ਕੀਮੇਵਾਲਾ–ਮੱਲੂਵਾਲਾ ਮਾਰਗ 'ਤੇ ਰਾਜਸਥਾਨ ਫੀਡਰ ਦਾ ਪੁਲ ਖਤਰੇ ਦੀ ਘੰਟੀ ਉਸ ਦੁਖਦਾਈ ਘਟਨਾ ਤੋਂ ਬਾਅਦ ਲੋਕਾਂ ਦੇ ਧਰਨੇ ਉਪਰੰਤ ਅਗਲੇ ਹੀ ਦਿਨ ਉੱਥੇ ਸੁਰੱਖਿਆ ਗਰਿੱਲਾਂ ਲਗਾਈਆਂ ਗਈਆਂ ਸਨ।ਨਹਿਰ ਤੋਂ ਲੰਘ ਰਹੇ ਬਲਜਿੰਦਰ ਸਿੰਘ, ਗੋਰਾ, ਸਤਨਾਮ ਸਿੰਘ, ਅਮਰੀਕ ਸਿੰਘ ਅਤੇ ਜੋਗਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਦੀ ਤੁਰੰਤ ਮੁਰੰਮਤ ਕਰਵਾਈ ਜਾ
Publish Date: Wed, 01 Jul 2026 04:54 PM (IST)
Updated Date: Wed, 01 Jul 2026 05:18 PM (IST)
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਇਕ ਪਾਸੇ ਪੰਜਾਬ ਸਰਕਾਰ ਵੱਲੋਂ ਕੀਮੇਵਾਲਾ ਨੂੰ ਜਾਣ ਵਾਲੀ ਸਰਹਿੰਦ ਨਹਿਰ ’ਤੇ ਨਵੇਂ ਪੁਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਪਰ ਦੂਜੇ ਪਾਸੇ ਕੀਮੇਵਾਲਾ ਤੋਂ ਮੱਲੂਵਾਲਾ ਰਾਹੀਂ ਐੱਨਐੱਚ ਹਾਈਵੇ ਨਾਲ ਜੁੜਦੇ ਮਾਰਗ ’ਤੇ ਬਣਿਆ ਰਾਜਸਥਾਨ ਫੀਡਰ ਦਾ ਪੁਲ ਬੇਹੱਦ ਖਸਤਾ ਹਾਲਤ ਵਿਚ ਹੈ। ਪੁਲ ਦੇ ਹੇਠਾਂ ਕਲਾਲੀ ਨਾਂ ਦੀ ਜੰਗਲੀ ਬੂਟੀ ਨੇ ਵੱਡੇ ਪੱਧਰ ’ਤੇ ਕਬਜ਼ਾ ਕਰ ਲਿਆ ਹੈ, ਜਿਸ ਕਾਰਨ ਹਰੀਕੇ ਹੈੱਡ ਤੋਂ ਰਾਜਸਥਾਨ ਵੱਲ ਛੱਡੇ ਜਾਣ ਵਾਲੇ ਪਾਣੀ ਦੇ ਵਹਾਅ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ। ਇਸ ਤੋਂ ਇਲਾਵਾ ਪੁਲ ਦੇ ਦੋਵੇਂ ਪਾਸਿਆਂ ਸੁਰੱਖਿਆ ਲਈ ਲੋਹੇ ਦੀਆਂ ਸੇਫਟੀ ਵਾਲਾਂ (ਗਲਾਰਨਾ) ਵੀ ਨਹੀਂ ਹਨ, ਜਿਸ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀ ਜਾਨ ਹਰ ਵੇਲੇ ਖਤਰੇ ਵਿੱਚ ਰਹਿੰਦੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਪੁਲ ਦੀ ਮੁਰੰਮਤ ਅਤੇ ਸੁਰੱਖਿਆ ਪ੍ਰਬੰਧ ਨਾ ਕੀਤੇ ਗਏ ਤਾਂ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਲੋਕਾਂ ਨੇ ਯਾਦ ਕਰਵਾਇਆ ਕਿ ਕੁਝ ਸਮਾਂ ਪਹਿਲਾਂ ਵਰਪਾਲਾਂ ਨੇੜੇ ਸੇਫਟੀ ਵਾਲਾਂ ਦੀ ਘਾਟ ਕਾਰਨ ਇਕ ਮੋਟਰਸਾਈਕਲ ਨਹਿਰ ਵਿਚ ਡਿੱਗ ਗਿਆ ਸੀ, ਜਿਸ ਵਿਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦਾ ਪਿਤਾ ਬੜੀ ਮੁਸ਼ਕਲ ਨਾਲ ਬਚਿਆ ਸੀ। ਉਸ ਦੁਖਦਾਈ ਘਟਨਾ ਤੋਂ ਬਾਅਦ ਲੋਕਾਂ ਦੇ ਧਰਨੇ ਉਪਰੰਤ ਅਗਲੇ ਹੀ ਦਿਨ ਉੱਥੇ ਸੁਰੱਖਿਆ ਗਰਿੱਲਾਂ ਲਗਾਈਆਂ ਗਈਆਂ ਸਨ।ਨਹਿਰ ਤੋਂ ਲੰਘ ਰਹੇ ਬਲਜਿੰਦਰ ਸਿੰਘ, ਗੋਰਾ, ਸਤਨਾਮ ਸਿੰਘ, ਅਮਰੀਕ ਸਿੰਘ ਅਤੇ ਜੋਗਿੰਦਰ ਸਿੰਘ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਕੁਲਾਲੀ ਦੀ ਸਫ਼ਾਈ ਕਰਵਾਈ ਜਾਵੇ ਅਤੇ ਦੋਵੇਂ ਪਾਸਿਆਂ ਮਜ਼ਬੂਤ ਸੇਫਟੀ ਵਾਲਾਂ ਲਗਾਈਆਂ ਜਾਣ ਤਾਂ ਜੋ ਕਿਸੇ ਵੀ ਮੰਦਭਾਗੀ ਘਟਨਾ ਤੋਂ ਪਹਿਲਾਂ ਲੋਕਾਂ ਦੀ ਜਾਨ ਬਚਾਈ ਜਾ ਸਕੇ ।