ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਹੜ੍ਹਾਂ ਦਾ ਖ਼ਤਰਾ
ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ
Publish Date: Fri, 19 Jun 2026 07:11 PM (IST)
Updated Date: Fri, 19 Jun 2026 07:12 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਮਿਸਲ ਸਤਲੁਜ ਜਥੇਬੰਦੀ ਦੇ ਜਨਰਲ ਸਕੱਤਰ ਅਤੇ ਜ਼ੀਰਾ ਹਲਕੇ ਤੋਂ ਉਮੀਦਵਾਰ ਦਵਿੰਦਰ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਉੱਤੇ ਜੌਰਦਾਰ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਣਗਹਿਲੀ ਅਤੇ ਪ੍ਰਸ਼ਾਸਨਿਕ ਸੁਸਤੀ ਕਾਰਨ ਸਰਹੱਦੀ ਅਤੇ ਦਰਿਆਈ ਇਲਾਕਿਆਂ ਦੇ ਲੋਕ ਇੱਕ ਵਾਰ ਫਿਰ ਡਰ ਅਤੇ ਅਨਿਸ਼ਚਿਤਤਾ ਦੇ ਮਾਹੌਲ ਵਿਚ ਜੀਣ ਲਈ ਮਜ਼ਬੂਰ ਹਨ। ਸੇਖੋਂ ਨੇ ਕਿਹਾ ਕਿ ਭਾਖੜਾ ਅਤੇ ਪੌਂਗ ਡੈਮਾਂ ਵਿਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਪਹਿਲਾਂ ਹੀ ਵੱਧ ਹੈ, ਜਿਸ ਨਾਲ ਆਉਣ ਵਾਲੇ ਮਾਨਸੂਨ ਦੌਰਾਨ ਹੜ੍ਹਾਂ ਦਾ ਖਤਰਾ ਬਹੁਤ ਗੰਭੀਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਧੁੱਸੀ ਬੰਨ੍ਹਾਂ ਦੀ ਮਜ਼ਬੂਤੀ, ਨੋਚਾਂ ਦੀ ਮੁਰੰਮਤ ਅਤੇ ਸੁਰੱਖਿਆ ਪ੍ਰਬੰਧਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਆਉਣ ਤੋਂ ਪਹਿਲਾਂ ਨਹੀਂ, ਸਗੋਂ ਨੁਕਸਾਨ ਹੋ ਜਾਣ ਤੋਂ ਬਾਅਦ ਦਿਖਾਵੇ ਦੀ ਰਾਜਨੀਤੀ ਕਰਨ ਦੀ ਆਦੀ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸਾਲ ਦੇ ਹੜ੍ਹਾਂ ਦੌਰਾਨ ਟੁੱਟੇ ਸੰਪਰਕ ਮਾਰਗ ਅੱਜ ਤੱਕ ਬਹਾਲ ਨਹੀਂ ਕੀਤੇ ਗਏ, ਜੋ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਸਪੱਸ਼ਟ ਸਬੂਤ ਹੈ। ਉਨ੍ਹਾਂ ਕਿਹਾ ਕਿ ਐੱਨਐੱਚ-54 ਤੋਂ ਲੈ ਕੇ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਅਤੇ ਸੰਪਰਕ ਮਾਰਗ ਦੀ ਹਾਲਤ ਬਹੁਤ ਤਰਸਯੋਗ ਹੈ । ਉਨ੍ਹਾਂ ਕਿਹਾ ਕਿ ਜੇਕਰ ਮਾਨਸੂਨ ਤੋਂ ਪਹਿਲਾਂ ਇਨ੍ਹਾਂ ਦੀ ਤੁਰੰਤ ਮੁਰੰਮਤ ਨਾ ਕੀਤੀ ਗਈ ਤਾਂ ਹਜ਼ਾਰਾਂ ਲੋਕਾਂ ਦਾ ਸੰਪਰਕ ਲੋਕਾਂ ਨਾਲੋਂ ਟੁੱਟ ਸਕਦਾ ਹੈ ਅਤੇ ਰਾਹਤ ਤੇ ਬਚਾਅ ਕਾਰਜ ਵੀ ਠੱਪ ਹੋ ਸਕਦੇ ਹਨ। ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ “ਜਿਸ ਦਾ ਖੇਤ, ਉਸ ਦੀ ਰੇਤ” ਦਾ ਨਾਅਰਾ ਸਿਰਫ਼ ਸਰਕਾਰੀ ਇਸ਼ਤਿਹਾਰਾਂ ਤੱਕ ਸੀਮਿਤ ਹੈ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਰੇਤ ਮਾਫੀਆ ਸਰਕਾਰੀ ਸਰਪ੍ਰਸਤੀ ਹੇਠ ਕਿਸਾਨਾਂ ਦੀ ਜ਼ਮੀਨ ਅਤੇ ਕੁਦਰਤੀ ਸਰੋਤਾਂ ਦੀ ਲੁੱਟ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਚੁੱਪੀ ਇਸ ਗੈਰ-ਕਾਨੂੰਨੀ ਖਣਨ ਨੂੰ ਅਣਸਿੱਧਾ ਸਮਰਥਨ ਦੇਣ ਦੇ ਬਰਾਬਰ ਹੈ। ਇਸ ਮੌਕੇ ਮਿਸਲ ਸਤਲੁਜ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਹੋਤਾ ਨੇ ਕਿਹਾ ਕਿ ਹੜ੍ਹਾਂ ਅਤੇ ਕੁਦਰਤੀ ਆਫ਼ਤਾਂ ਦਾ ਸਭ ਤੋਂ ਵੱਧ ਨੁਕਸਾਨ ਖੇਤੀ ਮਜ਼ਦੂਰਾਂ ਨੂੰ ਹੁੰਦਾ ਹੈ, ਪਰ ਪੰਜਾਬ ਸਰਕਾਰ ਦੀਆਂ ਰਾਹਤ ਨੀਤੀਆਂ ਵਿੱਚ ਉਨ੍ਹਾਂ ਲਈ ਕੋਈ ਥਾਂ ਨਹੀਂ। ਉਨ੍ਹਾਂ ਮੰਗ ਕੀਤੀ ਕਿ ਪ੍ਰਭਾਵਿਤ ਮਜ਼ਦੂਰ ਪਰਿਵਾਰਾਂ ਨੂੰ ਵਿਸ਼ੇਸ਼ ਆਰਥਿਕ ਸਹਾਇਤਾ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਸਰਕਾਰ ਆਪਣੇ ਸਿਰ ਲਵੇ। ਦਵਿੰਦਰ ਸਿੰਘ ਸੇਖੋਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਧੁੱਸੀ ਬੰਨ੍ਹਾਂ ਦੀ ਮਜ਼ਬੂਤੀ, ਨੋਚਾਂ ਦੀ ਮੁਰੰਮਤ, ਟੁੱਟੇ ਸੰਪਰਕ ਮਾਰਗਾਂ ਦੀ ਬਹਾਲੀ, ਰੇਤ ਮਾਫੀਆ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਣ ਲਈ ਠੋਸ ਉਪਰਾਲੇ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿਚ ਲੋਕਾਂ ਦਾ ਗੁੱਸਾ ਸਰਕਾਰ ਨੂੰ ਮਹਿੰਗਾ ਪਵੇਗਾ। ਇਸ ਮੌਕੇ ਮਾਨ ਸਿੰਘ ਕਿਲੀ ਜਰਨਲ ਸਕੱਤਰ ਗੁਰਮਨ ਸਿੰਘ ਗਿੱਲ ਪ੍ਰਧਾਨ ਸਟੂਡੈਂਟ ਵਿੰਗ ਫਿਰੋਜ਼ਪੁਰ, ਤਜਿੰਦਰ ਸਿੰਘ ਕੰਗ ਪ੍ਰਧਾਨ ਕਿਸਾਨ ਵਿੰਗ ਫਿਰੋਜ਼ਪੁਰ, ਅਮ੍ਰਿਤਪਾਲ ਸਿੰਘ ਜ਼ੀਰਾ ਯੂਥ ਪ੍ਰਧਾਨ ਮਾਲਵਾ ਵਿੰਗ, ਜਸਨੂਰ ਸਿੰਘ ਯੂਥ ਸਕੱਤਰ ਫਿਰੋਜ਼ਪੁਰ, ਮਿਹਰ ਸਿੰਘ ਕਾਮਲਵਾਲਾ, ਹਨਦੀਪ ਸਿੰਘ ਸੰਧੂ, ਸਰਬਜੀਤ ਸਿੰਘ ਹਾਜ਼ਰ ਰਹੇ।