ਐਤਵਾਰ ਨੂੰ ਵੱਖ ਵੱਖ ਪ੍ਰੀਖਿਆ ਕੇਂਦਰਾਂ 'ਤੇ ਪੀਐੱਸ ਟੈਟ ਜੇ ਇਮਤਿਹਾਨ ਦੋ ਸ਼ਿਫਟਾਂ ਵਿਚ ਲਏ ਗਏ। ਇਸ ਸਬੰਧੀ ਸਾਰੇ ਪ੍ਰੀਖਿਆ ਕੇਂਦਰਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਸਨ ਤੇ ਸੰਚਾਰ ਮਾਧਿਅਮ ਦੀ ਦੁਰਵਰਤੋਂ ਨੂੰ ਰੋਕਣ ਲਈ ਜੈਮਰ ਲਗਾਏ ਗਏ ਸਨ। ਇਸ ਤੋਂ ਇਲਾਵਾ, ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਸੈਂਟਰ ਸੁਪਰਡੈਂਟਾਂ ਨੇ ਨਿਰੰਤਰ ਨਿਗਰਾਨੀ ਰੱਖੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬੀਤੇ ਐਤਵਾਰ ਨੂੰ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਲਏ ਗਏ ਅਧਿਆਪਕ ਯੋਗਤਾ ਟੈਸਟ ‘ਪੀਐੱਸ ਟੈਟ’ ਸਬੰਧੀ ਅਫਸਰਸ਼ਾਹੀ ਦੇ ਫੈਸਲਿਆਂ ’ਤੇ ਕਈ ਸਵਾਲ ਖੜ੍ਹੇ ਹੋ ਗਏ ਹਨ। ਹਰ ਜ਼ਿਲ੍ਹੇ ਵਿੱਚੋਂ ਹਜ਼ਾਰਾਂ ਅਧਿਆਪਕਾਂ ਨੂੰ ਦੂਜੇ ਜ਼ਿਲ੍ਹੇ ਵਿਚ ਭੇਜਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਵੇਂ ਪਾਸਿਆਂ ਤੋਂ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਲੱਗਣ ਕਾਰਨ ਜ਼ਿਆਦਾਤਰ ਥਾਵਾਂ ’ਤੇ ਅਧਿਆਪਕ 2-2 ਘੰਟੇ ਜਾਮ ਵਿਚ ਫਸੇ ਰਹੇ। ਜਗ੍ਹਾ ਜਗ੍ਹਾ ਲੋਕ ਲੰਮੇ ਜਾਮ ਵਿਚ ਫਸੇ। ਕਈ ਜਗ੍ਹਾ ’ਤੇ ਲੋਕਾਂ ਵੱਲੋਂ ਉੱਚ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਮਦਦ ਮੰਗੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੇ ਐਤਵਾਰ ਨੂੰ ਲਏ ਗਏ ਟੈਸਟਾਂ ਦੌਰਾਨ ਫਿਰੋਜ਼ਪੁਰ ਦੇ ਪ੍ਰੀਖਿਆਰਥੀ ਅਧਿਆਪਕਾਂ ਨੂੰ ਫਰੀਦਕੋਟ, ਕੋਟਕਪੂਰਾ ਅਤੇ ਫਰੀਦਕੋਟ ਦੇ ਅਧਿਆਪਕਾਂ ਨੂੰ ਫਿਰੋਜ਼ਪੁਰ ਭੇਜਿਆ ਗਿਆ। ਇਵੇਂ ਹੀ ਫਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਅਧਿਆਪਕਾਂ ਨੂੰ ਵੀ ਦੂਜੇ ਜ਼ਿਲ੍ਹਿਆਂ ਵਿਚ ਭੇਜਿਆ ਗਿਆ। ਕਈ ਜਗ੍ਹਾ ਟ੍ਰੈਫਿਕ ਜਾਮ ਲੱਗੇ ਅਤੇ ਅਧਿਆਪਕ ਦੋ-ਦੋ ਘੰਟੇ ਜਾਮ ਵਿਚ ਫਸੇ ਰਹੇ। ਇਸ ਦੌਰਾਨ ਸੜਕਾਂ ਦੇ ਦੋਵੇਂ ਪਾਸੇ 20-20 