ਰੀਲਾਂ ਦੇ ਮੋਹ ’ਚ ਉਲਝ ਰਹੇ ਰਿਸ਼ਤੇ, ਡਿਜ਼ੀਟਲ ਦੌਰ ਨੇ ਪਰਿਵਾਰਾਂ ਅੱਗੇ ਖੜ੍ਹੀਆਂ ਕੀਤੀਆਂ ਨਵੀਆਂ ਚੁਣੌਤੀਆਂ
ਰੀਲਾਂ ਦੇ ਮੋਹ ’ਚ ਉਲਝ ਰਹੇ ਰਿਸ਼ਤੇ, ਡਿਜ਼ੀਟਲ ਦੌਰ ਨੇ ਪਰਿਵਾਰਾਂ ਅੱਗੇ ਖੜ੍ਹੀਆਂ ਕੀਤੀਆਂ ਨਵੀਆਂ ਚੁਣੌਤੀਆਂ
Publish Date: Mon, 22 Jun 2026 03:45 PM (IST)
Updated Date: Mon, 22 Jun 2026 03:48 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਡਿਜ਼ੀਟਲ ਯੁੱਗ ਨੇ ਸੰਚਾਰ ਨੂੰ ਆਸਾਨ ਅਤੇ ਤੇਜ਼ ਬਣਾਇਆ ਹੈ, ਪਰ ਇਸ ਦੇ ਨਾਲ ਹੀ ਪਰਿਵਾਰਕ ਰਿਸ਼ਤਿਆਂ ਅੱਗੇ ਨਵੀਆਂ ਚੁਣੌਤੀਆਂ ਵੀ ਖੜ੍ਹੀਆਂ ਹੋਈਆਂ ਹਨ। ਮੋਬਾਈਲ ਫੋਨਾਂ ਅਤੇ ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਕਾਰਨ ਘਰਾਂ ਵਿਚ ਆਪਸੀ ਸੰਵਾਦ ਘਟਦਾ ਜਾ ਰਿਹਾ ਹੈ ਅਤੇ ਰਿਸ਼ਤਿਆਂ ਵਿੱਚ ਦੂਰੀ ਵਧ ਰਹੀ ਹੈ। ਮਾਹਿਰਾਂ ਅਨੁਸਾਰ, ਆਨਲਾਈਨ ਦੁਨੀਆ ਦੀ ਕਾਲਪਨਿਕ ਚਮਕ ਨੂੰ ਅਸਲ ਜੀਵਨ ਨਾਲ ਜੋੜ ਕੇ ਦੇਖਣ ਕਾਰਨ ਉਮੀਦਾਂ ਅਤੇ ਹਕੀਕਤ ਵਿਚਕਾਰ ਖਾਈ ਵਧ ਰਹੀ ਹੈ। ਅਜਿਹੇ ਸਮੇਂ ਵਿੱਚ ਰਿਸ਼ਤਿਆਂ ਦੀ ਮਜ਼ਬੂਤੀ ਲਈ ਡਿਜ਼ੀਟਲ ਸੰਤੁਲਨ, ਆਪਸੀ ਭਰੋਸਾ ਅਤੇ ਇਕੱਠੇ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਡਿਜ਼ੀਟਲ ਦੁਨੀਆ ਨਾਲੋਂ ਪਰਿਵਾਰਕ ਸੰਵਾਦ ਵੱਧ ਜ਼ਰੂਰੀ : ਮਨਪ੍ਰੀਤ ਕੌਰ ਕੌਂਸਲਰ ਮਨਪ੍ਰੀਤ ਕੌਰ (ਵੰਸ਼ਿਕਾ) ਨੇ ਕਿਹਾ ਕਿ ਸੋਸ਼ਲ ਮੀਡੀਆ ਜਾਣਕਾਰੀ ਅਤੇ ਸੰਚਾਰ ਦਾ ਮਹੱਤਵਪੂਰਨ ਸਾਧਨ ਹੈ, ਪਰ ਜਦੋਂ ਇਹ ਪਰਿਵਾਰਕ ਗੱਲਬਾਤ ਦੀ ਥਾਂ ਲੈ ਲੈਂਦਾ ਹੈ ਤਾਂ ਰਿਸ਼ਤਿਆਂ ਵਿੱਚ ਦੂਰੀਆਂ ਪੈਦਾ ਹੋਣ ਲੱਗਦੀਆਂ ਹਨ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਹਰ ਰੋਜ਼ ਕੁਝ ਸਮਾਂ ਬਿਨਾਂ ਮੋਬਾਈਲ ਦੇ ਆਪਣੇ ਬੱਚਿਆਂ ਅਤੇ ਪਰਿਵਾਰ ਨਾਲ ਬਿਤਾਉਣ, ਤਾਂ ਜੋ ਆਪਸੀ ਪਿਆਰ, ਭਰੋਸਾ ਅਤੇ ਸਮਝ ਨੂੰ ਮਜ਼ਬੂਤੀ ਮਿਲ ਸਕੇ। ਆਨਲਾਈਨ ਚਮਕ-ਦਮਕ ਨਾਲ ਤੁਲਨਾ ਰਿਸ਼ਤਿਆਂ ਲਈ ਘਾਤਕ : ਕਿਰਨ ਗੌੜ ਸਮਾਜ ਸੇਵੀ ਅਤੇ ਸਾਬਕਾ ਲੋਕ ਅਦਾਲਤ ਮੈਂਬਰ ਕਿਰਨ ਗੌੜ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਦਿਖਾਈ ਜਾਣ ਵਾਲੀ ਜ਼ਿੰਦਗੀ ਹਮੇਸ਼ਾ ਹਕੀਕਤ ਦਾ ਦਰਪਣ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਦੂਜਿਆਂ ਦੀ ਜ਼ਿੰਦਗੀ ਨਾਲ ਲਗਾਤਾਰ ਤੁਲਨਾ ਕਰਨ ਦੀ ਆਦਤ ਆਤਮ-ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹੈ ਅਤੇ ਰਿਸ਼ਤਿਆਂ ਵਿੱਚ ਬੇਲੋੜੀਆਂ ਉਮੀਦਾਂ ਪੈਦਾ ਕਰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੀਆਂ ਅਸਲ ਖੁਸ਼ੀਆਂ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਬੱਚਿਆਂ ਨੂੰ ਡਿਜ਼ੀਟਲ ਅਨੁਸ਼ਾਸਨ ਸਿਖਾਉਣਾ ਸਮੇਂ ਦੀ ਲੋੜ : ਅਰਚਨਾ ਜੈਨ ਸ਼੍ਰੀ ਆਤਮ ਵੱਲਭ ਜੈਨ ਸਕੂਲ ਦੇ ਐਕਟਿਵ ਮੈਨੇਜਰ ਅਰਚਨਾ ਜੈਨ ਦਾ ਕਹਿਣਾ ਹੈ ਕਿ ਡਿਜ਼ੀਟਲ ਯੁੱਗ ਵਿੱਚ ਬੱਚਿਆਂ ਨੂੰ ਤਕਨਾਲੋਜੀ ਦੀ ਸਹੀ ਅਤੇ ਸੰਤੁਲਿਤ ਵਰਤੋਂ ਸਿਖਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਪੇ ਅਤੇ ਅਧਿਆਪਕ ਮਿਲ ਕੇ ਬੱਚਿਆਂ ਨੂੰ ਆਨਲਾਈਨ ਅਤੇ ਅਸਲ ਜ਼ਿੰਦਗੀ ਵਿਚਕਾਰ ਸੰਤੁਲਨ ਬਣਾਉਣ ਲਈ ਪ੍ਰੇਰਿਤ ਕਰਨ। ਬੱਚਿਆਂ ਨੂੰ ਖੇਡਾਂ, ਪੜ੍ਹਾਈ, ਰਚਨਾਤਮਕ ਗਤੀਵਿਧੀਆਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹ ਮਾਨਸਿਕ ਤੌਰ ‘ਤੇ ਤੰਦਰੁਸਤ ਅਤੇ ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਨਾਗਰਿਕ ਬਣ ਸਕਣ। ਖੁੱਲ੍ਹੀ ਗੱਲਬਾਤ ਹੀ ਡਿਜ਼ੀਟਲ ਚੁਣੌਤੀਆਂ ਦਾ ਹੱਲ : ਸੁਮਿਤੀ ਨਰੂਲਾ ਪ੍ਰੌ. ਸੁਮਿਤੀ ਨਰੂਲਾ ਕਿਹਾ ਕਿ ਡਿਜ਼ੀਟਲ ਯੁੱਗ ਵਿੱਚ ਪਰਿਵਾਰਾਂ ਸਾਹਮਣੇ ਆ ਰਹੀਆਂ ਚੁਣੌਤੀਆਂ ਦਾ ਸਭ ਤੋਂ ਪ੍ਰਭਾਵਸ਼ਾਲੀ ਹੱਲ ਖੁੱਲ੍ਹੀ ਗੱਲਬਾਤ ਅਤੇ ਆਪਸੀ ਸਤਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਘਰਾਂ ਵਿੱਚ ‘ਨੋ-ਫੋਨ ਟਾਈਮ’ ਦੀ ਸ਼ੁਰੂਆਤ ਕਰਨੀ ਸਮੇਂ ਦੀ ਲੋੜ ਹੈ, ਤਾਂ ਜੋ ਪਰਿਵਾਰਕ ਮੈਂਬਰ ਇੱਕ-ਦੂਜੇ ਨਾਲ ਜੁੜ ਸਕਣ ਅਤੇ ਰਿਸ਼ਤਿਆਂ ਵਿੱਚ ਪਿਆਰ, ਵਿਸ਼ਵਾਸ ਅਤੇ ਸਮਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਡਿਜ਼ੀਟਲ ਸੰਤੁਲਨ ਨਾਲ ਹੀ ਮਜ਼ਬੂਤ ਬਣਦੇ ਹਨ ਪਰਿਵਾਰਕ ਰਿਸ਼ਤੇ : ਨੀਤੂ ਸ਼ਰਮਾ ਭਾਰਤ ਵਿਕਾਸ ਪਰਿਸ਼ਦ ਦੀ ਮਹਿਲਾ ਪ੍ਰਮੁੱਖ ਅਤੇ ਐਸਟਰੋਲੋਜਰ ਨੀਤੂ ਸ਼ਰਮਾ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਜਾਣਕਾਰੀ ਅਤੇ ਸੰਚਾਰ ਦਾ ਪ੍ਰਭਾਵਸ਼ਾਲੀ ਸਾਧਨ ਹੈ, ਪਰ ਜਦੋਂ ਇਹ ਪਰਿਵਾਰਕ ਗੱਲਬਾਤ ਦੀ ਥਾਂ ਲੈ ਲੈਂਦਾ ਹੈ ਤਾਂ ਰਿਸ਼ਤਿਆਂ ਵਿੱਚ ਦੂਰੀਆਂ ਵਧਣ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਹਰ ਰੋਜ਼ ਕੁਝ ਸਮਾਂ ਮੋਬਾਈਲ ਅਤੇ ਹੋਰ ਡਿਜ਼ੀਟਲ ਉਪਕਰਣਾਂ ਤੋਂ ਦੂਰ ਰਹਿ ਕੇ ਪਰਿਵਾਰ ਨਾਲ ਬਿਤਾਉਣਾ ਚਾਹੀਦਾ ਹੈ। ਖੁੱਲ੍ਹਾ ਸੰਵਾਦ, ਆਪਸੀ ਸਤਿਕਾਰ ਅਤੇ ਇਕੱਠੇ ਬਿਤਾਇਆ ਸਮਾਂ ਹੀ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਸੁਝਾਅ 1. ਪਰਿਵਾਰ ਨਾਲ ਰੋਜ਼ਾਨਾ ਘੱਟੋ-ਘੱਟ ਇਕ ਘੰਟਾ ਬਿਨ੍ਹਾ ਮੋਬਾਈਲ ਦੇ ਬਿਤਾਓ। 2. ਸੌਣ ਤੋਂ ਇਕ ਘੰਟਾ ਪਹਿਲਾਂ ਸਕ੍ਰੀਨ ਦੀ ਵਰਤੋਂ ਬੰਦ ਕਰੋ। 3. ਸੋਸ਼ਲ ਮੀਡੀਆ ’ਤੇ ਦਿਖਾਈ ਜਾਣ ਵਾਲੀ ਜ਼ਿੰਦਗੀ ਨਾਲ ਆਪਣੀ ਤੁਲਨਾ ਨਾ ਕਰੋ। 4. ਪਰਿਵਾਰਕ ਮਸਲਿਆਂ ’ਤੇ ਖੁੱਲ੍ਹ ਕੇ ਗੱਲਬਾਤ ਕਰੋ। 5. ਆਨਲਾਈਨ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚੋ।