ਨਗਰ ਕੌਂਸਲ ਜ਼ੀਰਾ ਦੀ ਕਮਾਨ ਧਰਮਪਾਲ ਚੁੱਘ ਦੇ ਹੱਥਾਂ ’ਚ, ਸਰਵਸੰਮਤੀ ਨਾਲ ਬਣੇ ਪ੍ਰਧਾਨ
ਨਗਰ ਕੌਂਸਲ ਜ਼ੀਰਾ ਦੀ ਕਮਾਨ ਧਰਮਪਾਲ ਚੁੱਘ ਦੇ ਹੱਥਾਂ ’ਚ, ਸਰਵਸੰਮਤੀ ਨਾਲ ਬਣੇ ਪ੍ਰਧਾਨ
Publish Date: Wed, 24 Jun 2026 05:45 PM (IST)
Updated Date: Wed, 24 Jun 2026 05:46 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਨਗਰ ਕੌਂਸਲ ਜ਼ੀਰਾ ਦੀ ਅਗਵਾਈ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਨੂੰ ਅੱਜ ਉਸ ਵੇਲੇ ਨਵਾਂ ਮੋੜ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਧਰਮਪਾਲ ਚੁੱਘ ਨੂੰ ਸਰਵਸੰਮਤੀ ਨਾਲ ਨਗਰ ਕੌਂਸਲ ਜ਼ੀਰਾ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਹੀ ਕੁਲਦੀਪ ਕੌਰ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਰਾਜੀਵ ਕੁਮਾਰ ਸ਼ਰਮਾ ਨੂੰ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਹ ਚੋਣ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਪੰਜਾਬ ਐਗਰੋ ਇੰਡਸਟਰੀਜ਼ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਦੀ ਯੋਗ ਅਗਵਾਈ ਹੇਠ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈ। ਚੋਣ ਪ੍ਰਕਿਰਿਆ ਦੌਰਾਨ ਯੂਥ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਅਤੇ ਸਾਬਕਾ ਜ਼ਿਲ੍ਹਾ ਪਲੈਨਿੰਗ ਬੋਰਡ ਚੇਅਰਮੈਨ ਚੰਦ ਸਿੰਘ ਗਿੱਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਨਵੀਂ ਚੁਣੀ ਗਈ ਟੀਮ ਨੂੰ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ। ਵਰਨਣਯੋਗ ਹੈ ਕਿ ਜ਼ੀਰਾ ਨਗਰ ਕੌਂਸਲ ਦੇ 17 ਵਾਰਡਾਂ ਵਿੱਚੋਂ 9 ਵਾਰਡਾਂ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ ਇੱਕ ਆਜ਼ਾਦ ਕੌਂਸਲਰ ਵੱਲੋਂ ਵੀ ਧਰਮਪਾਲ ਚੁੱਘ ਨੂੰ ਪੂਰਨ ਸਮਰਥਨ ਦਿੱਤਾ ਗਿਆ, ਜਿਸ ਨਾਲ 10 ਕੌਂਸਲਰਾਂ ਦੀ ਬਹੁਮਤ ਹਾਸਲ ਕਰਕੇ ਉਨ੍ਹਾਂ ਦੀ ਪ੍ਰਧਾਨਗੀ ’ਤੇ ਮੋਹਰ ਲੱਗ ਗਈ। ਇਸ ਜਿੱਤ ਨੂੰ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਲੋਕ ਭਰੋਸੇ ਦੀ ਵੱਡੀ ਜਿੱਤ ਕਰਾਰ ਦਿੱਤਾ। ਨਤੀਜੇ ਐਲਾਨੇ ਜਾਣ ਤੋਂ ਬਾਅਦ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਵਿਧਾਇਕ ਨਰੇਸ਼ ਕਟਾਰੀਆ, ਕੌਂਸਲਰਾਂ ਅਤੇ ਪਾਰਟੀ ਵਰਕਰਾਂ ਨੇ ਜ਼ੀਰਾ ਦੇ ਮੁੱਖ ਬਾਜ਼ਾਰਾਂ ਵਿਚ ਢੋਲ ਦੀਆਂ ਧੁਨਾਂ ’ਤੇ ਧੰਨਵਾਦੀ ਦੌਰਾ ਕੱਢਿਆ। ਲੱਡੂ ਵੰਡੇ ਗਏ ਅਤੇ ਭੰਗੜਾ ਪਾ ਕੇ ਜਿੱਤ ਦੀ ਖੁਸ਼ੀ ਮਨਾਈ ਗਈ। ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਵੀਂ ਲੀਡਰਸ਼ਿਪ ਦਾ ਭਰਵਾਂ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਚੁਣੇ ਗਏ ਪ੍ਰਧਾਨ ਧਰਮਪਾਲ ਚੁੱਘ ਨੇ ਵਿਧਾਇਕ ਨਰੇਸ਼ ਕਟਾਰੀਆ, ਸਮੂਹ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ੀਰਾ ਸ਼ਹਿਰ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਤਨਦੇਹੀ ਨਾਲ ਮੁਕੰਮਲ ਕਰਵਾਇਆ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ, ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਵੀ ਮੌਜ਼ੂਦ ਸਨ।