ਕਿੱਲੋਮੀਟਰ ਤੱਕ ਦੋਵੇਂ ਪਾਸੇ ਕੀੜੀ ਵਾਂਗ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਪ੍ਰੀਖਿਆ ਕੇਂਦਰ ਵਿਚ ਜਾਣ ਤੋਂ ਪਹਿਲਾਂ ਅਧਿਆਪਕਾਂ ਦੀ ਸਖ਼ਤ ਤਲਾਸ਼ੀ ਲਏ ਜਾਣ ਤੋਂ ਇਲਾਵਾ ਹਰ ਪ੍ਰੀਖਿਆ ਕੇਂਦਰ ਦੇ ਕਮਰੇ ਵਿਚ ਦੋ-ਦੋ ਸੀਸੀਟੀਵੀ ਕੈਮਰੇ ਤੇ ਕਈ ਥਾਈਂ ਮੋਬਾਈਲ ਜੈਮਰ ਲਗਾਏ ਗਏ ਸਨ। ਓਧਰ ਅਧਿਆਪਕ ਜਥੇਬੰਦੀਆਂ ਨੇ ਸਰਕਾਰ ਦੇ ਇਸ ਫੈਸਲੇ ਨੂੰ ‘ਅਫਸਰਸ਼ਾਹੀ ਦੇ ਤੁਗਲਕੀ ਫਰਮਾਨ’ ਦੱਸਿਆ ਹੈ। ‘ਡੈਮੋਕ੍ਰੇਟਿਕ ਟੀਚਰਜ਼ ਫਰੰਟ’ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਸਥਾਨਕ ਆਗੂ ਮਲਕੀਤ ਸਿੰਘ ਨੇ ਦੱਸਿਆ ਕਿ ਐੱਸਸੀਈਆਰਟੀ ਵੱਲੋਂ ਪੀਐੱਸ ਟੈਟ ਦੇ ਲਏ ਗਏ ਇਮਤਿਹਾਨਾਂ ਵਿਚ ਅਧਿਆਪਕਾਂ ’ਤੇ ਵਿਖਾਈ ਬੇਭਰੋਸਗੀ ਨਿੰਦਣਯੋਗ ਹੈ।
ਸਖ਼ਤ ਸੁਰੱਖਿਆ ਪ੍ਰਬੰਧਾਂ ’ਚ ਲਏ ਇਮਤਿਹਾਨ, ਮੀਂਹ ਕਾਰਨ ਪਰਿਵਾਰਕ ਮੈਂਬਰ ਪਰੇਸ਼ਾਨ
ਐਤਵਾਰ ਨੂੰ ਵੱਖ ਵੱਖ ਪ੍ਰੀਖਿਆ ਕੇਂਦਰਾਂ 'ਤੇ ਪੀਐੱਸ ਟੈਟ ਜੇ ਇਮਤਿਹਾਨ ਦੋ ਸ਼ਿਫਟਾਂ ਵਿਚ ਲਏ ਗਏ। ਇਸ ਸਬੰਧੀ ਸਾਰੇ ਪ੍ਰੀਖਿਆ ਕੇਂਦਰਾਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਸਨ ਤੇ ਸੰਚਾਰ ਮਾਧਿਅਮ ਦੀ ਦੁਰਵਰਤੋਂ ਨੂੰ ਰੋਕਣ ਲਈ ਜੈਮਰ ਲਗਾਏ ਗਏ ਸਨ। ਇਸ ਤੋਂ ਇਲਾਵਾ, ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ ਅਤੇ ਸੈਂਟਰ ਸੁਪਰਡੈਂਟਾਂ ਨੇ ਨਿਰੰਤਰ ਨਿਗਰਾਨੀ ਰੱਖੀ। ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰ ਵਿਚ ਦਾਖ਼ਲੇ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਪਿੱਛੋਂ ਪ੍ਰੀਖਿਆ ਹਾਲ ਵਿਚ ਦਾਖ਼ਲ ਕੀਤਾ ਗਿਆ। ਐਤਵਾਰ ਨੂੰ ਮੀਂਹ ਕਾਰਨ ਦੂਜੇ ਜ਼ਿਲ੍ਹਿਆਂ ਤੋਂ ਆਏ ਪ੍ਰੀਖਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਕੇਂਦਰਾਂ ਦੇ ਬਾਹਰ ਪਰੇਸ਼ਾਨੀ ਹੋਈ। ਕਈ ਥਾਵਾਂ 'ਤੇ, ਮਾਪੇ ਛੱਤਰੀਆਂ ਜਾਂ ਦੁਕਾਨਾਂ ਦੇ ਸ਼ੈੱਡਾਂ ਹੇਠ ਆਪਣਿਆਂ ਦੀ ਉਡੀਕ ਕਰਦੇ ਦੇਖੇ ਗਏ।