ਐਮਰਜੈਂਸੀ ਹਾਲਾਤਾਂ ਦੌਰਾਨ ਮੁੱਢਲੀ ਸਹਾਇਤਾ ਦੇ ਗੁਰ ਸਿਖਾਏ ਫਸਟ ਰਿਸਪੋਂਡਰ ਬਣਨ ਦੀ ਸਿਖਲਾਈ ਨਾਲ ਵਿਦਿਆਰਥੀਆਂ ਨੂੰ ਮਿਲੀ ਜਾਨਾਂ ਬਚਾਉਣ ਦੀ ਸਿੱਖ
Publish Date: Mon, 13 Jul 2026 05:18 PM (IST)
Updated Date: Mon, 13 Jul 2026 05:21 PM (IST)
ਗੌਰਵ ਗੌੜ, ਜੌਲੀ ,ਪੰਜਾਬੀ ਜਾਗਰਣ ਜ਼ੀਰਾ: ਐਮਰਜੈਂਸੀ ਹਾਲਾਤਾਂ ਵਿੱਚ ਕੀਮਤੀ ਜਾਨਾਂ ਬਚਾਉਣ ਅਤੇ ਸਮਾਜ ਵਿਚ ਮੁੱਢਲੀ ਸਹਾਇਤਾ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਐਮਬਰੋਜ਼ੀਅਲ ਪਬਲਿਕ ਸਕੂਲ, ਜ਼ੀਰਾ ਵਿਖੇ ਫਸਟ ਰਿਸਪੋਂਡਰ ਪ੍ਰੋਗਰਾਮ ਤਹਿਤ ਇੱਕ ਵਿਸ਼ੇਸ਼ ਸੈਮੀਨਾਰ ਅਤੇ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਵੱਡੀ ਗਿਣਤੀ ਵਿਚ ਹਿੱਸਾ ਲੈ ਕੇ ਪ੍ਰੋਗਰਾਮ ਨੂੰ ਕਾਮਯਾਬ ਬਣਾਇਆ। ਪ੍ਰੋਗਰਾਮ ਦੌਰਾਨ ਟ੍ਰੇਨਰ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਦਸਿਆਂ ਅਤੇ ਅਚਾਨਕ ਪੈਦਾ ਹੋਣ ਵਾਲੀਆਂ ਸਿਹਤ ਸਬੰਧੀ ਐਮਰਜੈਂਸੀ ਸਥਿਤੀਆਂ ਵਿਚ ਪਹਿਲੇ ਕੁਝ ਮਿੰਟ ਸਭ ਤੋਂ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਨੇ ਚੱਕਰ ਆਉਣ ਦੀ ਸਥਿਤੀ ਵਿੱਚ ਮਰੀਜ਼ ਨੂੰ ਖੁੱਲ੍ਹੀ ਹਵਾ ਵਿਚ ਸਾਹ ਲੈਣ ਵਿਚ ਮੱਦਦ ਕਰਨ, ਦਿਲ ਦਾ ਦੌਰਾ ਪੈਣ ਤੇ ਮੁੱਢਲੀ ਸਹਾਇਤਾ ਦੇਣ, ਦਿਲ ਦੀ ਧੜਕਣ ਰੁਕਣ ਦੀ ਸਥਿਤੀ ਵਿਚ ਸੀ.ਪੀ.ਆਰ. ਕਰਨ, ਹਾਦਸਿਆਂ ਦੌਰਾਨ ਖੂਨ ਵਗਣ ਨੂੰ ਰੋਕਣ ਦੇ ਤਰੀਕਿਆਂ, ਮਿਰਗੀ ਦੇ ਦੌਰੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਐਕਸੀਡੈਂਟ ਦੌਰਾਨ ਹੱਡੀਆਂ ਟੁੱਟਣ ਦੀ ਸਥਿਤੀ ਵਿੱਚ ਕੀਤੇ ਜਾਣ ਵਾਲੇ ਉਪਾਵਾਂ ਅਤੇ ਸੱਪ ਦੇ ਡੰਗ ਮਾਰਨ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਸਥਿਤੀਆਂ ਨਾਲ ਨਜਿੱਠਣ ਲਈ ਪ੍ਰੈਕਟੀਕਲ ਸਿਖਲਾਈ ਵੀ ਦਿੱਤੀ। ਇਸ ਮੌਕੇ ਸਟੇਟ ਕੋਆਰਡੀਨੇਟਰ ਸਤਿੰਦਰ ਸਚਦੇਵਾ ਅਤੇ ਪ੍ਰਧਾਨ ਵਿਜੈ ਮੌਂਗਾ ਨੇ ਕਿਹਾ ਕਿ ਐਮਰਜੈਂਸੀ ਹਾਲਾਤਾਂ ਵਿੱਚ ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਦੇ ਕੁਝ ਮਿੰਟ ਗੋਲਡਨ ਮਿੰਟ ਹੁੰਦੇ ਹਨ। ਜੇਕਰ ਇਸ ਦੌਰਾਨ ਮਰੀਜ਼ ਨੂੰ ਸਹੀ ਅਤੇ ਸਮੇਂ ਸਿਰ ਮੁੱਢਲੀ ਸਹਾਇਤਾ ਮਿਲ ਜਾਵੇ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਅਜਿਹੇ ਸੈਮੀਨਾਰ ਹਰ ਸਕੂਲ ਅਤੇ ਕਾਲਜ ਵਿੱਚ ਕਰਵਾਏ ਜਾਣਗੇ ਤਾਂ ਜੋ ਨਵੀਂ ਪੀੜ੍ਹੀ ਕਿਸੇ ਵੀ ਸੰਕਟ ਦੀ ਘੜੀ ਵਿੱਚ ਫਸਟ ਰਿਸਪੋਂਡਰ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੋ ਸਕੇ। ਐਮਬਰੋਜ਼ੀਅਲ ਪਬਲਿਕ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਸਕੂਲ ਸਟਾਫ ਨੇ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਦੇ ਮੈਂਬਰਾਂ ਅਤੇ ਫਸਟ ਰਿਸਪੋਂਡਰ ਟੀਮ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸਨੂੰ ਸਮਾਜ ਲਈ ਬਹੁਤ ਹੀ ਲਾਹੇਵੰਦ ਕਦਮ ਕਰਾਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਟ੍ਰੇਨਰ ਜਸਵਿੰਦਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਟੇਟ ਕੋਆਰਡੀਨੇਟਰ ਸਤਿੰਦਰ ਸੱਚਦੇਵਾ, ਪ੍ਰਧਾਨ ਵਿਜੈ ਮੋਂਗਾ, ਚੇਅਰਮੈਨ ਮਹਿੰਦਰਪਾਲ,ਵਾਈਸ ਚੇਅਰਮੈਨ ਪ੍ਰੀਤਮ ਸਿੰਘ,ਵਾਈਸ ਪ੍ਰਧਾਨ ਪ੍ਰਸ਼ੋਤਮ ਸ਼ਰਮਾ, ਐਡਵਾਈਜ਼ਰ ਰਜਿੰਦਰ ਕੁਮਾਰ ਚਰਈਆ,ਕ੍ਰਿਸ਼ਨ ਹਾਂਡਾ,ਵਿਜੇ ਚੌਧਰੀ, ਸੀਨੀਅਰ ਵਾਈਸ ਪ੍ਰਧਾਨ ਵਿਪਨ ਸੇਠੀ, ਸਟੇਟ ਕਨਵੀਨਰ ਨਵੀਨ ਸਚਦੇਵਾ, ਕੈਸ਼ੀਅਰ ਜੁਗਲ ਕਿਸ਼ੋਰ,ਪ੍ਰਦੀਪ ਸਿੰਘ ਡਿਸਟ੍ਰਿਕਟ ਇੰਚਾਰਜ਼, ਸਤਨਾਮ ਸਿੰਘ ਬੁੱਟਰ ਚੇਅਰਮੈਨ, ਤੇਜ ਸਿੰਘ ਠਾਕੁਰ, ਅਨੁਪਮਾ ਠਾਕੁਰ, ਸੁਰਿੰਦਰ ਕਟੋਚ, ਦਵਿੰਦਰ ਕੁਮਾਰ, ਰੀਨਾ ਠਾਕੁਰ ਅਤੇ ਹੋਰ ਪਤਵੰਤੇ ਹਾਜ਼ਰ ਸਨ।