ਦਸਵੰਧ ਦੀ ਸਹੀ ਵਰਤੋਂ ਨਾਲ ਹੀ ਸਾਕਾਰ ਹੋਵੇਗਾ ਸਰਬੱਤ ਦੇ ਭਲੇ ਦਾ ਸੁਪਨਾ ਦਸਵੰਧ ਦੀ ਸਹੀ ਵਰਤੋਂ ਨਾਲ ਹੀ ਸਾਕਾਰ ਹੋਵੇਗਾ ਸਰਬੱਤ ਦੇ ਭਲੇ ਦਾ ਸੁਪਨਾ
Publish Date: Sun, 05 Jul 2026 05:47 PM (IST)
Updated Date: Sun, 05 Jul 2026 05:48 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ: ਦਸਵੰਧ ਸਿੱਖ ਧਰਮ ਦੀ ਉਹ ਪਵਿੱਤਰ ਪਰੰਪਰਾ ਹੈ ਜਿਸ ਦਾ ਮੂਲ ਉਦੇਸ਼ ਮਨੁੱਖਤਾ ਦੀ ਸੇਵਾ, ਲੋੜਵੰਦਾਂ ਦੀ ਸਹਾਇਤਾ ਅਤੇ ਸਮਾਜ ਵਿੱਚ ਬਰਾਬਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਸਮੇਂ ਦੇ ਬਦਲਾਅ ਨਾਲ ਧਾਰਮਿਕ ਅਸਥਾਨਾਂ ਦੀਆਂ ਸ਼ਾਨਦਾਰ ਇਮਾਰਤਾਂ ਅਤੇ ਵਿਸ਼ਾਲ ਪ੍ਰਬੰਧਾਂ ’ਤੇ ਵੱਡੇ ਪੱਧਰ ’ਤੇ ਖਰਚ ਹੋ ਰਿਹਾ ਹੈ, ਪਰ ਸਮਾਜ ਦਾ ਇਕ ਵੱਡਾ ਵਰਗ ਅਜੇ ਵੀ ਗਰੀਬੀ, ਬਿਮਾਰੀ, ਬੇਰੁਜ਼ਗਾਰੀ, ਨਸ਼ਿਆਂ ਅਤੇ ਸਿੱਖਿਆ ਵਰਗੀਆਂ ਮੁੱਢਲੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਪ੍ਰਸੰਗ ਵਿਚ ਪੰਜ ਪ੍ਰਮੁੱਖ ਸਮਾਜ ਸੇਵੀ ਆਗੂਆਂ ਨੇ ਦਸਵੰਧ ਦੀ ਸਹੀ ਵਰਤੋਂ ਨੂੰ ਸਮੇਂ ਦੀ ਸਭ ਤੋਂ ਵੱਡੀ ਲੋੜ ਦੱਸਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ। ਗੁਰੂ ਦੀ ਗੋਲਕ ਦਾ ਪਹਿਲਾ ਹੱਕ ਲੋੜਵੰਦਾਂ ਦਾ : ਜਸਵਿੰਦਰ ਸਿੰਘ ਖਾਲਸਾ ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ‘ਵੰਡ ਛਕੋ’ ਦੇ ਸਿਧਾਂਤ ਦਾ ਅਸਲ ਮਤਲਬ ਲੋੜਵੰਦਾਂ ਦੀ ਮਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇ ਦਸਵੰਧ ਨਾਲ ਕਿਸੇ ਗਰੀਬ ਬੱਚੇ ਦੀ ਪੜ੍ਹਾਈ, ਕਿਸੇ ਮਰੀਜ਼ ਦਾ ਇਲਾਜ ਜਾਂ ਕਿਸੇ ਪਰਿਵਾਰ ਨੂੰ ਰੁਜ਼ਗਾਰ ਦਾ ਸਾਧਨ ਮਿਲਦਾ ਹੈ ਤਾਂ ਇਹੀ ਗੁਰੂ ਸਾਹਿਬਾਨ ਦੀ ਸਿੱਖਿਆ ਦਾ ਸੱਚਾ ਸਤਿਕਾਰ ਹੈ। ਧਾਰਮਿਕ ਅਸਥਾਨਾਂ ਦੀ ਸੁੰਦਰਤਾ ਦੇ ਨਾਲ ਮਨੁੱਖੀ ਜੀਵਨ ਨੂੰ ਸੁੰਦਰ ਬਣਾਉਣਾ ਵੀ ਸਾਂਝੀ ਜ਼ਿੰਮੇਵਾਰੀ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਦਸਵੰਧ ਬਣੇ ਸਹਾਰਾ : ਪ੍ਰੀਤਮ ਸਿੰਘ ਸਮਾਜ ਸੇਵੀ ਪ੍ਰੀਤਮ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਚੁਣੌਤੀ ਨਸ਼ੇ ਅਤੇ ਬੇਰੁਜ਼ਗਾਰੀ ਹੈ। ਦਸਵੰਧ ਦਾ ਇੱਕ ਹਿੱਸਾ ਨਸ਼ਾ ਮੁਕਤੀ ਕੇਂਦਰਾਂ, ਹੁਨਰ ਵਿਕਾਸ ਅਤੇ ਰੁਜ਼ਗਾਰ ਸਿਰਜਣ ਲਈ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਹੀ ਸਮਾਜ ਦੀ ਅਸਲ ਸੇਵਾ ਹੈ ਅਤੇ ਇਸ ਲਈ ਧਾਰਮਿਕ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਸਿੱਖਿਆ ਤੇ ਰੁਜ਼ਗਾਰ ਹੀ ਸਮਾਜ ਦੀ ਅਸਲ ਤਾਕਤ : ਅਨਿਲ ਬਜਾਜ ਸਮਾਜ ਸੇਵੀ ਅਨਿਲ ਬਜਾਜ ਨੇ ਕਿਹਾ ਕਿ ਹਜ਼ਾਰਾਂ ਨੌਜਵਾਨ ਮੌਕਿਆਂ ਦੀ ਘਾਟ ਕਾਰਨ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਜੇ ਦਸਵੰਧ ਦੀ ਰਕਮ ਨਾਲ ਯੋਗ ਵਿਦਿਆਰਥੀਆਂ ਨੂੰ ਵਜ਼ੀਫ਼ੇ, ਤਕਨੀਕੀ ਸਿਖਲਾਈ ਅਤੇ ਸਵੈ-ਰੁਜ਼ਗਾਰ ਯੋਜਨਾਵਾਂ ਨਾਲ ਜੋੜਿਆ ਜਾਵੇ ਤਾਂ ਬਹੁਤ ਸਾਰੇ ਪਰਿਵਾਰਾਂ ਦੀ ਕਿਸਮਤ ਬਦਲ ਸਕਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਤਮਨਿਰਭਰ ਬਣਾਉਣਾ ਹੀ ਸਭ ਤੋਂ ਵੱਡੀ ਸੇਵਾ ਹੈ। ਮਨੁੱਖਤਾ ਦੀ ਸੇਵਾ ਹੀ ਧਾਰਮਿਕਤਾ ਦੀ ਅਸਲ ਪਛਾਣ : ਚਰਨਪ੍ਰੀਤ ਸਿੰਘ ਸੋਨੂੰ ਸਮਾਜ ਸੇਵੀ ਚਰਨਪ੍ਰੀਤ ਸਿੰਘ ਸੋਨੂੰ ਨੇ ਕਿਹਾ ਕਿ ਜੇ ਕੋਈ ਮਰੀਜ਼ ਇਲਾਜ ਤੋਂ ਵਾਂਝਾ ਹੈ, ਕੋਈ ਵਿਦਿਆਰਥੀ ਫੀਸ ਨਾ ਹੋਣ ਕਾਰਨ ਪੜ੍ਹਾਈ ਛੱਡ ਰਿਹਾ ਹੈ ਜਾਂ ਕੋਈ ਪਰਿਵਾਰ ਭੁੱਖ ਨਾਲ ਜੂਝ ਰਿਹਾ ਹੈ ਤਾਂ ਸਮਾਜ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਹਰ ਧਾਰਮਿਕ ਅਸਥਾਨ ਵਿੱਚ ਦਸਵੰਧ ਦਾ ਇੱਕ ਨਿਰਧਾਰਿਤ ਹਿੱਸਾ ਸਮਾਜ ਭਲਾਈ ਲਈ ਰਾਖਵਾਂ ਹੋਵੇ, ਜਿਸ ਨਾਲ ਲੋਕਾਂ ਦਾ ਭਰੋਸਾ ਵੀ ਮਜ਼ਬੂਤ ਹੋਵੇਗਾ। ਦਸਵੰਧ ਬਣੇ ਸਮਾਜਿਕ ਬਦਲਾਅ ਦਾ ਆਧਾਰ : ਜਗਦੇਵ ਸ਼ਰਮਾ ਸੇਵਾ ਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ ਨੇ ਕਿਹਾ ਕਿ ਦਸਵੰਧ ਸਿਰਫ਼ ਧਨ ਇਕੱਠਾ ਕਰਨ ਦੀ ਪ੍ਰਥਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਪਵਿੱਤਰ ਫ਼ਰਜ਼ ਹੈ। ਉਨ੍ਹਾਂ ਅਪੀਲ ਕੀਤੀ ਕਿ ਧਾਰਮਿਕ ਅਸਥਾਨਾਂ ਦੀ ਸੰਭਾਲ ਦੇ ਨਾਲ-ਨਾਲ ਸਿੱਖਿਆ, ਸਿਹਤ, ਗਰੀਬ ਪਰਿਵਾਰਾਂ ਦੀ ਮਦਦ, ਨਸ਼ਾ ਮੁਕਤੀ ਅਤੇ ਰੁਜ਼ਗਾਰ ਸਿਰਜਣ ਵਰਗੇ ਖੇਤਰਾਂ ਨੂੰ ਵੀ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਦੀ ਗੋਲਕ ਦਾ ਲਾਭ ਸਮਾਜ ਦੇ ਆਖ਼ਰੀ ਲੋੜਵੰਦ ਵਿਅਕਤੀ ਤੱਕ ਪਹੁੰਚੇਗਾ, ਤਦੋਂ ਹੀ ‘ਸਰਬੱਤ ਦੇ ਭਲੇ’ ਦਾ ਮਹਾਨ ਸੰਦੇਸ਼ ਅਸਲ ਅਰਥਾਂ ਵਿੱਚ ਸਾਕਾਰ ਹੋਵੇਗਾ।