ਐੱਸਡੀਐੱਮ ਦੇ ਤੁਰੰਤ ਐਕਸ਼ਨ ਨਾਲ ਅਵਾਰਾ ਖੂੰਖਾਰ ਕਾਲਾ ਢੱਠਾ ਕਾਬੂ
ਐੱਸਡੀਐੱਮ ਦੇ ਤੁਰੰਤ ਐਕਸ਼ਨ ਨਾਲ ਅਵਾਰਾ ਖੂੰਖਾਰ ਕਾਲਾ ਢੱਠਾ ਕਾਬੂ
Publish Date: Wed, 17 Jun 2026 06:26 PM (IST)
Updated Date: Wed, 17 Jun 2026 06:27 PM (IST)

ਦੀਪਕ ਵਧਾਵਨ ,ਪੰਜਾਬੀ ਜਾਗਰਣ ਗੁਰੂਹਰਸਹਾਏ : ਸ਼ਹਿਰ ਵਿਚ ਕਾਫ਼ੀ ਸਮੇਂ ਤੋਂ ਦਹਿਸ਼ਤ ਦਾ ਕਾਰਨ ਬਣਿਆ ਅਵਾਰਾ ਖੂੰਖਾਰ ਕਾਲਾ ਢੱਠਾ ਆਖ਼ਰਕਾਰ ਪ੍ਰਸ਼ਾਸਨ ਦੀ ਤੁਰੰਤ ਕਾਰਵਾਈ ਨਾਲ ਕਾਬੂ ਕਰ ਲਿਆ ਗਿਆ। ਇਸ ਢੱਠੇ ਨੇ ਪਹਿਲਾਂ ਕਈ ਲੋਕਾਂ ਨੂੰ ਜ਼ਖ਼ਮੀ ਕੀਤਾ ਸੀ ਅਤੇ ਦੋ ਬਜ਼ੁਰਗਾਂ ਦੀ ਜਾਨ ਵੀ ਲੈ ਚੁੱਕਿਆ ਸੀ, ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਇਸ ਸਬੰਧੀ ਸਾਬਕਾ ਕੌਂਸਲਰ ਪੰਕਜ ਮੰਡੋਰਾ ਦੀ ਅਗਵਾਈ ਹੇਠ ਸ਼ਹਿਰ ਦੇ ਵਸਨੀਕਾਂ ਨੇ ਐੱਸਡੀਐੱਮ ਦਫ਼ਤਰ ਵਿਖੇ ਪਹੁੰਚ ਕੇ ਬੁੱਧਵਾਰ ਨੂੰ ਇੱਕ ਸ਼ਿਕਾਇਤ ਪੱਤਰ ਦਿੱਤਾ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਸੀ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਖੂੰਖਾਰ ਅਵਾਰਾ ਢੱਠੇ ਨੂੰ ਤੁਰੰਤ ਕਾਬੂ ਕੀਤਾ ਜਾਵੇ। ਮਾਮਲਾ ਧਿਆਨ ਵਿੱਚ ਆਉਂਦੇ ਹੀ ਐਸਡੀਐਮ ਹਰਦੀਪ ਸਿੰਘ ਨੇ ਬਿਨਾਂ ਕਿਸੇ ਦੇਰੀ ਦੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (ਈਓ) ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਐੱਸਡੀਐੱਮ ਦੇ ਹੁਕਮਾਂ ’ਤੇ ਈਓ ਨੇ ਫੌਰੀ ਤੌਰ ’ਤੇ ਗਊਸ਼ਾਲਾ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਅਤੇ ਨਗਰ ਕੌਂਸਲ ਦੀ ਟੀਮ ਨੂੰ ਮੌਕੇ ਤੇ ਭੇਜਿਆ ਗਿਆ। ਟੀਮ ਨੇ ਸਾਂਝੇ ਯਤਨਾਂ ਨਾਲ ਅਵਾਰਾ ਘੁੰਮ ਰਹੇ ਖੂੰਖਾਰ ਕਾਲੇ ਢੱਠੇ ਨੂੰ ਉਸੇ ਦਿਨ ਬੁੱਧਵਾਰ ਹੀ ਕਾਬੂ ਕਰਕੇ ਗਊਸ਼ਾਲਾ ਵਿੱਚ ਸੁਰੱਖਿਅਤ ਤੌਰ ਤੇ ਬੰਦ ਕਰ ਦਿੱਤਾ। ਐੱਸਡੀਐੱਮ ਹਰਦੀਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਅੱਜ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਢੱਠੇ ਨੂੰ ਕਾਬੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਢੱਠੇ ਤੋਂ ਸ਼ਹਿਰ ਵਾਸੀਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਅਤੇ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੀ ਇਸ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਇਹ ਕਾਰਵਾਈ ਪਹਿਲਾਂ ਹੋ ਜਾਂਦੀ ਤਾਂ ਸ਼ਾਇਦ ਕਈ ਲੋਕ ਜ਼ਖ਼ਮੀ ਹੋਣ ਤੋਂ ਅਤੇ ਮੌਤ ਦੇ ਮੂੰਹ ਵਿਚ ਜਾਣ ਵਾਲੇ ਵੀ ਬਚ ਸਕਦੇ ਸਨ। ਉਨ੍ਹਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਅਜਿਹੇ ਅਵਾਰਾ ਅਤੇ ਖ਼ਤਰਨਾਕ ਪਸ਼ੂਆਂ ਸਬੰਧੀ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਸਾਬਕਾ ਕੌਂਸਲਰ ਪੰਕਜ ਮੰਡੋਰਾ ਅਤੇ ਸ਼ਹਿਰ ਨਿਵਾਸੀਆਂ ਨੇ ਐੱਸਡੀਐੱਮ ਹਰਦੀਪ ਸਿੰਘ, ਨਗਰ ਕੌਂਸਲ ਦੇ ਈਓ, ਗਊਸ਼ਾਲਾ ਪ੍ਰਬੰਧਕਾਂ ਅਤੇ ਪੂਰੀ ਪ੍ਰਸ਼ਾਸਨਿਕ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਾਰਵਾਈ ਨਾਲ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਕਾਫ਼ੀ ਸੁਰੱਖਿਅਤ ਮਹਿਸੂਸ ਕਰ ਰਹੇ ਹਨ।