- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੂੜਾ ਪ੍ਰਬੰਧਨ ਦੀ ਚੁਣੌਤੀ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਵਧ ਰਹੇ ਕੂੜੇ ਦੇ ਡੰਪ ਬਣੇ ਚਿੰਤਾ ਦਾ ਵਿਸ਼ਾ

ਹਰਚਰਨ ਸਿੰਘ ਸਾਮਾ,ਪੰਜਾਬੀ ਜਾਗਰਣ
ਫਿਰੋਜ਼ਪੁਰ : ਸਫਾਈ ਅਤੇ ਵਾਤਾਵਰਣ ਸੁਰੱਖਿਆ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਦੇ ਬਹੁਤੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਕੂੜਾ ਪ੍ਰਬੰਧਨ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਰੋਜ਼ਾਨਾ ਪੈਦਾ ਹੋਣ ਵਾਲੇ ਕਈ ਟਨ ਕੂੜੇ ਨੂੰ ਵਿਗਿਆਨਕ ਢੰਗ ਨਾਲ ਨਿਪਟਾਉਣ ਦੀ ਥਾਂ ਖਾਲੀ ਪਲਾਟਾਂ, ਨਹਿਰਾਂ/ਸੜਕਾਂ ਦੇ ਕਿਨਾਰਿਆਂ ਅਤੇ ਪਿੰਡਾਂ ਦੀਆਂ ਫਿਰਨੀਆਂ ਨੇੜੇ ਸੁੱਟਿਆ ਜਾ ਰਿਹਾ ਹੈ। ਨਤੀਜੇ ਵਜੋਂ ਕਈ ਥਾਵਾਂ ’ਤੇ ਕੂੜੇ ਦੇ ਵੱਡੇ ਡੰਪ ਬਣ ਗਏ ਹਨ, ਜੋ ਨਾ ਸਿਰਫ਼ ਵਾਤਾਵਰਣ ਲਈ ਖ਼ਤਰਾ ਹਨ ਸਗੋਂ ਲੋਕਾਂ ਦੀ ਸਿਹਤ ਲਈ ਵੀ ਗੰਭੀਰ ਸਮੱਸਿਆਵਾਂ ਪੈਦਾ ਕਰ ਰਹੇ ਹਨ। ਪਿੰਡਾਂ ਵਿੱਚ ਆਮ ਤੌਰ 'ਤੇ ਘਰਾਂ ਤੋਂ ਇਕੱਠਾ ਹੋਣ ਵਾਲਾ ਕੂੜਾ ਨਿਰਧਾਰਿਤ ਥਾਵਾਂ 'ਤੇ ਸੁੱਟਿਆ ਜਾਂਦਾ ਹੈ, ਪਰ ਕਈ ਥਾਵਾਂ 'ਤੇ ਇਸ ਦੇ ਨਿਪਟਾਰੇ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। ਕਈ ਪੰਚਾਇਤਾਂ ਵੱਲੋਂ ਕੂੜਾ ਇਕੱਠਾ ਕਰਨ ਦੀ ਵਿਵਸਥਾ ਤਾਂ ਕੀਤੀ ਗਈ ਹੈ, ਪਰ ਉਸ ਨੂੰ ਪ੍ਰੋਸੈਸ ਕਰਨ ਜਾਂ ਰੀਸਾਈਕਲ ਕਰਨ ਦੀਆਂ ਸਹੂਲਤਾਂ ਦੀ ਘਾਟ ਕਾਰਨ ਕੂੜਾ ਇੱਕ ਥਾਂ ਇਕੱਠਾ ਹੁੰਦਾ ਰਹਿੰਦਾ ਹੈ। ਬਰਸਾਤ ਦੇ ਮੌਸਮ ਵਿੱਚ ਇਹ ਕੂੜਾ ਸੜਨ ਲੱਗਦਾ ਹੈ ਅਤੇ ਬਦਬੂ ਨਾਲ ਲੋਕਾਂ ਦਾ ਜੀਵਨ ਪ੍ਰਭਾਵਿਤ ਹੁੰਦਾ ਹੈ।
ਵੇਸਟ ਮੈਨੇਜਮੈਂਟ ਪ੍ਰਾਜੈਕਟ ਬੇਅਰਥ
ਪਿੰਡ ਨੂਰਪੁਰ ਸੇਠਾਂ ਦੇ ਅਗਾਂਹ ਵਧੂ ‘ਆਪ’ ਆਗੂ ਗੁਰਬਾਗ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੂੜੇ ਦੇ ਨਿਪਟਾਰੇ ਲਈ ਪਿੰਡਾਂ ਵਿੱਚ ਵੇਸਟ ਮੈਨੇਜਮੈਂਟ ਪ੍ਰਾਜੈਕਟ ਤਿਆਰ ਕੀਤੇ। ਇਸ ਵਾਸਤੇ ਵਿਸ਼ੇਸ਼ ਇਮਾਰਤ ਬਣਾ ਕੇ ਇਕ ਮਸ਼ੀਨ ਦੁਆਰਾ ਪਲਾਸਟਿਕ ਰਹਿੰਦ-ਖੂੰਹਦ ਨੂੰ ਵਰਤ ਕੇ ਪਲਾਸਟਿਕ ਦਾ ਦਾਣਾ ਬਣਾਇਆ ਜਾਂਦਾ ਹੈ। ਇਹ ਕਾਰਜ ਵਾਟਰ ਸਪਲਾਈ ਵਿਭਾਗ ਦੇ ਆਧੀਨ ਆਉਂਦਾ ਹੈ, ਪਰ ਬਹੁਤੇ ਪਿੰਡਾਂ ਦੇ ਪ੍ਰਾਜੈਕਟ ਬੇਕਾਰ ਪਏ ਹਨ। ਨੂਰਪੁਰ ਸੇਠਾਂ ਵਿਖੇ ਇਲਾਕੇ ਦੇ ਤਿੰਨ ਹੋਰ ਪਿੰਡਾਂ ਦੇ ਕੂੜਾ ਪ੍ਰਬੰਧਨ ਲਈ ਇਸੇ ਤਰ੍ਹਾਂ ਦਾ ਬਣਾਇਆ ਗਿਆ ਹੈ ਪਰ ਇਸ ਨੂੰ ਚਾਲੂ ਕਰਨ ਅਤੇ ਇਸਦੀ ਸਹੀ ਨਿਗਰਾਨੀ ਨਾ ਹੋਣ ਕਾਰਨ ਸਰਕਾਰ ਵੱਲੋਂ ਤਿਆਰ ਲੱਖਾਂ ਦਾ ਪ੍ਰਾਜੈਕਟ ਬੇਕਾਰ ਪਿਆ ਹੈ। ਕਸਬਿਆਂ ਅਤੇ ਸ਼ਹਿਰਾਂ ਦੀ ਸਥਿਤੀ ਵੀ ਇਸ ਤੋਂ ਵੱਖਰੀ ਨਹੀਂ ਹੈ। ਕਈ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਕੂੜੇ ਦੇ ਵਧਦੇ ਬੋਝ ਨਾਲ ਨਜਿੱਠਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਸ਼ਹਿਰਾਂ ਦੇ ਬਾਹਰ ਬਣੇ ਡੰਪਿੰਗ ਗਰਾਊਂਡਾਂ ਵਿੱਚ ਕੂੜੇ ਦੇ ਪਹਾੜ ਖੜ੍ਹੇ ਹੋ ਰਹੇ ਹਨ। ਕਈ ਥਾਵਾਂ ’ਤੇ ਕੂੜੇ ਨੂੰ ਖੁੱਲ੍ਹੇ ਵਿੱਚ ਸਾੜ ਦਿੱਤਾ ਜਾਂਦਾ ਹੈ, ਜਿਸ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਸਾਹ ਸਬੰਧੀ ਬਿਮਾਰੀਆਂ ਦਾ ਖ਼ਤਰਾ ਬਣ ਜਾਂਦਾ ਹੈ।
ਕੂੜੇ ਦੇ ਵਿਗਿਆਨਕ ਨਿਪਟਾਰੇ ਲਈ ਠੋਸ ਯੋਜਨਾ ਦੀ ਲੋੜ
