ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਸਬੰਧੀ ਖੇਤ ਦਿਵਸ ਮਨਾਇਆ
ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਵੱਲੋਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਸਬੰਧੀ ਖੇਤ ਦਿਵਸ ਮਨਾਇਆ ਗਿਆ
Publish Date: Tue, 16 Jun 2026 06:26 PM (IST)
Updated Date: Tue, 16 Jun 2026 06:27 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਫ਼ਿਰੋਜ਼ਪੁਰ ਵੱਲੋਂ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ -ਖੇਤ ਬਚਾਓ ਅਭਿਆਨ’ ਤਹਿਤ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਸਬੰਧੀ ਕਿਸਾਨਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਖੇਤ ਦਿਵਸ ਮਨਾਇਆ ਗਿਆ। ਕੈਂਪ ਦੀ ਸ਼ੁਰੂਆਤ ਦੌਰਾਨ ਡਾ. ਗੁਰਮੇਲ ਸਿੰਘ ਸੰਧੂ ਨੇ ਗਰਮ ਰੁੱਤ ਦੀ ਮੂੰਗੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਮੂੰਗੀ ਦੀ ਕਾਸ਼ਤ ਨਾ ਸਿਰਫ਼ ਸਾਨੂੰ ਦਾਲਾਂ ਵਿਚ ਆਤਮ-ਨਿਰਭਰ ਬਣਾਉਂਦੀ ਹੈ ਬਲਕਿ ਇਸ ਨੂੰ ਹਰੀ ਖਾਦ ਦੇ ਤੌਰ ਤੇ ਵਰਤ ਕੇ ਕਿਸਾਨ ਜ਼ਮੀਨ ਦੀ ਸਿਹਤ ਵਿਚ ਸੁਧਾਰ ਕਰ ਸਕਦੇ ਹਨ ਅਤੇ ਨਾਈਟਰੋਜਨ ਤੱਤ ਦੀ ਕੁਝ ਹੱਦ ਤੱਕ ਕੁਦਰਤੀ ਤਰੀਕੇ ਪੂਰਤੀ ਵੀ ਕਰ ਸਕਦੇ ਹਨ। ਉਨ੍ਹਾਂ ਅਹਿਮ ਨੁਕਤਾ ਸਾਂਝਾ ਕਰਦਿਆਂ ਦੱਸਿਆ ਕਿ ਦਾਲ ਵਾਸਤੇ ਆਲੂ ਵਾਲੇ ਖੇਤ ਵਿਚ ਮੱਕੀ ਦੀ ਬਜਾਏ ਮੂੰਗੀ ਦੀ ਕਾਸ਼ਤ ਕਰਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਅਤੇ ਇਸ ਨਾਲ ਪਾਣੀ ਦੀ ਵੀ ਕਾਫ਼ੀ ਬੱਚਤ ਹੁੰਦੀ ਹੈ। ਕਣਕ ਤੋਂ ਬਾਅਦ ਬੀਜੀ ਮੂੰਗੀ ਦੀ ਫ਼ਸਲ ਬਾਰਸ਼ਾਂ ਵਿਚ ਆ ਜਾਂਦੀ ਹੈ ਅਤੇ ਉਸ ਨੂੰ ਹਰੀ ਖਾਦ ਦੇ ਤੌਰ ਤੇ ਖੇਤ ਵਿਚ ਵਾਹਿਆ ਜਾ ਸਕਦਾ ਹੈ ਜਿਸ ਨਾਲ ਖੇਤ ਦੀ ਉਪਜਾਊ ਸ਼ਕਤੀ ਉੱਪਰ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ। ਇਸ ਦੌਰਾਨ ਡਾ. ਭੱਲਣ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਗਰਮ ਰੁੱਤ ਦੀ ਮੂੰਗੀ ਦੀ ਸਿਫਾਰਸ਼ ਕਿਸਮ ਐੱਸਐੱਮਐੱਲ-1827 ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਇਸ ਕਿਸਮ ਨੂੰ ਫਲੀਆਂ ਗੁੱਛਿਆਂ ਵਿੱਚ ਲੱਗਦੀਆਂ ਹਨ ਅਤੇ ਇਹ ਕਿਸਮ ਲਗਭਗ 62 ਦਿਨਾਂ ਵਿਚ ਇਕਸਾਰ ਪੱਕ ਜਾਂਦੀ ਹੈ ਜਿਸ ਕਰਕੇ ਆਮ ਕਿਸਮਾਂ ਮੁਕਾਬਲੇ ਇਸ ਦੀ ਤੁੜਾਈ ਕਰਨੀ ਸੌਖੀ ਹੁੰਦੀ ਹੈ। ਉਹਨਾਂ ਦੱਸਿਆ ਕਿ ਫਲੀਆਂ ਦੇ ਇਕਸਾਰ ਪਕਾਅ ਲਈ ਅਖੀਰਲਾ ਪਾਣੀ ਬਿਜਾਈ ਤੋਂ 55 ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ। ਇਸਦੀਆਂ ਫਲੀਆਂ ਵਿਚ ਔਸਤਨ 10 ਚਮਕੀਲੇ, ਮੱਧਮ ਆਕਾਰ ਦੇ ਦਾਣੇ ਹੁੰਦੇ ਹਨ ਅਤੇ ਇਹ ਕਿਸਮ ਔਸਤਨ 5 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ। ਇਸ ਕਿਸਮ ਦੀ ਅਨੋਖੀ ਖਾਸੀਅਤ ਇਹ ਹੈ ਕਿ ਦਾਲ ਬਣਾਉਣ ਤੋਂ ਬਾਅਦ ਇਸਦੇ ਦਾਣੇ ਨਰਮ ਰਹਿੰਦੇ ਹਨ ਅਤੇ ਇਸ ਵਿਚ ਕੋਕੜੂ (ਸਖ਼ਤ ਦਾਣੇ ਦੀ) ਸਮੱਸਿਆ ਨਹੀਂ ਆਉਂਦੀ। ਡਾ. ਸਿਮਰਨਜੀਤ ਕੌਰ ਨੇ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਅਤੇ ਪਾਣੀ ਦੀ ਪਰਖ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਮੂੰਗੀ ਦੀ ਫ਼ਸਲ ਵਿੱਚ ਕੀਟ ਅਤੇ ਬਿਮਾਰੀ ਪ੍ਰਬੰਧਨ ਬਾਰੇ ਚਾਨਣਾ ਪਾਇਆ। ਕੈਂਪ ਵਿਚ ਸ਼ਾਮਲ ਕਿਸਾਨਾਂ ਨੂੰ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਨ ਵਾਲੇ ਪਿੰਡ ਤੂੰਬੜ ਭੰਨ ਦੇ ਅਗਾਂਹਵਧੂ ਕਿਸਾਨ ਸੁਖਦੇਵ ਸਿੰਘ, ਕਰਮਪ੍ਰੇਮ ਸਿੰਘ, ਗੁਰਪਾਲ ਸਿੰਘ, ਜਗਤਾਰ ਸਿੰਘ ਅਤੇ ਜਸਪਾਲ ਸਿੰਘ ਦੇ ਖੇਤ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਖੇਤ ਦਿਵਸ ਵਿਚ ਸ਼ਾਮਲ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਦੇ ਆਖੀਰ ਵਿਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ।