- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਸਾਰੀ ਤਵੱਜੋ ਅੱਗ ’ਤੇ ਮੁਕੰਮਲ ਕਾਬੂ ਪਾਉਣ ’ਤੇ ਕੇਂਦਰਿਤ ਹੈ। ਅੱਗ ਬੁਝਣ ਤੋਂ ਬਾਅਦ ਨੁਕਸਾਨ ਦੇ ਅਸਲ ਅੰਕੜਿਆਂ ਅਤੇ ਹਾਦਸੇ ਦੇ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇਗੀ। ਉੱਧਰ, ਇਸ ਘਟਨਾ ਨੇ ਸ਼ਹਿਰ ਦੇ ਵਪਾਰਕ ਵਰਗ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ

ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ। ਫਿਰੋਜ਼ਪੁਰ ਕੈਂਟ ਦੇ ਸ਼ਹੀਦ ਰਾਕੇਸ਼ ਕੰਬੋਜ ਚੌਂਕ ਸਥਿਤ ਪ੍ਰਸਿੱਧ ਵਪਾਰਕ ਅਦਾਰੇ “ਨਵੇਦਿਅਮ ਸਵੀਟਸ ਐਂਡ ਬੇਕਰਸ” ਵਿੱਚ ਬੁੱਧਵਾਰ ਸਵੇਰੇ ਅਚਾਨਕ ਲੱਗੀ ਭਿਆਨਕ ਅੱਗ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ। ਦੇਖਦੇ ਹੀ ਦੇਖਦੇ ਅੱਗ ਦੀਆਂ ਉੱਚੀਆਂ ਲਪਟਾਂ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਦੂਰ-ਦੂਰ ਤੱਕ ਧੂੰਏਂ ਦੇ ਗੁਬਾਰ ਅਤੇ ਅੱਗ ਦੀ ਚਮਕ ਦਿਖਾਈ ਦੇਣ ਲੱਗੀ। ਹਾਦਸੇ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮੁੱਢਲੀ ਜਾਂਚ ਅਨੁਸਾਰ ਅੱਗ ਲੱਗਣ ਦਾ ਕਾਰਨ ਏਸੀ ਵਿੱਚ ਹੋਇਆ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀਆਂ 6 ਤੋਂ 7 ਗੱਡੀਆਂ ਸਾਇਰਨ ਵਜਾਉਂਦੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਜੰਗੀ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਅੱਗ ਦੀ ਤੀਬਰਤਾ ਨੂੰ ਦੇਖਦੇ ਹੋਏ ਹਾਈਡ੍ਰੌਲਿਕ ਲਿਫਟਾਂ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਉੱਚੀਆਂ ਮੰਜ਼ਿਲਾਂ ਤੱਕ ਪਹੁੰਚ ਕੇ ਬਚਾਅ ਕਾਰਜ ਚਲਾਇਆ ਗਿਆ।
ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ। ਡੀਐਸਪੀ ਅਤੇ ਐਸਐਚਓ ਕੈਂਟ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਲੱਗੀ ਅੱਗ ’ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ, ਜਦਕਿ ਬਾਕੀ ਹਿੱਸਿਆਂ ਵਿੱਚ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ਦੇ ਯਤਨ ਜਾਰੀ ਹਨ।
ਅਧਿਕਾਰੀਆਂ ਮੁਤਾਬਕ ਅੱਗ ਲੱਗਣ ਵੇਲੇ ਇਮਾਰਤ ਦੇ ਅੰਦਰ ਕੋਈ ਵਿਅਕਤੀ ਮੌਜੂਦ ਨਹੀਂ ਸੀ, ਜਿਸ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਹਾਲਾਂਕਿ ਦੁਕਾਨ ਵਿੱਚ ਪਿਆ ਕੀਮਤੀ ਸਾਮਾਨ, ਫਰਨੀਚਰ, ਮਸ਼ੀਨਰੀ ਅਤੇ ਹੋਰ ਸਮੱਗਰੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਅੱਗ ਦੀ ਭਿਆਨਕਤਾ ਨੂੰ ਵੇਖਦਿਆਂ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ। ਨਾਲ ਲੱਗਦੇ ਟਾਇਰ ਸ਼ੋਅਰੂਮ ਦੇ ਮਾਲਕਾਂ ਨੇ ਐਹਤਿਆਤ ਵਜੋਂ ਆਪਣਾ ਕੀਮਤੀ ਸਾਮਾਨ ਤੁਰੰਤ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਸਾਰੀ ਤਵੱਜੋ ਅੱਗ ’ਤੇ ਮੁਕੰਮਲ ਕਾਬੂ ਪਾਉਣ ’ਤੇ ਕੇਂਦਰਿਤ ਹੈ। ਅੱਗ ਬੁਝਣ ਤੋਂ ਬਾਅਦ ਨੁਕਸਾਨ ਦੇ ਅਸਲ ਅੰਕੜਿਆਂ ਅਤੇ ਹਾਦਸੇ ਦੇ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇਗੀ। ਉੱਧਰ, ਇਸ ਘਟਨਾ ਨੇ ਸ਼ਹਿਰ ਦੇ ਵਪਾਰਕ ਵਰਗ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ।