- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਤੀ ਅਮਾਵੱਸਿਆ 15 ਜੂਨ ਨੂੰ, ਪਿਤਰਾਂ ਦੇ ਤਰਪਣ, ਦਾਨ-ਪੁੰਨ ਅਤੇ ਪਿੱਪਲ ਪੂਜਾ ਦਾ ਵਿਸ਼ੇਸ਼ ਮਹੱਤਵ

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ
ਜ਼ੀਰਾ : ਜੇਠ ਮਹੀਨੇ ਦੀ ਸੋਮਵਤੀ ਅਮਾਵੱਸਿਆ ਇਸ ਸਾਲ 15 ਜੂਨ, ਸੋਮਵਾਰ ਨੂੰ ਮਨਾਈ ਜਾਵੇਗੀ। ਸਨਾਤਨ ਧਰਮ ਵਿੱਚ ਸੋਮਵਾਰ ਨੂੰ ਆਉਣ ਵਾਲੀ ਅਮਾਵੱਸਿਆ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਦਿਨ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨ, ਪਿਤਰਾਂ ਦਾ ਤਰਪਣ ਕਰਨ, ਦਾਨ-ਪੁੰਨ ਕਰਨ ਅਤੇ ਪਿੱਪਲ ਦੇ ਰੁੱਖ ਦੀ ਪੂਜਾ ਕਰਨ ਨਾਲ ਵਿਸ਼ੇਸ਼ ਫਲ ਅਤੇ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਸ਼ਰਧਾਲੂ ਸਵੇਰੇ ਬ੍ਰਹਮ ਮੁਹੂਰਤ ਤੋਂ ਹੀ ਧਾਰਮਿਕ ਕਰਮਾਂ ਵਿੱਚ ਸ਼ਾਮਲ ਹੋ ਕੇ ਆਪਣੇ ਪੂਰਵਜਾਂ ਦੀ ਆਤਮਿਕ ਸ਼ਾਂਤੀ ਲਈ ਤਰਪਣ ਕਰਨਗੇ। ਪੰਡਿਤ ਕਰਨ ਸ਼ਰਮਾ ਮਹਿਤਪੁਰ ਅਤੇ ਸੰਦੀਪ ਪ੍ਰਭਾਕਰ ਅਨੁਸਾਰ ਅਮਾਵੱਸਿਆ ਤਿਥੀ 14 ਜੂਨ ਰਾਤ 11:48 ਵਜੇ ਸ਼ੁਰੂ ਹੋਵੇਗੀ ਅਤੇ 15 ਜੂਨ ਰਾਤ 9:42 ਵਜੇ ਤੱਕ ਰਹੇਗੀ। ਉਦਯਾ ਤਿਥੀ ਦੇ ਆਧਾਰ ’ਤੇ ਸੋਮਵਤੀ ਅਮਾਵੱਸਿਆ ਦਾ ਵਰਤ ਅਤੇ ਪੂਜਾ 15 ਜੂਨ ਨੂੰ ਹੀ ਕੀਤੀ ਜਾਵੇਗੀ। ਸੂਰਜ ਚੜ੍ਹਨ ਤੋਂ ਦੁਪਹਿਰ ਤੱਕ ਦਾ ਸਮਾਂ ਇਸ਼ਨਾਨ, ਜਪ-ਤਪ, ਦਾਨ ਅਤੇ ਪੂਜਾ-ਅਰਚਨਾ ਲਈ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ। ਪੰਡਿਤ ਕਰਨ ਸ਼ਰਮਾ ਨੇ ਦੱਸਿਆ ਕਿ ਸੋਮਵਤੀ ਅਮਾਵੱਸਿਆ ਦੇ ਦਿਨ ਕ੍ਰੋਧ, ਝਗੜੇ, ਨਸ਼ਿਆਂ ਅਤੇ ਮਾਸਾਹਾਰੀ ਭੋਜਨ ਤੋਂ ਦੂਰ ਰਹਿ ਕੇ ਸਾਤਵਿਕ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਕੀਤੇ ਗਏ ਇਸ਼ਨਾਨ, ਤਰਪਣ, ਦਾਨ ਅਤੇ ਪੂਜਾ-ਅਰਚਨਾ ਨਾਲ ਆਤਮਿਕ ਸ਼ਾਂਤੀ, ਪਿਤਰਾਂ ਦਾ ਆਸ਼ੀਰਵਾਦ ਅਤੇ ਪੁੰਨ ਫਲ ਦੀ ਪ੍ਰਾਪਤੀ ਹੁੰਦੀ ਹੈ।
