- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵੱਲੋਂ ਹਰੀ ਖਾਦ ਵਾਲੀਆਂ ਫ਼ਸਲਾਂ ਤੇ ਖੇਤ ਦਿਵਸ ਲਗਾਇਆ ਗਿਆ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਫ਼ਿਰੋਜ਼ਪੁਰ ਵੱਲੋਂ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ‘ਖੇਤ ਬਚਾਓ ਅਭਿਆਨ’ ਤਹਿਤ ਪਿੰਡ ਮਾਣਾ ਸਿੰਘ ਵਾਲਾ ਵਿਖੇ ਹਰੀ ਖਾਦ ਵਾਲੀਆਂ ਫ਼ਸਲਾਂ ਤੇ ਖੇਤ ਦਿਵਸ ਲਗਾਇਆ ਗਿਆ ਅਤੇ ਕਿਸਾਨਾਂ ਨੂੰ ਫ਼ਸਲਾਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ’ਚ ਡਾ. ਗੁਰਮੇਲ ਸਿੰਘ ਸੰਧੂ ਨੇ ਕਿਸਾਨਾਂ ਨਾਲ ਹਰੀ ਖਾਦ ਵਾਲੀਆਂ ਫ਼ਸਲਾਂ ਸਣ, ਢੈਂਚਾ (ਯੰਤਰ) ਤੇ ਮੂੰਗੀ ਦੀ ਕਾਸ਼ਤ ਅਤੇ ਇਨ੍ਹਾਂ ਫ਼ਸਲਾਂ ਦੇ ਜ਼ਮੀਨ ਦੀ ਸਿਹਤ ਸੁਧਾਰਨ ਅਤੇ ਨਾਈਟਰੋਜਨ ਤੱਤ ਦੀ ਕੁਝ ਹੱਦ ਤੱਕ ਪੂਰਤੀ ਕਰਨ ਦੇ ਗੁਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਅਹਿਮ ਨੁਕਤਾ ਸਾਂਝਾ ਕਰਦਿਆਂ ਦੱਸਿਆ ਕਿ ਹਰੀ ਖਾਦ ਵਾਲੀਆਂ ਫ਼ਸਲ ਸਣ ਨੂੰ 45-60 ਦਿਨਾਂ ਦੇ ਅੰਦਰ-ਅੰਦਰ (ਸਵਾ ਪੰਜ ਤੋਂ ਸਵਾ ਸੱਤ ਫੁੱਟ ਕੱਦ) ਖੇਤ ਵਿਚ ਵਾਹੁਣ ਨਾਲ 3.8-6.5 ਟਨ ਹਰੀ ਖਾਦ ਅਤੇ 0.9-2.0 ਟਨ ਸੁੱਕੀ ਖਾਦ ਪ੍ਰਤੀ ਏਕੜ ਜਮਾਂ ਹੁੰਦੀ ਹੈ ਜਿਸ ਨਾਲ ਖੇਤ ਦੀ ਉਪਜਾਊ ਸ਼ਕਤੀ ਉੱਪਰ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੋ ਕਿਸਾਨ ਹਰੀ ਖਾਦ ਵਾਲੀਆਂ ਫ਼ਸਲਾਂ ਖੇਤ ਵਿੱਚ ਦਬਾ ਰਹੇ ਹਨ, ਉਹ ਝੋਨੇ ਵਿਚ ਪ੍ਰਤੀ ਏਕੜ 55 ਕਿੱਲੋ ਯੂਰੀਆ ਘੱਟ ਕਰ ਸਕਦੇ ਹਨ ਅਤੇ ਹਰੀ ਖਾਦ ਵਾਲੇ ਖੇਤਾਂ ਵਿਚ ਬਾਸਮਤੀ ਦੀ ਫ਼ਸਲ ਨੂੰ ਯੂਰੀਆ ਪਾਉਣ ਦੀ ਬਿਲਕੁਲ ਲੋੜ ਨਹੀਂ ਹੈ। ਇਸ ਦੌਰਾਨ ਡਾ. ਭੱਲਣ ਸਿੰਘ ਸੇਖੋਂ ਨੇ ਇਸ ਕੈਂਪ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਅਤੇ ਪਾਣੀ ਦੀ ਪਰਖ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਪਿਛਲੀ ਫ਼ਸਲ ਨੂੰ ਫ਼ਾਸਫ਼ੋਰਸ (ਡੀਏਪੀ) ਦੀ ਸਿਫ਼ਾਰਸ਼ ਕੀਤੀ ਖ਼ੁਰਾਕ ਪਾਈ ਗਈ ਸੀ, ਤਾਂ ਝੋਨੇ ਵਿਚ ਫ਼ਾਸਫ਼ੋਰਸ ਪਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਸਬਜ਼ੀਆਂ ਵਿਚ ਖਾਦਾਂ ਦੀ ਵਰਤੋਂ ਪੀਏਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕਰਨ ਦੀ ਸਲਾਹ ਦਿੱਤੀ। ਕੈਂਪ ਵਿਚ ਸ਼ਾਮਲ ਕਿਸਾਨਾਂ ਨੂੰ ਹਰੀ ਖਾਦ ਵਾਲੀਆਂ ਫ਼ਸਲਾਂ ਦੀ ਵੱਡੇ ਪੱਧਰ ਤੇ ਕਾਸ਼ਤ ਕਰਨ ਵਾਲੇ ਪਿੰਡ ਮਾਣਾ ਸਿੰਘ ਵਾਲਾ ਦੇ ਅਗਾਂਹਵਧੂ ਕਿਸਾਨ ਪ੍ਰੀਤਪਾਲ ਸਿੰਘ ਦੇ ਖੇਤ ਦਾ ਦੌਰਾ ਵੀ ਕਰਵਾਇਆ ਗਿਆ। ਕੈਂਪ ਦੇ ਅਖੀਰ ਵਿਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ। ਕੈਂਪ ਅਤੇ ਖੇਤੀ ਦੌਰੇ ਤੋਂ ਬਾਅਦ ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੀ ਟੀਮ ਵੱਲੋਂ ਕੇਵੀਕੇ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਪਿੰਡ ਮਾਣਾ ਸਿੰਘ ਵਾਲਾ ਦੇ ਨੌਜਵਾਨ ਖੁੰਬ ਉਤਪਾਦਕ ਧਰਮਵੀਰ ਸਿੰਘ ਦੇ ਨਵੇਂ ਸਥਾਪਿਤ ਕੀਤੇ ਏਸੀ ਯੂਨਿਟ (ਬਲਿਊ ਫਲਿਊਟ ਐਗਰੋ) ਤੇ ਕਿਸਾਨ ਗੋਸ਼ਟੀ ਵੀ ਕੀਤੀ ਗਈ। ਗੋਸ਼ਟੀ ਵਿਚ ਸ਼ਾਮਲ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸਹਾਇਕ ਧੰਦੇ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ।