- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
400 ਏਕੜ ਜ਼ਮੀਨ ਨਿਗਲ ਗਿਆ ਦਰਿਆ

- ਹੁਣ ਹੜ੍ਹਾਂ ਨਾਲ ਲੜਨ ਲਈ ‘ਯੂਨਾਈਟਡ ਸਿੱਖ ਸੰਸਥਾ’ ਨੇ ਸੰਭਾਲੀ ਸੇਵਾ
- ਪੱਕੀਆਂ ਕੀਤੀਆਂ ਦਰਿਆ ਦੀਆਂ ਨੋਚਾਂ
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ
ਮੱਲਾਂਵਾਲਾ : ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦਾ ਦਰਿਆਈ ਇਲਾਕਾ ਹਰ ਸਾਲ ਹੜ੍ਹਾਂ ਦੀ ਤਬਾਹੀ ਦਾ ਦਰਦ ਸਹਿੰਦਾ ਆ ਰਿਹਾ ਹੈ। ਹੜ੍ਹਾਂ ਦਾ ਪਾਣੀ ਨਾ ਸਿਰਫ਼ ਹਜ਼ਾਰਾਂ ਏਕੜ ਫ਼ਸਲਾਂ ਨੂੰ ਤਬਾਹ ਕਰਦਾ ਹੈ, ਸਗੋਂ ਕਿਸਾਨਾਂ ਦੀ ਪੀੜ੍ਹੀਆਂ ਦੀ ਕਮਾਈ ਮੰਨੀ ਜਾਂਦੀ ਉਪਜਾਊ ਜ਼ਮੀਨ ਨੂੰ ਵੀ ਆਪਣੇ ਨਾਲ ਰੋੜ੍ਹ ਲੈ ਜਾਂਦਾ ਹੈ। ਹੁਣ ਇਸ ਤਬਾਹੀ ਨੂੰ ਰੋਕਣ ਲਈ ਯੂਨਾਈਟਡ ਸਿੱਖ ਸੰਸਥਾ ਨੇ ਪਿੰਡ ਚਮੜਿਆਵਾਲੀ ਨੇੜੇ ਦਰਿਆਈ ਬੰਨ੍ਹ ਨੂੰ ਮਜ਼ਬੂਤ ਕਰਨ ਵਾਸਤੇ ਕਰੀਬ 6 ਹਜ਼ਾਰ ਫੁੱਟ ਤੱਕ ਨੋਚਾਂ ਬਣਾਉਣ ਦਾ ਵਿਸ਼ਾਲ ਸੇਵਾ ਕਾਰਜ ਸ਼ੁਰੂ ਕੀਤਾ ਹੈ, ਜਿਸ ਨੂੰ ਇਲਾਕੇ ਦੇ ਲੋਕ ਹੜ੍ਹਾਂ ਵਿਰੁੱਧ ਇਕ ਵੱਡੀ ਅਤੇ ਦੂਰਅੰਦੇਸ਼ ਪਹਿਲ ਮੰਨ ਰਹੇ ਹਨ। ਪ੍ਰੋਜੈਕਟ ਇੰਚਾਰਜ ਅਤੇ ਯੂਨਾਈਟਡ ਸਿੱਖ ਸੰਸਥਾ ਦੇ ਜ਼ਿਲ੍ਹਾ ਫਿਰੋਜ਼ਪੁਰ ਮੈਨੇਜਰ ਜਗਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਦੌਰਾਨ ਹੜ੍ਹਾਂ ਕਾਰਨ ਇਸ ਇਲਾਕੇ ਦੀ ਕਰੀਬ 400 ਏਕੜ ਉਪਜਾਊ ਖੇਤੀਬਾੜੀ ਜ਼ਮੀਨ ਦਰਿਆ ਵਿੱਚ ਸਮਾ ਚੁੱਕੀ ਹੈ। ਫ਼ਸਲਾਂ ਦਾ ਨੁਕਸਾਨ ਤਾਂ ਕਿਸਾਨ ਮੁੜ ਮਿਹਨਤ ਕਰ ਕੇ ਪੂਰਾ ਕਰਨ ਦੀ ਕੋਸ਼ਿਸ਼ ਕਰ ਲੈਂਦੇ ਹਨ, ਪਰ ਜਦੋਂ ਜ਼ਮੀਨ ਹੀ ਦਰਿਆ ਦੀ ਭੇਟ ਚੜ੍ਹ ਜਾਵੇ ਤਾਂ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।
ਇਸੇ ਸੋਚ ਨਾਲ ਸੰਸਥਾ ਨੇ ਰਾਹਤ ਕਾਰਜਾਂ ਤੋਂ ਅੱਗੇ ਵੱਧ ਕੇ ਹੜ੍ਹਾਂ ਦੀ ਰੋਕਥਾਮ ਲਈ ਸਥਾਈ ਉਪਰਾਲਾ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਹੜ੍ਹਾਂ ਦੌਰਾਨ ਸੰਸਥਾ ਨੇ ਪ੍ਰਭਾਵਿਤ ਪਰਿਵਾਰਾਂ ਤੱਕ ਲੰਗਰ, ਰਾਸ਼ਨ, ਦਵਾਈਆਂ ਅਤੇ ਹੋਰ ਜ਼ਰੂਰੀ ਸਹਾਇਤਾ ਪਹੁੰਚਾਈ ਸੀ। ਉਸ ਤਜਰਬੇ ਤੋਂ ਬਾਅਦ ਇਹ ਮਹਿਸੂਸ ਹੋਇਆ ਕਿ ਹਰ ਸਾਲ ਰਾਹਤ ਵੰਡਣ ਦੀ ਬਜਾਏ ਹੜ੍ਹਾਂ ਨੂੰ ਰੋਕਣ ਲਈ ਬੰਨ੍ਹਾਂ ਨੂੰ ਪਹਿਲਾਂ ਹੀ ਮਜ਼ਬੂਤ ਕਰਨਾ ਜ਼ਿਆਦਾ ਲਾਹੇਵੰਦ ਹੈ। ਇਸੇ ਲਈ ਬੰਨ੍ਹਾਂ ’ਤੇ ਨੋਚਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪਾਣੀ ਦੇ ਤੇਜ਼ ਵਹਾਅ ਦਾ ਦਬਾਅ ਘੱਟ ਹੋਵੇ ਅਤੇ ਬੰਨ੍ਹ ਟੁੱਟਣ ਦਾ ਖ਼ਤਰਾ ਵੀ ਘਟੇ। ਯੂਨਾਈਟਡ ਸਿੱਖ ਕੈਨੇਡਾ ਦੇ ਡਾਇਰੈਕਟਰ ਰਣਬੀਰ ਸਿੰਘ ਨੇ ਦੇਸ਼-ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਇਸ ਲੋਕ ਭਲਾਈ ਦੇ ਕਾਰਜ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਮਿੱਟੀ ਦਾ ਬੰਨ੍ਹ ਨਹੀਂ, ਸਗੋਂ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ, ਕਿਸਾਨਾਂ ਦੀਆਂ ਜ਼ਮੀਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਦਾ ਉਪਰਾਲਾ ਹੈ। ਦੂਜੇ ਪਾਸੇ ਸਥਾਨਕ ਲੋਕਾਂ ਨੇ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਨ੍ਹਾਂ ਕੰਮਾਂ ਦੀ ਜ਼ਿੰਮੇਵਾਰੀ ਸਰਕਾਰੀ ਵਿਭਾਗਾਂ ਦੀ ਬਣਦੀ ਹੈ, ਉਹ ਅੱਜ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਹੜ੍ਹ ਆਉਣ ਤੋਂ ਬਾਅਦ ਮੁਆਵਜ਼ੇ ਦੇ ਐਲਾਨਾਂ ਦੀ ਬਜਾਏ ਪਹਿਲਾਂ ਹੀ ਬੰਨ੍ਹਾਂ ਦੀ ਵਿਗਿਆਨਕ ਢੰਗ ਨਾਲ ਮਜ਼ਬੂਤੀ ਅਤੇ ਦਰਿਆ ਕੰਢੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ, ਸਮਾਜਿਕ ਸੰਸਥਾਵਾਂ ਅਤੇ ਸੰਗਤਾਂ ਮਿਲ ਕੇ ਅਜਿਹੇ ਉਪਰਾਲਿਆਂ ਨੂੰ ਅੱਗੇ ਵਧਾਉਣ ਤਾਂ ਸਰਹੱਦੀ ਇਲਾਕਿਆਂ ਨੂੰ ਹਰ ਸਾਲ ਆਉਣ ਵਾਲੀ ਹੜ੍ਹਾਂ ਦੀ ਤਬਾਹੀ ਤੋਂ ਕਾਫ਼ੀ ਹੱਦ ਤੱਕ ਬਚਾਇਆ ਜਾ ਸਕਦਾ ਹੈ।