ਫਿਰੋਜ਼ਪੁਰ 'ਚ ਸਨਸਨੀਖੇਜ਼ ਹਨੀ ਟ੍ਰੈਪ: ਨੌਜਵਾਨ ਦੀ ਅਸ਼ਲੀਲ ਵੀਡੀਓ ਬਣਾ ਕੇ ਪਿਸਤੌਲ ਦੀ ਜ਼ੋਰ 'ਤੇ ਵਸੂਲੇ 3 ਲੱਖ, 2 ਔਰਤਾਂ ਸਮੇਤ 6 'ਤੇ ਪਰਚਾ ਦਰਜ
ਇਕ ਨੌਜਵਾਨ ਨੂੰ ਹਨੀ ਟਰੈਪ ਕਰਕੇ ਬਲੈਕਮੇਲ ਕਰਨ ਅਤੇ ਪਿਸਤੌਲ ਤਾਣ ਕੇ ਲੱਖਾਂ ਰੁਪਏ ਵਸੂਲ ਕਰਨ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਵੱਲੋਂ ਕਥਿਤ ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਦੋ ਔਰਤਾਂ ਸਮੇਤ 6 ਮੁਲਜ਼ਮਾਂ ਖ਼ਿਲਾਫ਼ 308 (3), 318 (4), 61 (2), 351 (3), 127 (2) ਬੀਐੱਨਐੱਸ, 25, 54, 59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਪ੍ਰਿੰਸ ਨੇ ਦੱਸਿਆ ਕਿ ਲਵਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਗੁਲਾਬੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ
Publish Date: Fri, 19 Jun 2026 10:34 AM (IST)
Updated Date: Fri, 19 Jun 2026 11:13 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਇਕ ਨੌਜਵਾਨ ਨੂੰ ਹਨੀ ਟਰੈਪ ਕਰਕੇ ਬਲੈਕਮੇਲ ਕਰਨ ਅਤੇ ਪਿਸਤੌਲ ਤਾਣ ਕੇ ਲੱਖਾਂ ਰੁਪਏ ਵਸੂਲ ਕਰਨ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਵੱਲੋਂ ਕਥਿਤ ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਦੋ ਔਰਤਾਂ ਸਮੇਤ 6 ਮੁਲਜ਼ਮਾਂ ਖ਼ਿਲਾਫ਼ 308 (3), 318 (4), 61 (2), 351 (3), 127 (2) ਬੀਐੱਨਐੱਸ, 25, 54, 59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਪ੍ਰਿੰਸ ਨੇ ਦੱਸਿਆ ਕਿ ਲਵਦੀਪ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਗੁਲਾਬੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਮੁਲਾਕਾਤ ਸ੍ਰੀ ਮੁਕਤਸਰ ਸਾਹਿਬ ਵਿਖੇ ਰਵਨੀਤ ਕੌਰ ਪੁੱਤਰੀ ਸ਼ਮਿੰਦਰ ਸਿੰਘ ਵਾਸੀ ਗੁਲਾਬੇ ਵਾਲਾ ਨਾਲ ਹੋਈ ਸੀ। ਰਵਨੀਤ ਕੌਰ ਨੇ ਉਸ ਨੂੰ ਆਪਣੀਆਂ ਗੱਲਾਂ ਦੇ ਜਾਲ ਵਿਚ ਫਸਾ ਲਿਆ। ਬੀਤੀ 14 ਮਈ 2026 ਨੂੰ ਰਵਨੀਤ ਕੌਰ ਬਹਾਨੇ ਨਾਲ ਲਵਦੀਪ ਸਿੰਘ ਨੂੰ ਆਪਣੇ ਨਾਲ ਫ਼ਿਰੋਜ਼ਪੁਰ ਦੀ ਬਸਤੀ ਨਿਜ਼ਾਮਦੀਨ ਵਾਲੀ ਵਿਖੇ ਸਥਿਤ ਆਪਣੀ ਮਾਸੀ ਦੇ ਘਰ ਲੈ ਆਈ। ਲਵਦੀਪ ਨੇ ਦੱਸਿਆ ਕਿ ਜਦੋਂ ਉਹ ਘਰ ਅੰਦਰ ਦਾਖ਼ਲ ਹੋਇਆ ਤਾਂ ਉੱਥੇ ਪਹਿਲਾਂ ਤੋਂ ਹੀ ਇਕ ਯੋਜਨਾਬੱਧ ਸਾਜ਼ਿਸ਼ ਤਹਿਤ ਕਈ ਲੋਕ ਮੌਜ਼ੂਦ ਸਨ।
ਇਨ੍ਹਾਂ ਵਿਚ ਰਵਨੀਤ ਦੀ ਮਾਸੀ ਅਮਨਦੀਪ ਕੌਰ ਪਤਨੀ ਦਾਨਿਸ਼ ਉਸ ਦੀ ਸਹੇਲੀ ਪੂਜਾ ਪੁੱਤਰੀ ਸੋਨਾ ਵਾਸੀ ਗੁਲਾਬੇ ਵਾਲਾ ਸਮੇਤ ਤਿੰਨ ਹੋਰ ਨੌਜਵਾਨ ਦਾਨਿਸ਼ ਪੁੱਤਰ ਪਿਆਰਾ, ਗੁਰਪ੍ਰੀਤ ਸਿੰਘ ਵਾਸੀ ਪਿੰਡ ਇੱਛੇ ਵਾਲਾ ਅਤੇ ਲੱਖੀ ਉਰਫ਼ ਲੱਕੀ ਪੁੱਤਰ ਗੀਨਾ ਵਾਸੀ ਪਿੰਡ ਦੁਲਚੀ ਕੇ ਸ਼ਾਮਲ ਸਨ। ਲਵਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਕੰਨ ’ਤੇ ਪਿਸਤੌਲ ਤਾਣ ਦਿੱਤੀ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਜਬਰਨ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਮੋਬਾਇਲ ਫੋਨ ’ਤੇ ਅਸ਼ਲੀਲ ਵੀਡੀਓ ਰਿਕਾਰਡ ਕਰ ਲਈ।
ਵੀਡੀਓ ਬਣਾਉਣ ਤੋਂ ਬਾਅਦ ਮੁਲਜ਼ਮ ਉਸ ਨੂੰ ਬਦਨਾਮ ਕਰਨ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਨ ਲੱਗ ਪਏ। ਲਵਦੀਪ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਅਨ ਨੇ ਉਸ ਕੋਲੋਂ 5 ਲੱਖ ਰੁਪਏ ਦੀ ਮੰਗ ਕੀਤੀ ਤੇ ਉਸ ਨੇ ਬੈਂਕ ਖਾਤੇ ਵਿੱਚੋਂ 3 ਲੱਖ ਰੁਪਏ ਮੁਲਜ਼ਮਾਂ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਉੱਥੋਂ ਜਾਣ ਦਿੱਤਾ। ਲਵਦੀਪ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਨੂੰ ਡਰਾ-ਧਮਕਾ ਕੇ 3 ਲੱਖ ਰੁਪਏ ਦੀ ਠੱਗੀ ਮਾਰੀ ਹੈ ਅਤੇ ਹੁਣ ਉਹ ਉਸ ਕੋਲੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ। ਜਾਂਚ ਅਧਿਕਾਰੀ ਐੱਸ.ਆਈ. ਪ੍ਰਿੰਸ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਲਵਦੀਪ ਸਿੰਘ ਦੇ ਬਿਆਨਾਂ ’ਤੇ ਰਵਨੀਤ ਕੌਰ, ਅਮਨਦੀਪ ਕੌਰ, ਪੂਜਾ, ਦਾਨਿਸ਼, ਗੁਰਪ੍ਰੀਤ ਸਿੰਘ ਅਤੇ ਲੱਕੀ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।