ਸਬਜ਼ੀਆਂ ਦੀ ਫ਼ਲ ਦੀ ਮੱਖੀ ਦੀ ਰੋਕਥਾਮ ਸਬੰਧੀ ਖੇਤ ਦਿਵਸ ਮਨਾਇਆ
ਪੀਏਯੂ-ਕੇਵੀਕੇ ਵੱਲੋਂ ਸਬਜ਼ੀਆਂ ਦੀ ਫ਼ਲ ਦੀ ਮੱਖੀ ਦੀ ਸਰਵਪੱਖੀ ਰੋਕਥਾਮ ਸਬੰਧੀ ਖੇਤ ਦਿਵਸ ਮਨਾਇਆ ਗਿਆ
Publish Date: Fri, 19 Jun 2026 04:58 PM (IST)
Updated Date: Fri, 19 Jun 2026 05:00 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਫ਼ਿਰੋਜ਼ਪੁਰ ਵੱਲੋਂ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਪੀ ਏ ਯੂ ਲੁਧਿਆਣਾ ਦੀਆਂ ਸਬਜ਼ੀਆਂ ਦੀ ਫ਼ਲ ਦੀ ਮੱਖੀ ਦੀ ਸਰਵਪੱਖੀ ਰੋਕਥਾਮ ਸਬੰਧੀ ਸਿਫਾਰਸ਼ਾਂ ਬਾਰੇ ਕਿਸਾਨਾਂ ਵਿਚ ਜਾਗਰੁਕਤਾ ਪੈਦਾ ਕਰਨ ਲਈ ਖੇਤ ਦਿਵਸ ਮਨਾਇਆ ਗਿਆ। ਕੈਂਪ ਦੀ ਸ਼ੁਰੂਆਤ ਦੌਰਾਨ ਡਾ. ਸਿਮਰਨਜੀਤ ਕੌਰ ਨੇ ਸਬਜ਼ੀਆਂ ਅਤੇ ਫ਼ਲਾਂ ਵਿਚ ਫ਼ਲ ਦੀ ਮੱਖੀ ਦੀ ਪਹਿਚਾਣ, ਜੀਵਨ ਚੱਕਰ, ਨੁਕਸਾਨ ਦੇ ਲੱਛਣਾਂ ਅਤੇ ਇਸ ਦੇ ਸਰਵਪੱਖੀ ਪ੍ਰਬੰਧਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਫ਼ਲ ਦੀ ਮੱਖੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਡੂੰਘੀ ਵਹਾਈ ਕਰਨਾ, ਨੁਕਸਾਨੇ ਫ਼ਲਾਂ/ਸਬਜ਼ੀਆਂ ਨੂੰ ਇਕੱਠਾ ਕਰਕੇ ਨਸ਼ਟ ਕਰਨ ਅਤੇ ਉਨ੍ਹਾਂ ਨੂੰ ਮਿੱਟੀ ਵਿੱਚ ਡੂੰਘਾ ਦੱਬਣ ਦੀ ਸਿਫ਼ਾਰਸ਼ ਕੀਤੀ। ਉਨ੍ਹਾਂ ਨੇ ਫ਼ਲ ਦੀ ਮੱਖੀ ਦੇ ਪ੍ਰਬੰਧਨ ਲਈ ਪੀਏਯੂ ਫ਼ਲ ਦੀ ਮੱਖੀ ਦੇ ਟਰੈਪਾਂ ਬਾਰੇ ਦੱਸਿਆ। ਉਨ੍ਹਾਂ ਤੋਰੀ ਵਿਚ 16 ਟਰੈਪ ਪ੍ਰਤੀ ਏਕੜ ਅਪ੍ਰੈਲ ਦੇ ਤੀਜੇ-ਚੌਥੇ ਹਫ਼ਤੇ ਵਿਚ ਲਗਾਉਣ ਦੀ ਸਿਫ਼ਾਰਸ਼ ਕੀਤੀ। ਕਰੇਲੇ ਵਿਚ ਇਹ ਟਰੈਪ ਬਸੰਤ ਰੁੱਤ ਦੀ ਫ਼ਸਲ ਲਈ ਮਾਰਚ ਦੇ ਤੀਜੇ-ਚੌਥੇ ਹਫ਼ਤੇ ਅਤੇ ਬਰਸਾਤੀ ਫਸਲ ਲਈ ਜੂਨ ਦੇ ਚੌਥੇ ਹਫ਼ਤੇ ਵਿੱਚ ਲਗਾਉਣੇ ਚਾਹੀਦੇ ਹਨ। ਟਰੈਪਾਂ ਨੂੰ ਹਰ 25–30 ਦਿਨਾਂ ਬਾਅਦ ਦੁਬਾਰਾ ਰੀਚਾਰਜ ਕਰਨਾ ਚਾਹੀਦਾ ਹੈ। ਅਮਰੂਦਾਂ ਨੂੰ ਕਾਣੇ ਹੋਣ ਤੋਂ ਬਚਾਉਣ ਲਈ ਜੁਲਾਈ ਦੇ ਪਹਿਲੇ ਹਫ਼ਤੇ ਟਰੈਪ ਲਗਾਉਣੇ ਚਾਹੀਦੇ ਹਨ ਅਤੇ ਇਹ ਟਰੈਪ ਕਿਸਾਨ ਵੀਰ ਆਪਣੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਪ੍ਰਾਪਤ ਕਰ ਸਕਦੇ ਹਨ। ਇਸ ਦੌਰਾਨ ਡਾ. ਭੱਲਣ ਸਿੰਘ ਸੇਖੋਂ ਨੇ ‘ਖੇਤ ਬਚਾਓ ਅਭਿਆਨ’ ਤਹਿਤ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਅਤੇ ਪਾਣੀ ਦੀ ਪਰਖ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਸਬਜ਼ੀਆਂ ਦੀਆਂ ਕਿਸਮਾਂ ਬਾਰੇ ਵੀ ਚਾਨਣਾ ਪਾਇਆ। ਡਾ. ਦਿਵਿਆ ਜੈਨ ਨੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਕੰਮਾਂ ਬਾਰੇ ਅਤੇ ਕੇਂਦਰ ਵੱਲੋਂ ਦਿੱਤੀਆਂ ਸਿਖਲਾਈਆਂ ਬਾਰੇ ਜਾਣਕਾਰੀ ਦਿੱਤੀ। ਕੈਂਪ ਵਿਚ ਸ਼ਾਮਲ ਕਿਸਾਨਾਂ ਨੂੰ ਫ਼ਲ ਦੀ ਮੱਖੀ ਲਈ ਪੀਏਯੂ-ਫ਼ਰੂਟ ਫਲਾਈ ਟਰੈਪ ਦੀ ਵਰਤੋਂ ਕਰਨ ਵਾਲੇ ਪਿੰਡ ਤੱਲੀ ਸੈਦੂ ਸਾਹੂ ਦੇ ਅਗਾਂਹਵਧੂ ਕਿਸਾਨ ਸੁਖਦੇਵ ਸਿੰਘ, ਗੁਰਜਤਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੇ ਖੇਤ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਖੇਤ ਦਿਵਸ ਵਿਚ ਸ਼ਾਮਲ ਕਿਸਾਨ ਫਰੂਟ ਫਲਾਈ ਟਰੈਪ ਦੇਖ ਕੇ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਇਸ ਤਕਨਾਲੋਜੀ ਅਪਨਾਉਣ ਲਈ ਹਾਮੀ ਭਰੀ। ਕੈਂਪ ਦੇ ਅਖੀਰ ਵਿੱਚ ਮਾਹਿਰਾਂ ਵੱਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ।