ਅੰਗਹੀਣ ਲੋੜਵੰਦ ਲੜਕੀ ਦੇ ਵਿਆਹ ਲਈ ਸਹਾਰਾ ਕਲੱਬ ਬਣਿਆ ਆਸਰਾ
ਅੰਗਹੀਣ ਲੋੜਵੰਦ ਲੜਕੀ ਦੇ ਵਿਆਹ ਲਈ ਸਹਾਰਾ ਕਲੱਬ ਬਣਿਆ ਆਸਰਾ
Publish Date: Thu, 25 Jun 2026 03:50 PM (IST)
Updated Date: Thu, 25 Jun 2026 03:52 PM (IST)

- ਮਾਤਾ-ਪਿਤਾ ਤੋਂ ਵਾਂਝੀ ਧੀ ਨੂੰ ਘਰੇਲੂ ਸਾਮਾਨ ਭੇਟ ਕਰਨ ’ਚ ਮੈਂਬਰਾਂ ਤੇ ਐੱਨਆਰਆਈ ਸਹਿਯੋਗੀਆਂ ਨੇ ਦਿੱਤਾ ਸਾਥ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਮਨੁੱਖਤਾ ਦੀ ਸੇਵਾ ਨੂੰ ਆਪਣਾ ਧਰਮ ਮੰਨਣ ਵਾਲੀ ਨਾਮਵਰ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਜ਼ੀਰਾ ਨੇ ਇਕ ਵਾਰ ਫਿਰ ਸਮਾਜਿਕ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦੀ ਅਦਭੁੱਤ ਮਿਸਾਲ ਪੇਸ਼ ਕੀਤੀ ਹੈ। ਕਲੱਬ ਦੀ ਮਹੀਨਾਵਾਰ ਮੀਟਿੰਗ ਕਲੱਬ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਵਾਈਸ ਚੇਅਰਮੈਨ ਹਰਪਾਲ ਸਿੰਘ ਗਿੱਲ ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਸਮਾਜ ਭਲਾਈ ਨਾਲ ਜੁੜੇ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੀਟਿੰਗ ਦੌਰਾਨ ਜਨਰਲ ਸਕੱਤਰ ਹਰਬੰਸ ਸਿੰਘ ਸੇਖਾ ਨੇ ਪਿਛਲੇ ਮਹੀਨੇ ਦੌਰਾਨ ਕਲੱਬ ਵੱਲੋਂ ਕੀਤੀਆਂ ਸਮਾਜ ਸੇਵੀ ਸਰਗਰਮੀਆਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਜਦਕਿ ਖਜ਼ਾਨਚੀ ਜਸਵਿੰਦਰ ਸਿੰਘ ਖਾਲਸਾ ਨੇ ਕਲੱਬ ਦੇ ਫੰਡਾਂ ਦੀ ਵਰਤੋਂ ਅਤੇ ਮੌਜੂਦਾ ਵਿੱਤੀ ਸਥਿਤੀ ਬਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ। ਮੀਟਿੰਗ ਦਾ ਸਭ ਤੋਂ ਮਹੱਤਵਪੂਰਨ ਅਤੇ ਭਾਵਨਾਤਮਕ ਪਲ ਉਸ ਵੇਲੇ ਆਇਆ ਜਦੋਂ ਇੱਕ ਅੰਗਹੀਣ ਅਤੇ ਲੋੜਵੰਦ ਲੜਕੀ, ਜਿਸ ਦੇ ਮਾਤਾ-ਪਿਤਾ ਇਸ ਦੁਨੀਆ ਵਿਚ ਨਹੀਂ ਰਹੇ, ਦੇ ਵਿਆਹ ਲਈ ਸਹਾਇਤਾ ਕਰਨ ਦਾ ਫੈਸਲਾ ਲਿਆ ਗਿਆ। ਕਲੱਬ ਨੇ ਲੜਕੀ ਨੂੰ ਘਰੇਲੂ ਵਰਤੋਂ ਲਈ ਲੋੜੀਂਦਾ ਸਮਾਨ ਭੇਟ ਕਰਨ ਦਾ ਐਲਾਨ ਕੀਤਾ, ਤਾਂ ਜੋ ਉਹ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਸਨਮਾਨ, ਸੁਰੱਖਿਆ ਅਤੇ ਆਤਮ-ਵਿਸ਼ਵਾਸ ਨਾਲ ਕਰ ਸਕੇ। ਇਸ ਨੇਕ ਉਪਰਾਲੇ ਲਈ ਕਲੱਬ ਮੈਂਬਰਾਂ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੱਸਦੇ ਐੱਨਆਰਆਈ ਸਹਿਯੋਗੀਆਂ ਨੇ ਵੀ ਖੁੱਲ੍ਹੇ ਦਿਲ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕਲੱਬ ਮੈਂਬਰ ਅਸ਼ੋਕ ਮਨਚੰਦਾ ਦੀ ਪਤਨੀ ਨੂੰ ਨਗਰ ਕੌਂਸਲ ਚੋਣਾਂ ਵਿਚ ਐੱਮਸੀ ਚੁਣੇ ਜਾਣ ’ਤੇ ਵਧਾਈ ਦਿੱਤੀ ਗਈ। ਇਸ ਤੋਂ ਇਲਾਵਾ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੇ ਬਾਹਰ ਸਥਿਤ ਸਹਾਰਾ ਪਾਰਕ ਦੀ ਹੋਰ ਬਿਹਤਰ ਸੰਭਾਲ ਕਰਨ ਅਤੇ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਵਿੱਚ ਯੋਗਦਾਨ ਪਾਉਣ ਦਾ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਵਿਚ ਨਛੱਤਰ ਸਿੰਘ ਸਰਪ੍ਰਸਤ, ਗੁਰਬਖ਼ਸ਼ ਸਿੰਘ ਚੇਅਰਮੈਨ, ਹਰਪਾਲ ਸਿੰਘ ਗਿੱਲ ਵਾਈਸ ਚੇਅਰਮੈਨ, ਅਸ਼ੋਕ ਮਨਚੰਦਾ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ ਨਾਮਦੇਵ, ਲੈਕਚਰਾਰ ਮੇਜਰ ਸਿੰਘ ਗਿੱਲ, ਲੈਕਚਰਾਰ ਨਰਿੰਦਰ ਸਿੰਘ ਥਿੰਦ, ਪ੍ਰਤਾਪ ਸਿੰਘ, ਦਲਜੀਤ ਸਿੰਘ ਬੰਬੇ ਵਾਲੇ, ਦਲਬੀਰ ਸਿੰਘ ਜੇਈ, ਰਜਿੰਦਰ ਸਿੰਘ ਸ਼ੇਰਾ, ਸਤਵੰਤ ਸਿੰਘ ਗਿੱਲ ਸਮੇਤ ਹੋਰ ਮੈਂਬਰ ਹਾਜ਼ਰ ਸਨ। ਸਹਾਰਾ ਕਲੱਬ ਜ਼ੀਰਾ ਵੱਲੋਂ ਕੀਤੇ ਜਾ ਰਹੇ ਅਜਿਹੇ ਮਨੁੱਖਤਾ ਭਰੇ ਉਪਰਾਲੇ ਨਾ ਸਿਰਫ਼ ਲੋੜਵੰਦਾਂ ਲਈ ਆਸ ਦੀ ਕਿਰਨ ਬਣ ਰਹੇ ਹਨ, ਸਗੋਂ ਸਮਾਜ ਵਿੱਚ ਸੇਵਾ, ਸਹਿਯੋਗ ਅਤੇ ਇਨਸਾਨੀਅਤ ਦੇ ਉੱਚੇ ਮੁੱਲਾਂ ਨੂੰ ਵੀ ਮਜ਼ਬੂਤ ਕਰ ਰਹੇ ਹਨ।