈ ਕੁਮਾਰ ਨੇ ਕਿਹਾ: ਮਜ਼ਬੂਤ ਅਰਥਵਿਵਸਥਾ ਲਈ ਨੌਜਵਾਨਾਂ ਦਾ ਉਦਯਮਤਾ ਵੱਲ ਵਧਣਾ ਜ਼ਰੂਰੀ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਰਾਸ਼ਟਰੀ ਚਾਰਟਰਡ ਅਕਾਊਂਟੈਂਟ ਦਿਵਸ ਦੇ ਮੌਕੇ ’ਤੇ ਸਵਦੇਸ਼ੀ ਜਾਗਰਣ ਮੰਚ ਵੱਲੋਂ ਸਰਹੱਦੀ ਜ਼ਿਲ੍ਹੇ ਦੇ ਤਿੰਨ ਪ੍ਰਸਿੱਧ ਚਾਰਟਰਡ ਅਕਾਊਂਟੈਂਟਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪੇਸ਼ੇਵਰ ਅਤੇ ਸਮਾਜਿਕ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸਵਦੇਸ਼ੀ ਜਾਗਰਣ ਮੰਚ ਦੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਸੰਗਠਨ ਮੰਤਰੀ ਵਿਨਯ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਵਦੇਸ਼ੀ ਜਾਗਰਣ ਮੰਚ ਦੇ ਪ੍ਰਾਂਤੀ ਪ੍ਰਚਾਰ ਪ੍ਰਮੁੱਖ ਅਰੁਣ ਬੇਰੀ ਨੇ ਦੱਸਿਆ ਕਿ ਸ਼ਹਿਰ ਦੀ ਆਰਥਿਕ ਤਰੱਕੀ ਵਿੱਚ ਪਿਛਲੇ 37 ਸਾਲਾਂ ਤੋਂ ਅਹਿਮ ਯੋਗਦਾਨ ਪਾਉਣ ਵਾਲੇ ਸੀਨੀਅਰ ਚਾਰਟਰਡ ਅਕਾਊਂਟੈਂਟ ਸੀਏ ਵਰਿੰਦਰ ਮੋਹਨ ਸਿੰਘਲ ਨੂੰ ਉਨ੍ਹਾਂ ਦੀਆਂ ਬੇਮਿਸਾਲ ਪੇਸ਼ੇਵਰ ਸੇਵਾਵਾਂ ਲਈ ‘ਐਕਸੀਲੈਂਸ ਇਨ ਪ੍ਰੋਫੈਸ਼ਨਲ ਪ੍ਰੈਕਟਿਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸਮਾਜ ਅਤੇ ਆਪਣੇ ਪੇਸ਼ੇ ਦੇ ਖੇਤਰ ਵਿਚ 26 ਸਾਲਾਂ ਤੋਂ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸੀਏ ਗਗਨਦੀਪ ਸਿੰਘਲ ਨੂੰ ‘ਐਕਸੀਲੈਂਸ ਇਨ ਸੋਸ਼ਲ ਐਂਡ ਕਮਿਊਨਿਟੀ ਸਰਵਿਸ ਐਵਾਰਡ’, ਜਦਕਿ ਨੌਜਵਾਨ ਚਾਰਟਰਡ ਅਕਾਊਂਟੈਂਟ ਸੀਏ ਵੰਸ਼ਮ ਸਿੰਘਲ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ ਯੰਗ ਅਚੀਵਰ ਚਾਰਟਰਡ ਅਕਾਊਂਟੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਠਨ ਮੰਤਰੀ ਵਿਨੈ ਕੁਮਾਰ ਨੇ ਕਿਹਾ ਕਿ ਕਿਸੇ ਵੀ ਰਾਸ਼ਟਰ ਦੀ ਖੁਸ਼ਹਾਲੀ ਉਸ ਦੀ ਮਜ਼ਬੂਤ ਅਰਥਵਿਵਸਥਾ ਤੇ ਨਿਰਭਰ ਕਰਦੀ ਹੈ ਅਤੇ ਚਾਰਟਰਡ ਅਕਾਊਂਟੈਂਟ ਇਸ ਵਿਵਸਥਾ ਦੀ ਇੱਕ ਅਹਿਮ ਕੜੀ ਹਨ। ਉਨ੍ਹਾਂ ਕਿਹਾ ਕਿ ਸਿੰਘਲ ਪਰਿਵਾਰ ਨੇ ਸਾਲਾਂ ਤੋਂ ਫਿਰੋਜ਼ਪੁਰ ਦੇ ਵਪਾਰਕ ਅਤੇ ਆਰਥਿਕ ਖੇਤਰ ਵਿਚ ਆਪਣੀਆਂ ਸੇਵਾਵਾਂ ਰਾਹੀਂ ਵਿਸ਼ੇਸ਼ ਪਛਾਣ ਬਣਾਈ ਹੈ ਅਤੇ ਉਨ੍ਹਾਂ ਦਾ ਸਨਮਾਨ ਸਮੁੱਚੇ ਸੀਏ ਭਾਈਚਾਰੇ ਦਾ ਸਨਮਾਨ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਰਫ਼ ਨੌਕਰੀ ਦੀ ਉਡੀਕ ਕਰਨ ਦੀ ਬਜਾਏ ਉਦਯਮਤਾ ਨੂੰ ਅਪਣਾਉਣ। ਜੇ ਵੱਧ ਤੋਂ ਵੱਧ ਨੌਜਵਾਨ ਰੋਜ਼ਗਾਰ ਦੇਣ ਵਾਲੇ ਬਣਨ ਤਾਂ ਭਾਰਤ ਆਰਥਿਕ ਪੱਖੋਂ ਹੋਰ ਵੀ ਆਤਮਨਿਰਭਰ ਅਤੇ ਮਜ਼ਬੂਤ ਬਣੇਗਾ। ਉਨ੍ਹਾਂ ਦੱਸਿਆ ਕਿ ਸਵਦੇਸ਼ੀ ਜਾਗਰਣ ਮੰਚ ਦੇਸ਼ ਭਰ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਵਪਾਰਕ ਸੰਸਥਾਵਾਂ, ਉਦਯੋਗਪਤੀਆਂ ਅਤੇ ਚਾਰਟਰਡ ਅਕਾਊਂਟੈਂਟਾਂ ਵਿੱਚ ਜਾ ਕੇ ਸਵਦੇਸ਼ੀ, ਆਤਮਨਿਰਭਰਤਾ ਅਤੇ ਆਰਥਿਕ ਰਾਸ਼ਟਰਵਾਦ ਦਾ ਸੰਦੇਸ਼ ਪਹੁੰਚਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਹੁਨਰ ਵਿਕਾਸ ਅਤੇ ਸਵੈ-ਰੋਜ਼ਗਾਰ ਲਈ ਪ੍ਰੇਰਿਤ ਕਰ ਰਿਹਾ ਹੈ।ਗੁਰੂ ਗੋਬਿੰਦ ਸਿੰਘ ਜੀ ਸ਼ਤਰੂ ਨਾਸ਼ਕ ਸੈਨਾ ਦੇ ਰਾਸ਼ਟਰੀ ਪ੍ਰਧਾਨ ਕਮਲ ਕੋਛੜ ਨੇ ਕਿਹਾ ਕਿ ਸਵਦੇਸ਼ੀ ਜਾਗਰਣ ਮੰਚ ਦੇਸ਼ ਦਾ ਇੱਕ ਅਜਿਹਾ ਆਰਥਿਕ ਸੰਗਠਨ ਹੈ, ਜੋ ਹਰ ਨਾਗਰਿਕ ਨੂੰ ਆਰਥਿਕ ਤੌਰ ਤੇ ਆਤਮਨਿਰਭਰ ਬਣਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਚਾਰਟਰਡ ਅਕਾਊਂਟੈਂਟਾਂ ਦਾ ਸਨਮਾਨ ਕਰਨਾ ਇੱਕ ਪ੍ਰੇਰਣਾਦਾਇਕ ਉਪਰਾਲਾ ਹੈ।ਇਸ ਮੌਕੇ ਵਿਪਨ ਕੁਮਾਰ, ਜਿਤੇਸ਼ ਅਗਰਵਾਲ, ਸੁਨੀਲ ਜੈਨ, ਕਮਲ ਕੋਛੜ, ਧਰੁਵ ਗੁਪਤਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।