ਪਿਤਰਾਂ ਦੀ ਸ਼ਾਂਤੀ ਤੇ ਆਸ਼ੀਰਵਾਦ ਪ੍ਰਾਪਤੀ ਦਾ ਪਵਿੱਤਰ ਦਿਨ
ਅਮਾਵੱਸਿਆ ਤਿਥੀ ਪਿਤਰਾਂ ਨੂੰ ਸਮਰਪਿਤ ਮੰਨੀ ਜਾਂਦੀ ਹੈ। ਇਸ ਦਿਨ ਤਿਲ, ਕੁਸ਼ ਅਤੇ ਜਲ ਨਾਲ ਤਰਪਣ ਕਰਨ ਨਾਲ ਪਿਤਰਾਂ ਨੂੰ ਤ੍ਰਿਪਤੀ ਮਿਲਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਸੋਮਵਤੀ ਅਮਾਵੱਸਿਆ ’ਤੇ ਤਰਪਣ ਕਰਨ ਨਾਲ ਪਿਤਰ ਦੋਸ਼ਾਂ ਵਿਚ ਕਮੀ ਆਉਂਦੀ ਹੈ ਅਤੇ ਪੂਰਵਜਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸ ਮੌਕੇ ਲੋੜਵੰਦਾਂ ਨੂੰ ਭੋਜਨ, ਕੱਪੜੇ, ਤਿਲ, ਗੁੜ ਅਤੇ ਦੱਖਿਣਾ ਦਾ ਦਾਨ ਕਰਨਾ ਵੀ ਬਹੁਤ ਪੁੰਨਦਾਇਕ ਮੰਨਿਆ ਜਾਂਦਾ ਹੈ।
ਪਵਿੱਤਰ ਇਸ਼ਨਾਨ ਤੇ ਪਿੱਪਲ ਪੂਜਾ ਦਾ ਵਿਸ਼ੇਸ਼ ਮਹੱਤਵ
ਸੋਮਵਤੀ ਅਮਾਵੱਸਿਆ ’ਤੇ ਗੰਗਾ, ਯਮੁਨਾ, ਸਰਸਵਤੀ ਅਤੇ ਹੋਰ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨਾ ਬਹੁਤ ਹੀ ਫਲਦਾਇਕ ਮੰਨਿਆ ਜਾਂਦਾ ਹੈ। ਜਿਹੜੇ ਸ਼ਰਧਾਲੂ ਤੀਰਥ ਸਥਾਨਾਂ ’ਤੇ ਨਹੀਂ ਪਹੁੰਚ ਸਕਦੇ, ਉਹ ਗੰਗਾਜਲ ਮਿਲਾ ਕੇ ਘਰ ਵਿੱਚ ਹੀ ਇਸ਼ਨਾਨ ਕਰ ਸਕਦੇ ਹਨ। ਇਸ਼ਨਾਨ ਉਪਰੰਤ ਸੂਰਜ ਦੇਵਤਾ ਨੂੰ ਅਰਘ ਅਰਪਿਤ ਕਰਕੇ ਭਗਵਾਨ ਵਿਸ਼ਨੂੰ ਅਤੇ ਭਗਵਾਨ ਸ਼ਿਵ ਦਾ ਸਿਮਰਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
ਇਸ ਦਿਨ ਪਿੱਪਲ ਦੇ ਰੁੱਖ ਦੀ ਪੂਜਾ ਦਾ ਵੀ ਵਿਸ਼ੇਸ਼ ਵਿਧਾਨ ਹੈ। ਸ਼ਰਧਾਲੂ ਇਸ਼ਨਾਨ ਉਪਰੰਤ ਪਿੱਪਲ ਨੂੰ ਜਲ, ਰੋਲੀ, ਅੱਖਤ ਅਤੇ ਫੁੱਲ ਅਰਪਿਤ ਕਰਦੇ ਹਨ ਅਤੇ ਘਿਓ ਦਾ ਦੀਵਾ ਜਗਾ ਕੇ ਭਗਵਾਨ ਵਿਸ਼ਨੂੰ ਦਾ ਧਿਆਨ ਕਰਦੇ ਹਨ। ਆਸਥਾ ਅਨੁਸਾਰ 7, 11, 21 ਜਾਂ 108 ਪਰਿਕਰਮਾਵਾਂ ਕਰਨ ਦੀ ਪਰੰਪਰਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਸੁਖ-ਸਮ੍ਰਿੱਧੀ, ਦਾਂਪਤਿ ਸੁਖ ਅਤੇ ਪਰਿਵਾਰਕ ਖੁਸ਼ਹਾਲੀ ਵਿੱਚ ਵਾਧਾ ਹੁੰਦਾ ਹੈ।