- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਫਕੋ, ਖੇਤੀਬਾੜੀ ਵਿਭਾਗ ਅਤੇ ਏਪੀਡਾ ਨਾਲ ਮਿਲ ਕੇ ਪੀਏਯੂ-ਕੇਵੀਕੇ ਵੱਲੋਂ ‘ਖੇਤ ਬਚਾਓ ਅਭਿਆਨ’ ਤਹਿਤ ਕਿਸਾਨਾਂ ਨੂੰ ਕੀਤਾ ਜਾਗਰੂਕ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਇਫਕੋ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਫਿਰੋਜ਼ਪੁਰ ਅਤੇ ਏਪੀਡਾ ਵੱਲੋਂ ਖੇਤੀਬਾੜੀ ਵਿਭਾਗ ਅਤੇ ਪਿੰਡ ਫਿਰੋਜ਼ਸ਼ਾਹ ਵਿਖੇ ਆਯੋਜਿਤ ਸਿਖਲਾਈ ਪ੍ਰੋਗਰਾਮ ਅਤੇ ਜਾਗਰੂਕਤਾ ਕੈਂਪਾਂ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਫ਼ਿਰੋਜ਼ਪੁਰ ਵੱਲੋਂ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਕਿਸਾਨਾਂ ਨੂੰ ‘ਖੇਤ ਬਚਾਓ ਅਭਿਆਨ’ ਤਹਿਤ ਜਾਗਰੂਕ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਦੌਰਾਨ ਇਫਕੋ ਦੇ ਜ਼ਿਲ੍ਹਾ ਮੈਨੇਜਰ, ਸੰਦੀਪ ਨੇ ਮੁੱਖ ਖੇਤੀਬਾੜੀ ਅਫ਼ਸਰ, ਡਾ. ਬਲਵਿੰਦਰ ਸਿੰਘ, ਇਫਕੋ ਦੇ ਸਟੇਟ ਹੈੱਡ ਜੀਤ ਰਾਮ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਕੇਵੀਕੇ ਟੀਮ ਅਤੇ ਪਹੁੰਚੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ। ਇਫਕੋ ਦੇ ਸਟੇਟ ਹੈੱਡ ਜੀਤ ਰਾਮ ਨੇ ਅਧਿਕਾਰੀਆਂ ਨੂੰ ਖਾਦ ਦੀ ਸਪਲਾਈ ਤੇ ਰਾਜ ਪੱਧਰ ’ਤੇ ਕੀਤੇ ਜਾ ਰਹੇ ਕੰਮਾਂ ਬਾਰੇ ਅੰਕੜੇ ਸਾਂਝੇ ਕੀਤੇ। ਇਸ ਦੌਰਾਨ ਕੇਵੀਕੇ ਦੇ ਡਾ. ਭੱਲਣ ਸਿੰਘ ਸੇਖੋਂ ਨੇ ਕਿਸਾਨਾਂ ਅਤੇ ਖੇਤੀਬਾੜੀ ਅਧਿਕਾਰੀਆਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਅਤੇ ਪਾਣੀ ਦੀ ਪਰਖ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਅਹਿਮ ਨੁਕਤਾ ਸਾਂਝਾ ਕਰਦਿਆਂ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਹਰੀ ਖਾਦ ਦੀ ਬਿਜਾਈ ਕੀਤੀ ਹੈ, ਉਹ ਝੋਨੇ ਵਿਚ ਪ੍ਰਤੀ ਏਕੜ 55 ਕਿੱਲੋ ਯੂਰੀਆ ਘੱਟ ਕਰ ਸਕਦੇ ਹਨ। ਹਰੀ ਖਾਦ ਵਾਲੇ ਖੇਤਾਂ ਵਿਚ ਬਾਸਮਤੀ ਦੀ ਫ਼ਸਲ ਨੂੰ ਯੂਰੀਆ ਪਾਉਣ ਦੀ ਬਿਲਕੁਲ ਲੋੜ ਨਹੀਂ ਹੈ। ਜੇਕਰ ਪਿਛਲੀ ਫ਼ਸਲ ਨੂੰ ਫ਼ਾਸਫ਼ੋਰਸ (ਡੀਏਪੀ) ਦੀ ਸਿਫ਼ਾਰਸ਼ ਕੀਤੀ ਖ਼ੁਰਾਕ ਪਾਈ ਗਈ ਸੀ, ਤਾਂ ਝੋਨੇ ਵਿਚ ਫ਼ਾਸਫ਼ੋਰਸ ਪਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਸਬਜ਼ੀਆਂ ਵਿਚ ਖਾਦਾਂ ਦੀ ਵਰਤੋਂ ਪੀਏਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਏਪੀਡਾ ਦੇ ਡਾ. ਪ੍ਰਮੋਦ ਕੁਮਾਰ ਤੋਮਰ ਨੇ ਕਿਸਾਨਾਂ ਨੂੰ ਬਾਸਮਤੀ ਵਿਚ ਕੀਟਨਾਸ਼ਕਾਂ ਦੀਆਂ ਬੇਲੋੜੀਆਂ ਸਪਰੇਆਂ ਨਾ ਕਰਨ ਦੀ ਅਪੀਲ ਕੀਤੀ ਅਤੇ ਮਿੱਤਰ ਕੀਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਖੇਤੀਬਾੜੀ ਵਿਭਾਗ ਦੇ ਡਾ. ਸੰਦੀਪ ਸਿੰਘ ਅਤੇ ਡਾ. ਮਨਵਿੰਦਰ ਸਿੰਘ ਨੇ ਕਿਸਾਨਾਂ ਨੂੰ ਵਿਭਾਗੀ ਸਕੀਮਾਂ, ਕਿਸਾਨ ਆਈਡੀ ਅਤੇ ਬਾਸਮਤੀ ਵਿਚ ਕੀਟਨਾਸ਼ਕਾਂ ਦੀ ਸੁਚੱਜੀ ਅਤੇ ਸੰਜਮ ਨਾਲ ਵਰਤੋਂ ਕਰਨ ’ਤੇ ਜ਼ੋਰ ਦਿੱਤਾ, ਤਾਂ ਜੋ ਅੰਤਰਰਾਸ਼ਟਰੀ ਪੱਧਰ ’ਤੇ ਨਿਰਯਾਤ (ਐਕਸਪੋਰਟ) ਦੀਆਂ ਸੰਭਾਵਨਾਵਾਂ ਨੂੰ ਤਲਾਸ਼ ਕੇ ਕਿਸਾਨ ਵਧੇਰੇ ਮੁਨਾਫ਼ਾ ਕਮਾ ਸਕਣ। ਕੈਂਪ ਦੇ ਅਖੀਰ ਵਿਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਅਤੇ ਇਹ ਕੈਂਪ ਇਲਾਕੇ ਦੇ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਇਆ।