ਕੀ ਬੋਰਡ ਦੀ ਦੌੜ ਵਿੱਚ ਗੁੰਮ ਹੋ ਰਹੀ ਹੈ ਕਲਮ ਦੀ ਖੁਸ਼ਬੂ
ਕੀ ਬੋਰਡ ਦੀ ਦੌੜ ਵਿੱਚ ਗੁੰਮ ਹੋ ਰਹੀ ਹੈ ਕਲਮ ਦੀ ਖੁਸ਼ਬੂ
Publish Date: Fri, 26 Jun 2026 04:13 PM (IST)
Updated Date: Fri, 26 Jun 2026 04:16 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਤਕਨਾਲੋਜੀ ਦੇ ਤੇਜ਼ੀ ਨਾਲ ਬਦਲਦੇ ਯੁੱਗ ਵਿੱਚ ਜਿੱਥੇ ਬੱਚਿਆਂ ਦੇ ਹੱਥਾਂ ਵਿਚ ਕਲਮ ਦੀ ਥਾਂ ਮੋਬਾਇਲ ਅਤੇ ਕੀ-ਬੋਰਡ ਨੇ ਲੈ ਲਈ ਹੈ, ਉੱਥੇ ਸੁੰਦਰ ਲਿਖਾਈ ਦੀ ਪ੍ਰਾਚੀਨ ਕਲਾ ਹੌਲੀ-ਹੌਲੀ ਅਲੋਪ ਹੁੰਦੀ ਨਜ਼ਰ ਆ ਰਹੀ ਹੈ। ਇੱਕ ਸਮਾਂ ਸੀ ਜਦੋਂ ਫੱਟੀ, ਕਲਮ ਅਤੇ ਦਵਾਤ ਸਿਰਫ਼ ਪੜ੍ਹਾਈ ਦੇ ਸਾਧਨ ਨਹੀਂ, ਸਗੋਂ ਅਨੁਸ਼ਾਸਨ, ਸਬਰ ਅਤੇ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਹੁੰਦੇ ਸਨ। ਅੱਜ ਡਿਜੀਟਲ ਸਹੂਲਤਾਂ ਨੇ ਲਿਖਣ ਦੀ ਪ੍ਰਕਿਰਿਆ ਨੂੰ ਭਾਵੇਂ ਆਸਾਨ ਬਣਾ ਦਿੱਤਾ ਹੈ, ਪਰ ਹੱਥ ਨਾਲ ਲਿਖਣ ਦੀ ਆਦਤ ਅਤੇ ਅੱਖਰਾਂ ਨੂੰ ਸੁੰਦਰ ਰੂਪ ਦੇਣ ਦੀ ਕਲਾ ਪਿੱਛੇ ਛੱਡ ਦਿੱਤੀ ਹੈ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਸੁੰਦਰ ਲਿਖਾਈ ਸਿਰਫ਼ ਸ਼ਬਦਾਂ ਦੀ ਸਜਾਵਟ ਨਹੀਂ, ਸਗੋਂ ਵਿਅਕਤੀ ਦੇ ਸੁਭਾਅ, ਇਕਾਗਰਤਾ ਅਤੇ ਸੰਸਕਾਰਾਂ ਦਾ ਦਰਪਣ ਹੁੰਦੀ ਹੈ। ਅਜਿਹੇ ਵਿੱਚ ਕਲਮ ਅਤੇ ਤਕਨਾਲੋਜੀ ਵਿਚਕਾਰ ਸੰਤੁਲਨ ਬਣਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਗਿਆ ਹੈ। ਕਲਮ ਦੀਆਂ ਲਕੀਰਾਂ ’ਚ ਲੁਕਿਆ ਵਿਅਕਤੀਤਵ ਦਾ ਨਿਰਮਾਣ : ਪ੍ਰਿੰ. ਰਾਕੇਸ਼ ਸ਼ਰਮਾ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਕਿਹਾ ਕਿ ਸੁੰਦਰ ਲਿਖਾਈ ਸਿਰਫ਼ ਅੱਖਰਾਂ ਦੀ ਸਜਾਵਟ ਨਹੀਂ, ਸਗੋਂ ਬੱਚੇ ਦੇ ਸੁਚੱਜੇ ਵਿਅਕਤੀਤਵ, ਅਨੁਸ਼ਾਸਨ ਅਤੇ ਵਿਚਾਰਾਂ ਦੀ ਪਰਿਪੱਕਤਾ ਦਾ ਪ੍ਰਤੀਬਿੰਬ ਹੁੰਦੀ ਹੈ। ਹੱਥ ਨਾਲ ਲਿਖਣ ਦੀ ਪ੍ਰਕਿਰਿਆ ਵਿਦਿਆਰਥੀਆਂ ਵਿਚ ਧੀਰਜ, ਸਬਰ ਅਤੇ ਰਚਨਾਤਮਕ ਸੋਚ ਨੂੰ ਵਿਕਸਤ ਕਰਦੀ ਹੈ। ਆਧੁਨਿਕ ਤਕਨਾਲੋਜੀ ਨੇ ਸਿੱਖਣ ਦੇ ਨਵੇਂ ਰਾਹ ਖੋਲ੍ਹੇ ਹਨ, ਪਰ ਕਲਮ ਨਾਲ ਲਿਖਣ ਦੀ ਆਦਤ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਅੱਜ ਵੀ ਬੇਹੱਦ ਮਹੱਤਵਪੂਰਨ ਹੈ। ਸਕੂਲਾਂ ਵਿੱਚ ਸੁਲੇਖ ਅਤੇ ਹੱਥ-ਲਿਖਤ ਨੂੰ ਮੁੜ ਉਤਸ਼ਾਹਿਤ ਕਰਕੇ ਅਸੀਂ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਦੇ ਸਕਦੇ ਹਾਂ। ਗੁਰਮੁਖੀ ਦੀ ਮਹਿਕ ਨੂੰ ਸੰਭਾਲਣਾ ਸਮੇਂ ਦੀ ਪੁਕਾਰ : ਜਗਦੇਵ ਸ਼ਰਮਾ ਸੇਵਾ ਮੁਕਤ ਹੈਡ ਮਾਸਟਰ ਜਗਦੇਵ ਸ਼ਰਮਾ ਨੇ ਕਿਹਾ ਕਿ ਗੁਰਮੁਖੀ ਸਿਰਫ਼ ਇੱਕ ਲਿਪੀ ਨਹੀਂ, ਸਗੋਂ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਪਛਾਣ ਹੈ। ਜਦੋਂ ਬੱਚੇ ਸੁੰਦਰ ਅਤੇ ਸਲੀਕੇ ਨਾਲ ਗੁਰਮੁਖੀ ਲਿਖਦੇ ਹਨ ਤਾਂ ਉਹ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਡੂੰਘਾ ਨਾਤਾ ਜੋੜਦੇ ਹਨ। ਅੱਜ ਟੱਚ ਸਕਰੀਨਾਂ ਅਤੇ ਕੀ-ਬੋਰਡਾਂ ਦੇ ਵੱਧਦੇ ਪ੍ਰਭਾਵ ਕਾਰਨ ਹੱਥ ਨਾਲ ਲਿਖਣ ਦੀ ਰੁਚੀ ਘਟ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਨਵੀਂ ਤਕਨਾਲੋਜੀ ਨੂੰ ਅਪਣਾਉਣ ਦੇ ਨਾਲ-ਨਾਲ ਗੁਰਮੁਖੀ ਦੀ ਸੁੰਦਰ ਲਿਖਤ ਨੂੰ ਸੰਭਾਲਣਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਕਾਗਰਤਾ ਤੇ ਸਬਰ ਦਾ ਸਾਧਨ ਹੈ ਸੁਲੇਖ : ਨਰਿੰਦਰ ਸਿੰਘ ਸੇਵਾ ਮੁਕਤ ਲੈਕ. ਨਰਿੰਦਰ ਸਿੰਘ ਥਿੰਦ ਨੇ ਕਿਹਾ ਕਿ ਸੁਲੇਖ ਦੀ ਕਲਾ ਵਿਦਿਆਰਥੀਆਂ ਵਿੱਚ ਇਕਾਗਰਤਾ, ਧਿਆਨ ਅਤੇ ਧੀਰਜ ਦੇ ਗੁਣਾਂ ਨੂੰ ਮਜ਼ਬੂਤ ਕਰਦੀ ਹੈ। ਜਦੋਂ ਇੱਕ ਬੱਚਾ ਹਰ ਅੱਖਰ ਨੂੰ ਧਿਆਨ ਨਾਲ ਲਿਖਦਾ ਹੈ ਤਾਂ ਉਸਦਾ ਮਨ ਕੇਂਦ੍ਰਿਤ ਹੁੰਦਾ ਹੈ ਅਤੇ ਵਿਚਾਰਾਂ ਵਿੱਚ ਸਪੱਸ਼ਟਤਾ ਆਉਂਦੀ ਹੈ। ਮੌਜ਼ੂਦਾ ਸਮੇਂ ਵਿਚ ਡਿਜੀਟਲ ਸਾਧਨਾਂ ਕਾਰਨ ਬੱਚਿਆਂ ਦਾ ਧਿਆਨ ਜਲਦੀ ਭਟਕਦਾ ਹੈ, ਜਿਸ ਦਾ ਅਸਰ ਪੜ੍ਹਾਈ ਉੱਤੇ ਵੀ ਪੈਂਦਾ ਹੈ। ਨਿਯਮਤ ਹੱਥ-ਲਿਖਤ ਅਤੇ ਸੁਲੇਖ ਅਭਿਆਸ ਨਾ ਕੇਵਲ ਲਿਖਾਈ ਸੁਧਾਰਦਾ ਹੈ, ਸਗੋਂ ਵਿਦਿਆਰਥੀਆਂ ਦੇ ਮਨੋਵਿਗਿਆਨਕ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਪਾਉਂਦਾ ਹੈ। ਸੁੰਦਰ ਲਿਖਾਈ ਬਣਦੀ ਹੈ ਗਿਆਨ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ : ਦੇਵਗਨ ਸੇਵਾ ਮੁਕਤ ਲੈਕਚਰਾਰ ਸਤੀਸ਼ ਮੋਹਨ ਦੇਵਗਨ ਨੇ ਕਿਹਾ ਕਿ ਵਿਦਿਆਰਥੀ ਦਾ ਗਿਆਨ ਤਦ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣੇ ਆਉਂਦਾ ਹੈ ਜਦੋਂ ਉਸਦੀ ਲਿਖਾਈ ਸਪੱਸ਼ਟ ਅਤੇ ਪੜ੍ਹਨਯੋਗ ਹੋਵੇ। ਅਕਸਰ ਬਹੁਤ ਸਾਰੇ ਹੋਣਹਾਰ ਵਿਦਿਆਰਥੀ ਅਸਪੱਸ਼ਟ ਲਿਖਤ ਕਾਰਨ ਆਪਣੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰ ਸਕਦੇ। ਸੁੰਦਰ ਲਿਖਾਈ ਉੱਤਰ-ਪੱਤਰੀ ਨੂੰ ਆਕਰਸ਼ਕ ਬਣਾਉਂਦੀ ਹੈ ਅਤੇ ਪਾਠਕ ਉੱਤੇ ਚੰਗਾ ਪ੍ਰਭਾਵ ਛੱਡਦੀ ਹੈ। ਇਸ ਲਈ ਸਿੱਖਿਆ ਪ੍ਰਣਾਲੀ ਵਿੱਚ ਲਿਖਤ ਸੁਧਾਰ ਅਤੇ ਸੁਲੇਖ ਨੂੰ ਵਿਸ਼ੇਸ਼ ਮਹੱਤਵ ਦੇਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਦੀ ਪ੍ਰਤਿਭਾ ਹੋਰ ਨਿਖਰ ਸਕੇ। ਕੀ-ਬੋਰਡ ਤੇ ਕਲਮ ਵਿਚਕਾਰ ਸੰਤੁਲਨ ਹੀ ਭਵਿੱਖ ਦੀ ਕੁੰਜੀ : ਚਮਨ ਕੌਸ਼ਿਕ ਸੇਵਾ ਮੁਕਤ ਲੈਕਚਰਾਰ ਚਮਨ ਲਾਲ ਕੌਸ਼ਿਕ ਨੇ ਕਿਹਾ ਕਿ ਤਕਨਾਲੋਜੀ ਅੱਜ ਦੇ ਯੁੱਗ ਦੀ ਲੋੜ ਹੈ, ਪਰ ਕਲਮ ਨਾਲ ਜੁੜੀ ਸਿੱਖਣ ਦੀ ਪਰੰਪਰਾ ਵੀ ਉਨੀ ਹੀ ਮਹੱਤਵਪੂਰਨ ਹੈ। ਬੱਚਿਆਂ ਨੂੰ ਡਿਜੀਟਲ ਸਾਧਨਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਰੋਜ਼ਾਨਾ ਹੱਥ ਨਾਲ ਲਿਖਣ ਲਈ ਵੀ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਕਲਮ ਅਤੇ ਕੀ-ਬੋਰਡ ਦਾ ਸੰਤੁਲਿਤ ਮੇਲ ਹੀ ਅਜਿਹੀ ਪੀੜ੍ਹੀ ਤਿਆਰ ਕਰ ਸਕਦਾ ਹੈ ਜੋ ਤਕਨੀਕੀ ਤੌਰ ‘ਤੇ ਸਮਰੱਥ ਹੋਣ ਦੇ ਨਾਲ-ਨਾਲ ਆਪਣੀਆਂ ਸੱਭਿਆਚਾਰਕ ਜੜ੍ਹਾਂ ਅਤੇ ਸਿੱਖਿਆਤਮਕ ਮੁੱਲਾਂ ਨਾਲ ਵੀ ਮਜ਼ਬੂਤੀ ਨਾਲ ਜੁੜੀ ਰਹੇ।