- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ਚੈਕਿੰਗ

- ਰੇਲਵੇ ਵਿਭਾਗ ਵੱਲੋਂ ‘ਫੋਰਟਰੈਸ ਚੈੱਕ’ ਤਹਿਤ ਵੱਡੀ ਕਾਰਵਾਈ, ਫੜੇ ਗਏ 339 ਮੁਸਾਫ਼ਿਰ
- ਰੇਲ ਯਾਤਰੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਅੱਜ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਬਿਨ੍ਹਾ ਟਿਕਟ ਅਤੇ ਨਿਯਮਾਂ ਦੇ ਉਲਟ ਸਫ਼ਰ ਕਰਨ ਵਾਲਿਆਂ ਵਿਰੁੱਧ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ‘ਫੋਰਟਰੈਸ ਚੈੱਕ’ ਨਾਮ ਦੀ ਇਸ ਸਖ਼ਤ ਚੈਕਿੰਗ ਦੌਰਾਨ ਰੇਲਵੇ ਦੇ ਟਿਕਟ ਜਾਂਚ ਸਟਾਫ਼ ਅਤੇ ਰੇਲਵੇ ਸੁਰੱਖਿਆ ਬਲ ਦੀ ਸਾਂਝੀ ਟੀਮ ਵੱਲੋਂ ਸਟੇਸ਼ਨ ’ਤੇ ਵਿਆਪਕ ਤਲਾਸ਼ੀ ਲਈ ਗਈ। ਇਸ ਵਿਸ਼ੇਸ਼ ਜਾਂਚ ਅਭਿਆਨ ਦੌਰਾਨ ਰੇਲਵੇ ਟੀਮਾਂ ਵੱਲੋਂ ਕੁੱਲ 339 ਬਿਨਾਂ ਟਿਕਟ ਅਤੇ ਅਨਿਯਮਿਤ ਯਾਤਰੀਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਉਲੰਘਣਾ ਕਰਨ ਵਾਲੇ ਮੁਸਾਫ਼ਿਰਾਂ ਕੋਲੋਂ ਜੁਰਮਾਨੇ ਵਜੋਂ ਲਗਭਗ 2.23 ਲੱਖ ਰੁਪਏ ਦਾ ਰੇਲਵੇ ਮਾਲੀਆ ਵਸੂਲਿਆ ਗਿਆ। ਇਸ ਅਚਨਚੇਤ ਕਾਰਵਾਈ ਕਾਰਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਵਿਚ ਭਾਜੜ ਮੱਚ ਗਈ।ਰੇਲਵੇ ਪ੍ਰਸ਼ਾਸਨ ਵੱਲੋਂ ਚਲਾਇਆ ਜਾਣ ਵਾਲਾ ‘ਫੋਰਟਰੈਸ ਚੈੱਕ’ ਇਕ ਅਜਿਹੀ ਵਿਸ਼ੇਸ਼ ਅਤੇ ਗੁਪਤ ਚੈਕਿੰਗ ਪ੍ਰਕਿਰਿਆ ਹੈ, ਜਿਸ ਦੇ ਤਹਿਤ ਕਿਸੇ ਵੀ ਰੇਲਵੇ ਸਟੇਸ਼ਨ, ਰੇਲ ਗੱਡੀ ਜਾਂ ਖਾਸ ਰੇਲਵੇ ਰੂਟ ’ਤੇ ਬਿਨ੍ਹਾ ਕਿਸੇ ਪੂਰਵ ਸੂਚਨਾ ਦੇ ਅਚਾਨਕ ਵੱਡੇ ਪੱਧਰ ’ਤੇ ਟਿਕਟਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਕਾਰਵਾਈ ਦਾ ਮੁੱਖ ਮਕਸਦ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ’ਤੇ ਨੱਥ ਪਾਉਣਾ, ਰੇਲਵੇ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਅਤੇ ਰੇਲਵੇ ਦੇ ਮਾਲੀਏ ਨੂੰ ਨੁਕਸਾਨ ਤੋਂ ਬਚਾਉਣਾ ਹੈ। ਇਸ ਦੌਰਾਨ ਮੁਸਾਫ਼ਿਰਾਂ ਦੀਆਂ ਟਿਕਟਾਂ, ਪਛਾਣ ਪੱਤਰਾਂ ਅਤੇ ਹੋਰ ਰੇਲਵੇ ਨਿਯਮਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਸਮੂਹ ਰੇਲ ਯਾਤਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਜਾਇਜ਼ ਟਿਕਟ ਲੈ ਕੇ ਹੀ ਰੇਲ ਗੱਡੀਆਂ ਵਿਚ ਸਫ਼ਰ ਕਰਨ ਅਤੇ ਰੇਲਵੇ ਦੇ ਨਿਯਮਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਵਿਰੁੱਧ ਇਸ ਤਰ੍ਹਾਂ ਦੀਆਂ ਵਿਸ਼ੇਸ਼ ਚੈਕਿੰਗ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ, ਤਾਂ ਜੋ ਰੇਲ ਸਫ਼ਰ ਨੂੰ ਸੁਰੱਖਿਅਤ ਅਤੇ ਨਿਯਮਬੱਧ ਬਣਾਇਆ ਜਾ ਸਕੇ।