ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਧੀਮੀ ਗਤੀ ਵਿਕਾਸ ਕਾਰਜਾਂ ਕਾਰਨ ਯਾਤਰੀ ਪ੍ਰੇਸ਼ਾਨ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਧੀਮੀ ਗਤੀ ਵਿਕਾਸ ਕਾਰਜਾਂ ਕਾਰਨ ਯਾਤਰੀ ਪ੍ਰੇਸ਼ਾਨ
Publish Date: Sun, 05 Jul 2026 05:07 PM (IST)
Updated Date: Sun, 05 Jul 2026 05:08 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਪਲੇਟਫਾਰਮ ਨੰਬਰ 3 ਅਤੇ 4 ਸਮੇਤ ਹੋਰ ਥਾਵਾਂ ’ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਹੌਲੀ ਰਫ਼ਤਾਰ ਕਾਰਨ ਯਾਤਰੀਆਂ ਨੂੰ ਰੋਜ਼ਾਨਾ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਅਤੇ ਯਾਤਰੀਆਂ ਜਸਪਿੰਦਰ ਸਿੰਘ, ਰਮੇਸ਼ ਕੁਮਾਰ ਅਤੇ ਪਰਵਾਸੀ ਮਜ਼ਦੂਰ ਚੰਦਨ ਦਾ ਕਹਿਣਾ ਹੈ ਕਿ ਇਹ ਕੰਮ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਪਰ ਇਸ ਦੀ ਰਫ਼ਤਾਰ ਬਹੁਤ ਧੀਮੀ ਹੋਣ ਕਾਰਨ ਨਾ ਤਾਂ ਕੰਮ ਮੁਕੰਮਲ ਹੋ ਰਿਹਾ ਹੈ ਅਤੇ ਨਾ ਹੀ ਯਾਤਰੀਆਂ ਨੂੰ ਸੁਵਿਧਾਜਨਕ ਆਵਾਜਾਈ ਮਿਲ ਰਹੀ ਹੈ। ਸਟੇਸ਼ਨ ’ਤੇ ਨਿਰਮਾਣ ਕਾਰਜ ਜਾਰੀ ਹੋਣ ਕਾਰਨ ਕਈ ਥਾਵਾਂ ’ਤੇ ਰਸਤੇ ਤੰਗ ਹੋ ਗਏ ਹਨ, ਜਿਸ ਨਾਲ ਯਾਤਰੀਆਂ ਨੂੰ ਆਪਣਾ ਸਮਾਨ ਚੁੱਕ ਕੇ ਪਲੇਟਫਾਰਮ ਤੱਕ ਪਹੁੰਚਣ ਵਿਚ ਖਾਸੀ ਦਿੱਕਤ ਆ ਰਹੀ ਹੈ। ਖ਼ਾਸ ਕਰਕੇ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਅਤੇ ਦਿਵਿਆਂਗ ਯਾਤਰੀਆਂ ਲਈ ਇਹ ਸਥਿਤੀ ਹੋਰ ਵੀ ਪਰੇਸ਼ਾਨੀ ਵਾਲੀ ਬਣੀ ਹੋਈ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਜਿੱਥੇ ਪਹਿਲਾਂ ਆਸਾਨੀ ਨਾਲ ਆਵਾਜਾਈ ਹੋ ਜਾਂਦੀ ਸੀ, ਉੱਥੇ ਹੁਣ ਨਿਰਮਾਣ ਸਮੱਗਰੀ ਕਾਰਨ ਰਸਤਾ ਬਹੁਤ ਸੀਮਤ ਰਹਿ ਗਿਆ ਹੈ। ਸਟੇਸ਼ਨ ਦੇ ਅੰਦਰ ਕਈ ਥਾਵਾਂ ’ਤੇ ਇੱਟਾਂ, ਰੋੜੇ ਅਤੇ ਹੋਰ ਨਿਰਮਾਣ ਸਮੱਗਰੀ ਖਿਲਰੀ ਪਈ ਹੈ, ਜਿਸ ਕਾਰਨ ਯਾਤਰੀਆਂ ਨੂੰ ਸੰਭਲ ਕੇ ਲੰਘਣਾ ਪੈਂਦਾ ਹੈ। ਭੀੜ-ਭਾੜ ਦੇ ਸਮੇਂ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ ਅਤੇ ਹਾਦਸਿਆਂ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਕਈ ਯਾਤਰੀਆਂ ਨੇ ਦੱਸਿਆ ਕਿ ਭਾਰੀ ਸਮਾਨ ਨਾਲ ਪਲੇਟਫਾਰਮ ਤੇ ਪਹੁੰਚਣਾ ਕਾਫ਼ੀ ਔਖਾ ਹੋ ਗਿਆ ਹੈ ਅਤੇ ਕਈ ਵਾਰ ਟਰੇਨ ਫੜਨ ਲਈ ਉਨ੍ਹਾਂ ਨੂੰ ਦੌੜ-ਭੱਜ ਵੀ ਕਰਨੀ ਪੈਂਦੀ ਹੈ। ਯਾਤਰੀਆਂ ਨੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਅਤੇ ਜਦੋਂ ਤੱਕ ਕੰਮ ਪੂਰਾ ਨਹੀਂ ਹੁੰਦਾ, ਉਦੋਂ ਤੱਕ ਆਵਾਜਾਈ ਲਈ ਸੁਰੱਖਿਅਤ ਅਤੇ ਸੁਚੱਜੇ ਬਦਲਵੇਂ ਰਸਤੇ ਬਣਾਏ ਜਾਣ। ਇਸ ਤੋਂ ਇਲਾਵਾ ਨਿਰਮਾਣ ਸਮੱਗਰੀ ਨੂੰ ਰਸਤੇ ਵਿੱਚੋਂ ਹਟਾ ਕੇ ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਇਆ ਜਾਵੇ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਵਿਕਾਸ ਕਾਰਜ ਜਨਤਕ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਹਨ, ਪਰ ਜੇਕਰ ਇਹ ਕੰਮ ਲੰਬੇ ਸਮੇਂ ਤੱਕ ਹੌਲੀ ਰਫ਼ਤਾਰ ਨਾਲ ਚੱਲਦੇ ਰਹਿਣ ਤਾਂ ਇਸ ਦਾ ਖਮਿਆਜ਼ਾ ਆਮ ਯਾਤਰੀਆਂ ਨੂੰ ਭੁਗਤਣਾ ਪੈਂਦਾ ਹੈ। ਇਸ ਸਬੰਧੀ ਡਿਪਟੀ ਚੀਫ ਇੰਜੀਨੀਅਰ ਭੁਪਿੰਦਰ ਸਲਵਾਨ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਸਿਗਨਲ ਦੀਆਂ ਤਾਰਾਂ ਪਾਉਣ ਮੌਕੇ ਸਾਵਧਾਨੀ ਨਾਲ ਕੰਮ ਕਰਨਾ ਪੈਂਦਾ ਹੈ ਜਿਸ ਕਰਕੇ ਕੰਮ ਦੀ ਰਫ਼ਤਾਰ ਧੀਮੀ ਹੋ ਜਾਂਦੀ। ਉਨ੍ਹਾਂ ਦੱਸਿਆ ਕਿ ਪਲੇਟਫਾਰਮ ਨੰਬਰ ਤਿੰਨ ਤੇ ਪੱਥਰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਪਹਿਲਾਂ ਤਿੰਨ ਨੰਬਰ ਪਲੇਟਫਾਰਮ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਅਤੇ ਚਾਰ ਨੰਬਰ ਪਲੇਟਫਾਰਮ ਕੰਮਕਾਜ ਲਈ ਲੋੜੀਂਦਾ ਸਮਾਨ ਲਿਆਉਣ ਲਈ ਵਰਤਿਆ ਜਾਵੇਗਾ। ਇਸੇ ਤਰਾ ਪਲੇਟਫਾਰਮ ਨੰਬਰ ਤਿੰਨ ਕੰਪਲੀਟ ਹੋਣ ਤੇ ਹੀ ਪਲੇਟਫਾਰਮ ਨੰਬਰ ਚਾਰ ਦਾ ਨਵੀਨੀਕਰਨ ਕੀਤਾ ਜਾਵੇਗਾ। ਯਾਤਰੀਆਂ ਨੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਕੰਮ ਦੀ ਰਫ਼ਤਾਰ ਤੇਜ਼ ਕੀਤੀ ਜਾਵੇ, ਨਿਰਮਾਣ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ ਅਤੇ ਯਾਤਰੀਆਂ ਨੂੰ ਆ ਰਹੀਆਂ ਦਿੱਕਤਾਂ ਦਾ ਤੁਰੰਤ ਹੱਲ ਕੀਤਾ ਜਾਵੇ, ਤਾਂ ਜੋ ਸਟੇਸ਼ਨ ’ਤੇ ਆਉਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।