ਵਾਤਾਵਰਣ ਪ੍ਰੇਮੀ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦਾ ਕਹਿਣਾ ਹੈ ਕਿ ਕੂੜੇ ਦੀ ਸਮੱਸਿਆ ਦਾ ਮੁੱਖ ਕਾਰਨ ਘਰਾਂ ਤੋਂ ਹੀ ਗਿੱਲੇ ਅਤੇ ਸੁੱਕੇ ਕੂੜੇ ਦੀ ਵੱਖਰੀ ਛਾਂਟ ਨਾ ਹੋਣਾ ਹੈ। ਜੇਕਰ ਲੋਕ ਘਰਾਂ ਵਿੱਚ ਹੀ ਕੂੜੇ ਨੂੰ ਵੱਖਰਾ ਕਰਕੇ ਦੇਣ ਅਤੇ ਸਥਾਨਕ ਸੰਸਥਾਵਾਂ ਉਸ ਦੇ ਪ੍ਰਬੰਧ ਲਈ ਪ੍ਰਭਾਵਸ਼ਾਲੀ ਪ੍ਰਣਾਲੀ ਬਣਾਉਣ ਤਾਂ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਕਈ ਥਾਵਾਂ ’ਤੇ ਕੂੜੇ ਦੇ ਡੰਪ ਰਿਹਾਇਸ਼ੀ ਇਲਾਕਿਆਂ ਦੇ ਬਿਲਕੁਲ ਨੇੜੇ ਬਣੇ ਹੋਏ ਹਨ, ਜਿਸ ਕਾਰਨ ਮੱਖੀਆਂ, ਮੱਛਰਾਂ ਅਤੇ ਆਵਾਰਾ ਪਸ਼ੂਆਂ ਦੀ ਗਿਣਤੀ ਵਧ ਰਹੀ ਹੈ। ਇਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਸੰਕਰਾਮਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੂੜੇ ਦੇ ਵਿਗਿਆਨਕ ਨਿਪਟਾਰੇ ਲਈ ਠੋਸ ਯੋਜਨਾ ਬਣਾਈ ਜਾਵੇ ਅਤੇ ਡੰਪਿੰਗ ਸਥਾਨਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ।
ਕੂੜਾ ਸਮੱਸਿਆ ਦਾ ਹੱਲ ਸਿਰਫ਼ ਸਰਕਾਰੀ ਯਤਨਾਂ ਨਾਲ ਸੰਭਵ ਨਹੀਂ
ਮਾਹਿਰਾਂ ਦਾ ਮੰਨਣਾ ਹੈ ਕਿ ਕੂੜਾ ਪ੍ਰਬੰਧਨ ਦੀ ਸਮੱਸਿਆ ਦਾ ਹੱਲ ਸਿਰਫ਼ ਸਰਕਾਰੀ ਯਤਨਾਂ ਨਾਲ ਸੰਭਵ ਨਹੀਂ। ਇਸ ਲਈ ਲੋਕਾਂ, ਸਥਾਨਕ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਜੇਕਰ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਕੂੜੇ ਦੇ ਵਧਦੇ ਡੰਪ ਭਵਿੱਖ ਵਿਚ ਵਾਤਾਵਰਣ ਅਤੇ ਜਨ ਸਿਹਤ ਲਈ ਹੋਰ ਵੱਡਾ ਸੰਕਟ ਬਣ ਸਕਦੇ ਹਨ। ਇਸ ਲਈ ਸਾਫ਼-ਸੁਥਰੇ ਅਤੇ ਸਿਹਤਮੰਦ ਵਾਤਾਵਰਣ ਲਈ ਕੂੜਾ ਪ੍ਰਬੰਧਨ ਨੂੰ ਤਰਜੀਹ ਦੇਣ ਦੀ ਲੋੜ ਹੈ।