ਬੂਟੇ ਸ਼ਾਹ ਨਹਿਰ ਦੋ ਥਾਵਾਂ ਤੋਂ ਟੁੱਟੀ, ਸੈਂਕੜੇ ਏਕੜ ਫ਼ਸਲ ਪਾਣੀ ’ਚ ਡੁੱਬੀ
ਹਰੀਕੇ ਹੈੱਡ ਤੋਂ ਨਿਕਲਣ ਵਾਲੀ ਬੂਟੇ ਸ਼ਾਹ ਨਹਿਰ ਦੋ ਥਾਵਾਂ ਤੋਂ ਟੁੱਟੀ, ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ਹੇਠ ਆਈ
Publish Date: Fri, 26 Jun 2026 05:41 PM (IST)
Updated Date: Fri, 26 Jun 2026 05:43 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ: ਹਰੀਕੇ ਹੈੱਡ ਤੋਂ ਨਿਕਲਣ ਵਾਲੀ ਬੂਟੇ ਸ਼ਾਹ ਨਹਿਰ ਮੱਲਾਂਵਾਲਾ ਪਿੰਡ ਤੋਂ ਜੈਮਲਵਾਲਾ ਪੁਲ ਤੱਕ ਦੋ ਥਾਵਾਂ ਤੋਂ ਟੁੱਟ ਜਾਣ ਕਾਰਨ ਸੈਂਕੜੇ ਏਕੜ ਵਿਚ ਲੱਗੀ ਝੋਨੇ ਦੀ ਫ਼ਸਲ ਪਾਣੀ ਹੇਠ ਆ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਵੀ ਨਹਿਰੀ ਵਿਭਾਗ ਦਾ ਕੋਈ ਕਰਮਚਾਰੀ ਜਾਂ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਕਿਸਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਇਸ ਨਹਿਰ ਵਿਚ ਪਾਣੀ ਛੱਡਿਆ ਗਿਆ ਸੀ, ਉਸ ਸਮੇਂ ਤੋਂ ਹੀ ਨਹਿਰ ਓਵਰਫਲੋ ਹੋ ਰਹੀ ਸੀ। ਨਹਿਰ ਵਿੱਚ ਹਰੀ ਬੂਟੀ (ਕਲਾਲੀ) ਬਹੁਤ ਜ਼ਿਆਦਾ ਜਮ੍ਹਾ ਹੋਣ ਕਾਰਨ ਪਾਣੀ ਦਾ ਵਹਾਅ ਰੁਕ ਰਿਹਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣੇ ਖ਼ਰਚੇ ’ਤੇ ਦਿਹਾੜੀਦਾਰ ਲਗਾ ਕੇ ਬੂਟੀ ਨੂੰ ਬਾਹਰ ਕੱਢਿਆ, ਪਰ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ। ਕਿਸਾਨ ਗੁਲਾਬ ਸਿੰਘ ਨੇ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਪੁਲ ਹੇਠੋਂ ਪਾਣੀ ਦਾ ਵਹਾਅ ਚਲਾਇਆ ਗਿਆ। ਇਸ ਦੌਰਾਨ ਕਿਸਾਨ ਆਪਣੀ ਜਾਨ ਜੋਖਮ ਵਿਚ ਪਾ ਕੇ ਮਿੱਟੀ ਅਤੇ ਬੋਰੀਆਂ ਨਾਲ ਨਹਿਰ ਦੇ ਪਾੜ ਨੂੰ ਬੰਨ੍ਹਣ ਦੀ ਕੋਸ਼ਿਸ਼ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਕਲਗਾ ਸਿੰਘ ਦੀਆਂ ਹਵੇਲੀਆਂ ਕੋਲ ਕਰੀਬ 20 ਫੁੱਟ ਚੌੜਾ ਪਾੜ ਪੈ ਗਿਆ, ਜਿਸ ਦਾ ਪਾਣੀ ਮੱਲਾਂਵਾਲਾ-ਜੈਮਲਵਾਲਾ ਸੜਕ ਤੱਕ ਪਹੁੰਚ ਗਿਆ। ਇਸ ਨਾਲ ਲਗਭਗ 150 ਕਿਲ੍ਹੇ ਵਿਚ ਲੱਗੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਾਣੀ ਹੇਠ ਆ ਗਈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਸਬੰਧੀ ਜੇਈ ਸੁਖਚੈਨ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਨਾ ਹੀ ਨਹਿਰ ਦਾ ਪਾਣੀ ਤੁਰੰਤ ਬੰਦ ਕਰਵਾਇਆ ਗਿਆ। ਜਦੋਂ ਐੱਸਡੀਓ ਨਵਨੀਤ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਨੂੰ ਦੋਵੇਂ ਥਾਵਾਂ ’ਤੇ ਨਹਿਰ ਟੁੱਟਣ ਦੀ ਜਾਣਕਾਰੀ ਹੈ ਅਤੇ ਟੀਮਾਂ ਇਸ ਮਾਮਲੇ ਵਿਚ ਸਰਗਰਮ ਹਨ। ਹਾਲਾਂਕਿ, ਸਥਾਨਕ ਲੋਕਾਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਖ਼ਬਰ ਲਿਖੇ ਜਾਣ ਤੱਕ ਮੌਕੇ ’ਤੇ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਨਜ਼ਰ ਨਹੀਂ ਆਇਆ। ਐੱਸਡੀਓ ਨਵਨੀਤ ਗੁਪਤਾ ਨੇ ਫੋਨ ਤੇ ਫਿਰ ਗੱਲ ਕਰਕੇ ਦੱਸਿਆ ਕਿ ਨਹਿਰ ਦਾ ਪਾਣੀ ਘੱਟ ਰਿਹਾ ਹੈ, ਘੱਟਣ ਤੋਂ ਬਾਅਦ ਰਾਹਤ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗਾ।