- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਕਿਲਾ ਸਰਹੱਦੀ ਇਲਾਕੇ ਦੇ ਪਹਾੜੀ ਖੇਤਰ ਵਿੱਚ ਸਥਿੱਤ ਸੀ। 12 ਸਤੰਬਰ 1897 ਨੂੰ ਹਜ਼ਾਰਾਂ ਅਫਰੀਦੀਆਂ ਅਤੇ ਅਰਾਕਜ਼ਾਈ ਪਠਾਣਾਂ ਨੇ ਇਸ ਚੌਂਕੀ ’ਤੇ ਹਮਲਾ ਕਰ ਦਿੱਤਾ ਅਤੇ ਦੋਵੇਂ ਚੌਂਕੀਆਂ ਘੇਰ ਲਈਆਂ। ਲੈਫਟੀਨੈਂਟ ਕਰਨਲ ਹਾਫਟਨ ਜਿਹੜਾ ਕਿਲਾ ਲੋਕਹਾਰਟ ਦਾ ਕਮਾਂਡਿੰਗ ਅਫਸਰ ਸੀ, ਉਸ ਨੇ ਸਾਰਾਗੜੀ ਨਾਲ ਸੰਪਰਕ ਪੈਦਾ ਕੀਤਾ, ਜਿੱਥੇ ਕਿ ਹਿਲੋਗ੍ਰਾਫ ਰਾਹੀਂ ਸੰਦੇਸ਼ ਪ੍ਰਾਪਤ ਹੋ ਰਹੇ ਸਨ।

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ: ਸਾਰਾਗੜੀ ਦਾ ਸਾਕਾ ਬਲੀਦਾਨ ਦੀ ਇਕ ਅਜਿਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਦੁਨੀਆਂ ਭਰ ਵਿੱਚ ਨਹੀਂ ਮਿਲਦੀ। ਇਹ ਸਾਕਾ ਸਿੱਖ ਰੈਜਮੈਂਟ ਦੇ ਉਨ੍ਹਾਂ 21 ਸੂਰਬੀਰ ਬਹਾਦਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਸਾਰਾਗੜੀ ਕਿਲੇ ਦੀ ਰੱਖਿਆ ਕਰਦੇ, 10,000 ਪਠਾਣਾਂ ਵੱਲੋਂ ਕੀਤੇ ਗਏ ਹਮਲੇ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀਤਾ। ਇਸ ਤਰਾਂ ਉਨਾਂ ਭਾਰਤ ਦੇ ਇਤਿਹਾਸ ਵਿੱਚ ਇਕ ਨਵੇਂ ਕਾਂਡ ਦੀ ਸਿਰਜਨਾ ਕੀਤੀ, ਜੋ ਕਿ ਆਉਣ ਵਾਲੀਆਂ ਪੀੜੀਆਂ ਲਈ ਇਕ ਪ੍ਰੇਰਣਾ ਸਰੋਤ ਹੈ। ਉੱਤਰੀ-ਪੱਛਮੀ ਸਰਹੱਦੀ ਸੂਬੇ (ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਹੈ) ਵਿਚ 1897 ਵਿੱਚ ਜਿਹੜੀ ਬਗਾਵਤ ਉੱਭਰ ਰਹੀ ਸੀ, ਉਸਦੀ ਅਗਵਾਈ ਮੁੱਲਾ ਕਰ ਰਹੇ ਸਨ। ਇਨਾਂ ਪਠਾਣਾਂ ਨੇ ਹਰ ਥਾਂ ਫੌਜੀਆਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। 36ਵੀਂ ਸਿੱਖ ਬਟਾਲੀਅਨ (ਅੱਜ ਕੱਲ 4/11 ਸਿੱਖ ਰੈਜਮੈਂਟ) ਜਿਹੜੀ ਕਿ ਜਲੰਧਰ ਵਿਖੇ 1897 ਵਿੱਚ ਕਰਨਲ ਕੁੱਕ ਦੀ ਕਮਾਂਡ ਹੇਠ ਅਜੇ ਸਿਰਫ ਦੱਸ ਦਿਨ ਪਹਿਲਾਂ ਹੀ ਬਣੀ ਸੀ, ਨੂੰ ਹੁਕਮ ਦਿੱਤਾ ਗਿਆ ਕਿ ਉਹ ਕਿਲਾ ਲੋਕਹਾਰਟ ਪਹੁੰਚ ਜਾਏ। ਇਹ ਕਿਲਾ ਸਰਹੱਦੀ ਇਲਾਕੇ ਦੇ ਪਹਾੜੀ ਖੇਤਰ ਵਿੱਚ ਸਥਿੱਤ ਸੀ। 12 ਸਤੰਬਰ 1897 ਨੂੰ ਹਜ਼ਾਰਾਂ ਅਫਰੀਦੀਆਂ ਅਤੇ ਅਰਾਕਜ਼ਾਈ ਪਠਾਣਾਂ ਨੇ ਇਸ ਚੌਂਕੀ ’ਤੇ ਹਮਲਾ ਕਰ ਦਿੱਤਾ ਅਤੇ ਦੋਵੇਂ ਚੌਂਕੀਆਂ ਘੇਰ ਲਈਆਂ। ਲੈਫਟੀਨੈਂਟ ਕਰਨਲ ਹਾਫਟਨ ਜਿਹੜਾ ਕਿਲਾ ਲੋਕਹਾਰਟ ਦਾ ਕਮਾਂਡਿੰਗ ਅਫਸਰ ਸੀ, ਉਸ ਨੇ ਸਾਰਾਗੜੀ ਨਾਲ ਸੰਪਰਕ ਪੈਦਾ ਕੀਤਾ, ਜਿੱਥੇ ਕਿ ਹਿਲੋਗ੍ਰਾਫ ਰਾਹੀਂ ਸੰਦੇਸ਼ ਪ੍ਰਾਪਤ ਹੋ ਰਹੇ ਸਨ। ਇਸ ਚੌਂਕੀ ਵਿੱਚ 4 ਕੰਪਨੀਆਂ ਮੌਜੂਦ ਸਨ। ਸੰਨ 1897 ਦੀ 3 ਸਤੰਬਰ ਅਤੇ 9 ਸਤੰਬਰ ਨੂੰ ਕਬਾਇਲੀਆਂ ਨੇ ਗੁਲਿਸਤਾਨ ਚੌਂਕੀ ਤੇ ਹਮਲਾ ਕਰ ਦਿੱਤਾ। ਇਨਾਂ ਦੋਨਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ, ਜਿਸ ਵਿੱਚ ਦੁਸ਼ਮਣ ਦਾ ਭਾਰੀ ਨੁਕਸਾਨ ਹੋਇਆ। ਇਸ ਹਾਰ ਦੀ ਪੀੜ ਮਹਿਸੂਸ ਕਰਦੇ ਹੋਏ 12 ਸਤੰਬਰ 1897 ਨੂੰ ਹਜ਼ਾਰਾਂ ਦੀ ਗਿਣਤੀ ਵਿਚ ਪਠਾਣਾਂ ਨੇ ਸਾਰਾਗੜੀ ਚੌਂਕੀ ਤੇ ਭਾਰੀ ਹਮਲਾ ਕਰ ਦਿੱਤਾ। ਇਸ ਛੋਟੀ ਜਿਹੀ ਚੌਂਕੀ ਦੇ ਅੰਦਰ ਬਹਾਦਰ ਸਿੱਖ ਫੌਜੀਆਂ ਨੇ ਹਮਲਾਵਰਾਂ ਦੇ ਕਈ ਹਮਲਿਆਂ ਦਾ ਮੂੰਹ ਤੋੜ ਉੱਤਰ ਦਿੱਤਾ ਅਤੇ 6 ਘੰਟਿਆਂ ਦੀ ਲੜਾਈ ਵਿੱਚ ਦੋ ਸੌ ਤੋਂ ਵੀ ਵੱਧ ਪਠਾਣ ਮਾਰੇ ਗਏ। ਸਿਪਾਹੀ ਗੁਰਮੁੱਖ ਸਿੰਘ ਨੇ ਕਰਨਲ ਹਾਫਟਨ ਨੂੰ ਹਿਲੋਗ੍ਰਾਫ ਰਾਹੀਂ ਸੰਦੇਸ਼ ਭੇਜਿਆ ਕਿ ਸਾਰਾਗੜੀ ਦੀ ਚੌਂਕੀ ਤੇ ਦੁਸ਼ਮਣ ਨੇ ਭਾਰੀ ਗਿਣਤੀ ਵਿੱਚ ਹਮਲਾ ਕਰ ਦਿੱਤਾ ਹੈ। ਕਮਾਂਡਰ ਦੇ ਹੁਕਮ ਨਾਲ ਇਨਾਂ ਸਿਪਾਹੀਆਂ ਨੇ ਜਵਾਬ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਤਕਰੀਬਨ ਅੱਧਾ ਘੰਟਾ ਗੋਲੀ ਚੱਲਦੀ ਰਹੀ ਤਾਂ ਨਾਇਕ ਲਾਭ ਸਿੰਘ, ਭਗਵਾਨ ਸਿੰਘ ਅਤੇ ਸਿਪਾਹੀ ਜੀਵਨ ਸਿੰਘ ਨੇ ਚੌਂਕੀ ਤੋਂ ਬਾਹਰ ਆ ਕੇ ਪਠਾਣਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਰਾਗੜੀ ਚੌਕੀ ਦੇ ਅੰਦਰ ਫੌਜੀਆਂ ਨੇ ਹੋਰ ਸੈਨਿਕ ਹਥਿਆਰ ਅਤੇ ਗੋਲਾ-ਬਾਰੂਦ ਮੰਗਿਆਂ, ਪਰ ਚੌਂਕੀ ਦੇ ਅੰਦਰ ਕਿਸੇ ਤਰਾਂ ਦੀ ਮੱਦਦ ਪਹੁੰਚਾਉਣਾ ਮੁਸ਼ਕਲ ਸੀ ਅਜੇ ਉਨਾਂ ਨੇ ਦੁਸ਼ਮਣ ਦੇ ਕੁੱਝ ਹੀ ਬੰਦੇ ਮਾਰੇ ਸਨ ਕਿ ਭਗਵਾਨ ਸਿੰਘ ਸ਼ਹੀਦ ਹੋ ਗਿਆ ਅਤੇ ਲਾਭ ਸਿੰਘ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਜੀਵਨ ਸਿੰਘ ਅਤੇ ਲਾਭ ਸਿੰਘ ਨੇ ਭਗਵਾਨ ਸਿੰਘ ਦੀ ਲਾਸ਼ ਚੁੱਕ ਕੇ ਚੌਂਕੀ ਵਿੱਚ ਰੱਖ ਲਈ। ਲਾਭ ਸਿੰਘ ਨੇ ਜ਼ਖ਼ਮੀ ਹਾਲਤ ਵਿੱਚ ਉਦੋਂ ਤੱਕ ਗੋਲੀ ਚਲਾਉਣੀ ਜਾਰੀ ਰੱਖੀ ਜਦੋਂ ਤੱਕ ਕਿ ਉਹ ਧਰਤੀ ਤੇ ਨਹੀਂ ਡਿੱਗ ਪਿਆ। ਸਿੱਖ ਬਹਾਦਰ ਸਿਪਾਹੀਆਂ ਨੇ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਵਾਕ ‘‘ਸਵਾ ਲਾਖ ਸੇ ਏਕ ਲੜਾਉਂ,ਤਬੇ ਗੋਬਿੰਦ ਸਿੰਘ ਨਾਮ ਕਹਾਊਂ” ਨੂੰ ਸੱਚ ਕਰਕੇ ਦਿਖਾਇਆ। ਬਹਾਦਰ ਸਿੱਖ ਫੌਜੀਆਂ ਦੀ ਸ਼ਾਨਦਰ ਨਿਸ਼ਾਨੇਬਾਜ਼ੀ ਅਤੇ ਉਨਾਂ ਦੀ ਬਹਾਦਰੀ ਦੇ ਸਦਕੇ ਦੁਸ਼ਮਣ ਇਸ ਚੌਂਕੀ ਦੇ ਨੇੜੇ ਨਾ ਫੜਕ ਸਕਿਆ। ਇਸ ਲਈ ਦੁਸ਼ਮਣ ਨੇ ਆਖਰੀ ਹਥਿਆਰ ਵੱਜੋਂ ਸਾਰਾਗੜੀ ਚੌਂਕੀ ਦੇ ਆਲੇ-ਦੁਆਲੇ ਸੁੱਕੀਆਂ ਝਾੜੀਆਂ ਵਿੱਚ ਅੱਗ ਲਾ ਦਿੱਤੀ ਅਤੇ ਚੌਂਕੀ ਦੀ ਇਕ ਕੰਧ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਸਿਪਾਹੀ ਇਕ-ਇਕ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਠਾਣਾਂ ਨੂੰ ਮਾਰ ਕੇ ਸ਼ਹੀਦੀ ਪਾ ਗਏ ਤਾਂ ਗੁਰਮੁੱਖ ਸਿੰਘ ਹੀਲੋਗ੍ਰਾਫਰ ਜੋ ਕਿ ਖ਼ਬਰ ਦੇਣ ਦਾ ਇਕੋ ਇਕ ਵਸੀਲਾ ਸੀ ਨੇ ਕਿਲੇ ਦੇ ਕਮਾਂਡਰ ਨੂੰ ਕਿਲੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਤੱਕ 2 ਫੌਜੀਆਂ ਤੋਂ ਬਿਨਾਂ ਬਾਕੀ ਸਾਰੇ ਸ਼ਹੀਦ ਹੋ ਚੁੱਕੇ ਸਨ। ਕੁੱਝ ਸਮੇਂ ਬਾਅਦ ਇਨਾਂ ਫੌਜਿਆਂ ਦਾ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਇਕੱਲਾ ਹੀ ਰਹਿ ਗਿਆ ਅਤੇ ਉਸ ਦੇ ਆਲੇ-ਦੁਆਲੇ 20 ਸਾਥੀਆਂ ਦੀਆਂ ਲਾਸ਼ਾਂ ਪਈਆਂ ਸਨ। ਆਪਣੀ ਰਾਈਫਲ ਚੁੱਕ ਕੇ ਉਹ ਸਾਰਾਗੜੀ ਚੋਟੀ ਦੇ ਉਸ ਦਰਵਾਜ਼ੇ ਕੋਲ ਜਾ ਬੈਠਾ ਜਿਥੋ ਦੁਸ਼ਮਣ ਚੌਂਕੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਹੁਤ ਹੌਲੀ ਨਾਲ ਜਿਵੇਂ ਕਿ ਉਹ ਫਾਇਰੰਗ ਰੇਂਜ਼ ਉੱਪਰ ਬੈਠਾ ਹੋਵੇ ਆਪਣੀ ਰਾਈਫਲ ਨੂੰ ਨੇੜੇ ਕੀਤਾ ਅਤੇ ਕਈ ਪਠਾਣਾਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ ਸ਼ਹੀਦੀ ਪਾ ਗਿਆ। ਉਸ ਨੇ ਆਪਣੀ ਛਾਤੀ ਵਿੱਚ ਗੋਲੀ ਮਾਰ ਕੇ ਸ਼ਾਹਦਤ ਪ੍ਰਾਪਤ ਕੀਤੀ। ਇਸ ਉਪਰੰਤ ਸਾਰੇ ਵਾਤਾਵਰਨ ਤੇ ਖਾਮੋਸ਼ੀ ਦਿਖਾਈ ਦੇਣ ਲੱਗੀ ਅਤੇ ਇਹ ਚੁੱਪ ਦਾ ਵਾਤਾਵਰਣ ਉਸ ਸਮੇਂ ਸਮਾਪਤ ਹੋਇਆ ਜਦੋਂ ਦੁਸ਼ਮਣ ਨੇ ਇਹ ਦੇਖਿਆ ਕਿ ਹੁਣ ਉਸਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ। ਪਠਾਣਾਂ ਨੇ ਮਰਿਆਂ ਹੋਇਆਂ ਜਵਾਨਾਂ ਤੋਂ ਬਦਲਾ ਲਿਆ। ਬੰਦੂਕਾਂ ਆਦਿ ਚੁੱਕਣ ਤੋਂ ਬਾਅਦ ਚੌਂਕੀ ਨੂੰ ਅੱਗ ਲਗਾ ਦਿੱਤੀ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਨਾਂ ਬਹਾਦਰ ਸਿੰਘਾਂ ਨੇ ਇੱਕ-ਇੱਕ ਕਰਕੇ ਬੜੀ ਸੂਰਬੀਰਤਾ ਨਾਲ ਸ਼ਹਾਦਤ ਪ੍ਰਾਪਤ ਕੀਤੀ। ਇਨਾਂ 21 ਜਵਾਨਾਂ ਵਿਚ ਹਰ ਇਕ ਨੂੰ ਇੰਡੀਅਨ ਆਰਡਰ ਆਫ ਮੈਰਿਟ, ਜਿਹੜਾ ਕਿ ਉਸ ਸਮੇਂ ਉੱਚ ਸਰਵੋਤਮ ਜੰਗੀ ਇਨਾਮ ਸੀ, ਨਾਲ ਸਨਮਾਨਿਆ ਗਿਆ ਅਤੇ ਇਨਾਂ ਦੀਆਂ ਵਿੱਧਵਾਵਾਂ ਨੂੰ ਉਸ ਸਮੇਂ ਮੁਤਾਬਿਕ ਪੈਨਸ਼ਨ ਅਤੇ 500 ਰੁਪਏ ਨੱਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦੇ ਆਸ਼ਰਿਤਾਂ ਨੂੰ 50-50 ਏਕੜ (ਦੋ-ਦੋ ਮੁਰੱਬੇ) ਜ਼ਮੀਨ ਦਿੱਤੀ ਗਈ ਸੀ। ਇਸ ਯੁੱਧ ਦਾ ਸ਼ੁਮਾਰ ਦੁਨੀਆਂ ਦੇ 10 ਬੇਹਤਰੀਨ ਯੁੱਧਾਂ ਵਿਚ ਕੀਤਾ ਜਾਂਦਾ ਹੈ। ਸਿੱਖ ਫੌਜੀਆਂ ਦੀ ਲਾਸਾਨੀ ਕੁਰਬਾਨੀ ਦਾ ਇਤਿਹਾਸ ਅੱਜ ਵੀ ਇਗਲੈਂਡ ਤੇ ਫਰਾਂਸ ਸਮੇਤ ਕਈ ਦੇਸ਼ਾ ਦੇ ਸਕੂਲਾ ਵਿਚ ਪੜਾਇਆ ਜਾਂਦਾ ਹੈ।
ਸਾਰਾਗੜੀ ਦੀ ਲੜਾਈ ਵਿਚ ਸ਼ਹੀਦ ਹੋਣ ਵਾਲੇ ਬਹਾਦਰ ਜਵਾਨਾਂ ਦੇ ਨਾਮ ਹਵਾਲਦਾਰ ਈਸ਼ਰ ਸਿੰਘ, ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦਾ ਸਿੰਘ, ਸਿਪਾਹੀ ਸੁੱਧ ਸਿੰਘ, ਸਾਹਿਬ ਸਿੰਘ, ਉੱਤਮ ਸਿੰਘ, ਨਰੈਣ ਸਿੰਘ, ਗੁਰਮੁੱਖ ਸਿੰਘ, ਜੀਵਨ ਸਿੰਘ, ਰਾਮ ਸਿੰਘ, ਹੀਰਾ ਸਿੰਘ, ਦਇਆ ਸਿੰਘ, ਭੋਲਾ ਸਿੰਘ, ਜੀਵਨ ਸਿੰਘ, ਗੁਰਮੁੱਖ ਸਿੰਘ, ਭਗਵਾਨ ਸਿੰਘ, ਰਾਮ ਸਿੰਘ, ਬੂਟਾ ਸਿੰਘ, ਜੀਵਨ ਸਿੰਘ, ਅਨੰਦ ਸਿੰਘ, ਅਤੇ ਭਗਵਾਨ ਸਿੰਘ ਹਨ। ਇਨ੍ਹਾਂ ਸਮੂਹ ਸ਼ਹੀਦਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਣਾਮ ਕੀਤਾ ਜਾਂਦਾ ਹੈ। ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਛਾਉਣੀ ਵਿਖੇ ਸਾਰਾਗੜ੍ਹੀ ਜੰਗ 1897 ਦੇ ਸਿੱਖ ਸੂਰਬੀਰ ਸ਼ਹੀਦਾਂ ਦੀ ਯਾਦ ਵਿਚ ਇੱਕ ਮਿਊਜ਼ੀਅਮ ਵੀ ਬਣਾਇਆ ਗਿਆ ਹੈ ਅਤੇ ਇੱਕ ਵਿਲੱਖਣ ਕਿਸਮ ਦਾ ‘‘ਸਾਰਾਗੜ੍ਹੀ ਵਾਰ ਮੈਮੋਰੀਅਲ’’ ਬਣਾਇਆ ਗਿਆ ਹੈ।