ਪਿੰਡਾਂ ’ਚ ਪਰਤੀਆਂ ਰੌਣਕਾਂ, ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਚਿੰਤਤ
ਖੇਤਾਂ ਵਿੱਚ ਝੋਨੇ ਦੀ ਲਵਾਈ ਜ਼ੋਰਾਂ ’ਤੇ
Publish Date: Fri, 12 Jun 2026 05:26 PM (IST)
Updated Date: Fri, 12 Jun 2026 05:27 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਵਿਚ ਝੋਨੇ ਦੀ ਲਵਾਈ ਦਾ ਸੀਜ਼ਨ ਅਧਿਕਾਰਤ ਤੌਰ ’ਤੇ ਸ਼ੁਰੂ ਹੁੰਦਿਆਂ ਹੀ ਖੇਤਾਂ ਵਿਚ ਇਕ ਵਾਰ ਫਿਰ ਰੌਣਕਾਂ ਪਰਤ ਆਈਆਂ ਹਨ। ਸਵੇਰ ਹੁੰਦਿਆਂ ਹੀ ਕਿਸਾਨ ਅਤੇ ਮਜ਼ਦੂਰ ਟਰੈਕਟਰ-ਟਰਾਲੀਆਂ ਲੈ ਕੇ ਖੇਤਾਂ ਵੱਲ ਵਹੀਰਾਂ ਘੱਟ ਰਹੇ ਹਨ। ਪਰ ਇਸ ਵਾਰ ਖੇਤੀ ਸੈਕਟਰ ਲਈ ਇਕ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਬਿਹਾਰ, ਉੜੀਸਾ, ਉੱਤਰ ਪ੍ਰਦੇਸ਼ ਅਤੇ ਹੋਰ ਦੂਰ-ਦੁਰਾਡੇ ਦੇ ਰਾਜਾਂ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਵਿਚ ਇਸ ਸਾਲ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਮਜ਼ਦੂਰਾਂ ਦੀ ਇਸ ਘਾਟ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ, ਜਿਸ ਕਾਰਨ ਲਵਾਈ ਦੇ ਰੇਟ ਵੀ ਵੱਧ ਗਏ। ਲੰਬੇ ਇੰਤਜ਼ਾਰ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿਚ ਖੇਤੀਬਾੜੀ ਦੀਆਂ ਗਤੀਵਿਧੀਆਂ ਸਿਖਰ ’ਤੇ ਪਹੁੰਚ ਗਈਆਂ ਹਨ। ਨਹਿਰੀ ਪਾਣੀ ਅਤੇ ਟਿਊਬਵੈੱਲਾਂ ਦੀ ਸਪਲਾਈ ਸ਼ੁਰੂ ਹੋਣ ਨਾਲ ਖੇਤਾਂ ਨੂੰ ਕੱਦੂ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਖੇਤਾਂ ਵਿਚ ਲੱਗੇ ਟਿਊਬਵੈੱਲ, ਮਜ਼ਦੂਰਾਂ ਦੇ ਲੋਕ ਗੀਤ ਅਤੇ ਟਰੈਕਟਰਾਂ ਦੀ ਆਵਾਜ਼ ਨੇ ਪਿੰਡਾਂ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਕਿਸਾਨਾਂ ਦੇ ਚਿਹਰਿਆਂ ’ਤੇ ਨਵੀਂ ਫ਼ਸਲ ਨੂੰ ਲੈ ਕੇ ਉਤਸ਼ਾਹ ਤਾਂ ਹੈ, ਪਰ ਨਾਲ ਹੀ ਸਮੇਂ ਸਿਰ ਕੰਮ ਨਿਬੇੜਨ ਦੀ ਮਜ਼ਬੂਰੀ ਵੀ ਸਾਫ਼ ਦਿਖਾਈ ਦੇ ਰਹੀ ਹੈ। ਇਸ ਵਾਰ ਰੇਲ ਗੱਡੀਆਂ ਰਾਹੀਂ ਪੰਜਾਬ ਪਹੁੰਚਣ ਵਾਲੇ ਬਿਹਾਰ ਅਤੇ ਉੜੀਸਾ ਦੇ ਮਜ਼ਦੂਰਾਂ ਦੀ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਰਹੀ ਹੈ। ਮਾਹਰਾਂ ਮੁਤਾਬਿਕ, ਇਨ੍ਹਾਂ ਰਾਜਾਂ ਵਿਚ ਸਥਾਨਕ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਵਧਣ ਅਤੇ ਮਨਰੇਗਾ ਵਰਗੀਆਂ ਸਕੀਮਾਂ ਦੇ ਸੁਚਾਰੂ ਚੱਲਣ ਕਾਰਨ ਹੁਣ ਮਜ਼ਦੂਰ ਆਪਣੇ ਘਰ-ਬਾਰ ਛੱਡ ਕੇ ਪੰਜਾਬ ਆਉਣ ਤੋਂ ਗੁਰੇਜ਼ ਕਰ ਰਹੇ ਹਨ। ਜਿਹੜੇ ਮਜ਼ਦੂਰ ਆਏ ਵੀ ਹਨ, ਉਹਨਾਂ ਦੀ ਮੰਗ ਬਹੁਤ ਜ਼ਿਆਦਾ ਹੈ। ਕਿਸਾਨਾਂ ਨੂੰ ਰੇਲਵੇ ਸਟੇਸ਼ਨਾਂ ’ਤੇ ਜਾ ਕੇ ਮਜ਼ਦੂਰਾਂ ਦੀਆਂ ਮਿੰਨਤਾਂ ਕਰਨੀਆਂ ਪੈ ਰਹੀਆਂ ਹਨ ਅਤੇ ਉਨ੍ਹਾਂ ਨੂੰ ਵੱਧ ਪੈਸੇ ਦੇ ਕੇ ਆਪਣੇ ਪਿੰਡਾਂ ਵੱਲ ਲਿਆਉਣਾ ਪੈ ਰਿਹਾ ਹੈ। ਲੇਬਰ ਦੀ ਇਸ ਕਿੱਲਤ ਕਾਰਨ ਝੋਨੇ ਦੀ ਲਵਾਈ ਦੇ ਪ੍ਰਤੀ ਏਕੜ ਰੇਟਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 500 ਤੋਂ 1000 ਰੁਪਏ ਤੱਕ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਹੁਣ ਸਥਾਨਕ (ਪੰਜਾਬੀ) ਮਜ਼ਦੂਰਾਂ ਦੀ ਮੰਗ ਵੀ ਬਹੁਤ ਵੱਧ ਗਈ ਹੈ। ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਲੇਬਰ ਮਹਿੰਗੀ ਹੋਣ ਕਾਰਨ ਇਸ ਵਾਰ ਫ਼ਸਲ ਦੀ ਲਾਗਤ ਵਿਚ ਵੱਡਾ ਵਾਧਾ ਹੋਵੇਗਾ, ਜੋ ਕਿਸਾਨਾਂ ਦੀ ਆਰਥਿਕਤਾ ’ਤੇ ਸਿੱਧਾ ਅਸਰ ਪਾਵੇਗਾ। ਲੇਬਰ ਦੀ ਸਮੱਸਿਆ ਦਾ ਪੱਕਾ ਹੱਲ ਲੱਭਣ ਲਈ ਪੰਜਾਬ ਦੇ ਅਗਾਂਹਵਧੂ ਕਿਸਾਨ ਹੁਣ ਮਸ਼ੀਨੀਕਰਨ ਵੱਲ ਤੇਜ਼ੀ ਨਾਲ ਕਦਮ ਵਧਾ ਰਹੇ ਹਨ। ਕਈ ਇਲਾਕਿਆਂ ਵਿਚ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਨਾਲ ਪਾਣੀ ਅਤੇ ਲੇਬਰ ਦੋਵਾਂ ਦੀ ਬੱਚਤ ਹੁੰਦੀ ਹੈ। ਪੰਜਾਬ ਦੇ ਖੇਤਾਂ ਵਿਚ ਝੋਨੇ ਦੀ ਲਵਾਈ ਨੇ ਰੌਣਕਾਂ ਤਾਂ ਲਾ ਦਿੱਤੀਆਂ ਹਨ, ਪਰ ਪ੍ਰਵਾਸੀ ਲੇਬਰ ਦੀ ਘਾਟ ਨੇ ਕਿਸਾਨਾਂ ਨੂੰ ਇਕ ਨਵੀਂ ਸੋਚ ਅਤੇ ਬਦਲਾਅ ਵੱਲ ਤੌਰ ਦਿੱਤਾ ਹੈ। ਜੇਕਰ ਇਹੀ ਸਥਿਤੀ ਰਹੀ, ਤਾਂ ਆਉਣ ਵਾਲੇ ਸਾਲਾਂ ਵਿਚ ਪੰਜਾਬ ਦੀ ਖੇਤੀ ਪੂਰੀ ਤਰ੍ਹਾਂ ਮਸ਼ੀਨੀਕਰਨ ’ਤੇ ਨਿਰਭਰ ਹੋ ਜਾਵੇਗੀ। ਫਿਲਹਾਲ, ਕਿਸਾਨ ਕੁਦਰਤ ਦੇ ਭਰੋਸੇ ਅਤੇ ਮੌਜ਼ੂਦ ਸਾਧਨਾਂ ਨਾਲ ਆਪਣੀ ਮੁੱਖ ਫ਼ਸਲ ਨੂੰ ਪਾਲਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।