- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਕੇਵੀਕੇ ਫਿਰੋਜ਼ਪੁਰ ਵੱਲੋਂ ਮਿਰਚ ਦੇ ਮੰਡੀਕਰਨ ਅਤੇ ਪ੍ਰੋਸੈਸਿੰਗ ਸਬੰਧੀ ਕਿਸਾਨ-ਵਿਗਿਆਨੀ ਮਿਲਣੀ ਦਾ ਆਯੋਜਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦੀ ਟੀਮ ਵੱਲੋਂ ਮਿਰਚ ਦੇ ਮੰਡੀਕਰਨ ਅਤੇ ਪ੍ਰੋਸੈਸਿੰਗ ਸੰਬੰਧੀ ਕਿਸਾਨ-ਵਿਗਿਆਨੀ ਮਿਲਣੀ ਦਾ ਸਫ਼ਲ ਆਯੋਜਨ ਕੀਤਾ ਗਿਆ। ਡਾ. ਗੁਰਮੇਲ ਸਿੰਘ ਸੰਧੂ (ਡਿਪਟੀ ਡਾਇਰੈਕਟਰ) ਨੇ ਪ੍ਰੋਗਰਾਮ ਦੇ ਮੁੱਖ ਉਦੇਸ਼ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਮਿਲਣੀ ਮਿਰਚ ਦੀ ਕਾਸ਼ਤ ਕਰਨ ਵਾਲੇ ਅਗਾਂਹਵਧੂ ਅਤੇ ਛੋਟੇ ਪੱਧਰ ਕਿਸਾਨਾਂ ਨੂੰ ਮਿਰਚ ਦੇ ਮੰਡੀਕਰਨ ਅਤੇ ਮੁੱਲ ਵਾਧੇ ਲਈ ਪ੍ਰੋਸੈਸਿੰਗ ਪ੍ਰਤੀ ਜਾਗਰੂਕ ਕਰਨ ਲਈ ਆਯੋਜਿਤ ਕੀਤੀ ਗਈ। ਮਿਰਚ ਦੇ ਵਧੇਰੇ ਭਾਅ ਲਈ ਉਨ੍ਹਾਂ ਕਿਸਾਨਾਂ ਨੂੰ ਮਿਲ ਕੇ ਐੱਫਪੀਓ ਬਣਾ ਕੇ ਆਪ ਮੰਡੀਕਰਨ, ਪ੍ਰੋਸੈਸਿੰਗ ਅਤੇ ਐਕਸਪੋਰਟ ਦੇ ਰਾਹ ਅਪਨਾਉਣ ਲਈ ਪ੍ਰੇਰਿਆ। ਮਿਲਣੀ ਦੌਰਾਨ ਕੇਵੀਕੇ ਦੇ ਸਬਜ਼ੀ ਵਿਗਿਆਨੀ ਡਾ. ਭੱਲਣ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਮਿਰਚਾਂ ਦੀਆਂ ਸਿਫਾਰਸ਼ ਕੀਤੀਆਂ ਦੋਗਲੀਆਂ ਕਿਸਮਾਂ ਸੀ ਐੱਚ-52 ਅਤੇ ਸੀਐੱਚ-27 ਬਾਰੇ ਵਿਸਥਾਰਪੂਰਵਕ ਦੱਸਦਿਆਂ ਕਿਹਾ ਕਿ ਇਹਨਾਂ ਕਿਸਮਾਂ ਵਿਚ ਪ੍ਰੋਸੈਸਿੰਗ ਲਈ ਗੁਣਾਂ ਕੁੜੱਤਣ ਅਤੇ ਸੁੱਕਾ ਮਾਦਾ ਚੰਗੀ ਮਾਤਰਾ ਵਿਚ ਹੁੰਦਾ ਹੈ। ਉਨ੍ਹਾਂ ਨੇ ਕਿਸਮਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਇਨ੍ਹਾਂ ਕਿਸਮਾਂ ਦੀਆਂ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸਮਰੱਥਾ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਦਿਵਿਆ ਜੈਨ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਨੇ ਮਿਰਚ ਦੇ ਸੁਕਾਉਣ, ਆਚਾਰ ਬਣਾਉਣ, ਫਲੇਕਸ ਬਣਾਉਣ, ਡੱਬਾਬੰਦੀ ਅਤੇ ਮੰਡੀਕਰਨ ਦੇ ਨੁਕਤੇ ਸਾਂਝੇ ਕੀਤੇ। ਕਿਸਾਨਾਂ ਨੂੰ ਕਿਸਮਾਂ ਦੇ ਆਕਾਰ, ਮੋਟਾਈ, ਰੰਗ ਅਤੇ ਹੋਰ ਗੁਣਾਂ ਬਾਰੇ ਜਾਗਰੂਕ ਕਰਨ ਲਈ ਮਿਰਚ ਦੀਆਂ ਵੱਖ-ਵੱਖ ਕਿਸਮਾਂ ਦੇ ਫ਼ਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਮਿਰਚ ਅਤੇ ਹੋਰ ਜਿਣਸਾਂ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਕਰਨ ਵਾਲੇ ‘‘ਫਾਰਮ ਟੂ ਫੂਡ ਐਗਰੋ’’ ਪਿੰਡ ਲੋਹਾਮ ਦੇ ਨੌਜਵਾਨ ਪ੍ਰਭਜੋਤ ਸਿੰਘ ਅਤੇ ਮਿਰਚ ਤੋਂ ਆਚਾਰ, ਚਟਨੀ ਆਦਿ ਬਣਾਉਣ ਵਾਲੇ ਸੱਚਦੀਪ ਸਵੈ ਸਹਾਇਤਾ ਸਮੂਹ ਤੋਂ ਆਏ ਪਰਮਜੀਤ ਕੌਰ ਨੇ ਕਿਸਾਨਾਂ ਨਾਲ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਸ਼ਾਮਲ ਕਿਸਾਨਾਂ ਨੂੰ ਇਸ ਰਾਹ ਤੇ ਆਉਣ ਲਈ ਪ੍ਰੇਰਿਆ। ਇਸ ਮਿਲਣੀ ਵਿਚ ਘੱਲ ਖੁਰਦ ਬਲਾਕ ਦੇ ਅਗਾਂਹਵਧੂ ਕਿਸਾਨ ਮਨਦੀਪ ਸਿੰਘ ਅਤੇ ਗੁਰਨਾਮ ਸਿੰਘ, ਮਮਦੋਟ ਬਲਾਕ ਦੇ ਮਨਪ੍ਰੀਤ ਸਿੰਘ, ਫਿਰੋਜ਼ਪੁਰ ਬਲਾਕ ਦੇ ਬਲਵਿੰਦਰ ਸਿੰਘ ਅਤੇ ਜਸਪਾਲ ਸਿੰਘ ਅਤੇ ਜ਼ੀਰਾ ਬਲਾਕ ਦੇ ਬਲਜਿੰਦਰ ਸਿੰਘ ਅਤੇ ਇਨ੍ਹਾਂ ਬਲਾਕਾਂ ਦੇ ਹੋਰ ਨੌਜਵਾਨ ਕਿਸਾਨਾਂ ਨੇ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਕੈਂਪ ਦੇ ਅਖੀਰ ਵਿਚ ਹਾਜ਼ਰ ਅਗਾਂਹਵਧੂ ਕਿਸਾਨਾਂ ਨੇ ਕੇਵੀਕੇ ਦੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।