ਹਾਕੀ ਐਸਟਰੋਟਰਫ਼ ਸਟੇਡੀਅਮ ਵਿਚ ਓਲੰਪੀਅਨ ਅਜੀਤ ਸਿੰਘ ਫਿਟਨੈੱਸ ਕਲੱਬ ਦਾ ਉਦਘਾਟਨ ਹਾਕੀ ਐਸਟਰੋਟਰਫ਼ ਸਟੇਡੀਅਮ ਵਿਚ ਓਲੰਪੀਅਨ ਅਜੀਤ ਸਿੰਘ ਫਿਟਨੈੱਸ ਕਲੱਬ ਦਾ ਉਦਘਾਟਨ
Publish Date: Tue, 30 Jun 2026 06:33 PM (IST)
Updated Date: Tue, 30 Jun 2026 06:34 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਸਰੀਰਕ ਕਸਰਤ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮੰਤਵ ਨਾਲ ਫਾਜ਼ਿਲਕਾ ਦੇ ਐੱਸਐੱਸਪੀ ਅਤੇ ਓਲੰਪੀਅਨ ਗਗਨ ਅਜੀਤ ਸਿੰਘ ਵੱਲੋਂ ਫਿਰੋਜ਼ਪੁਰ ਦੇ ਹਾਕੀ ਐਸਟਰੋਟਰਫ਼ ਸਟੇਡੀਅਮ ਵਿੱਚ ਓਲੰਪੀਅਨ ਸਰਦਾਰ ਅਜੀਤ ਸਿੰਘ ਫਿਟਨੈੱਸ ਕਲੱਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਟੇਡੀਅਮ ਵਿਚ ਭਵਿਆ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਹਾਕੀ ਫਿਰੋਜ਼ਪੁਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਨਿਰੁਧ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਜਿਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਟੇਡੀਅਮ ਵਿੱਚ ਆਧੁਨਿਕ ਉਪਕਰਣਾਂ ਨਾਲ ਲੈਸ ਜਿੰਮ ਬਣਨ ਨਾਲ ਖਿਡਾਰੀਆਂ ਨੂੰ ਬਹੁਤ ਲਾਭ ਮਿਲੇਗਾ ਅਤੇ ਇਸ ਉਪਰਾਲੇ ਲਈ ਗਗਨ ਅਜੀਤ ਸਿੰਘ ਵਧਾਈ ਦੇ ਪਾਤਰ ਹਨ। ਡਾ. ਗੁਪਤਾ ਨੇ ਦੱਸਿਆ ਕਿ ਜਲਦ ਹੀ ਖਿਡਾਰੀਆਂ ਨੂੰ ਦੋ ਨਵੀਆਂ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਅਤੇ ਨੇੜਲੇ ਜ਼ਿਲ੍ਹਿਆਂ ਦੀਆਂ ਹਾਕੀ ਟੀਮਾਂ ਦੇ ਅੰਤਰ-ਜ਼ਿਲ੍ਹਾ ਟੂਰਨਾਮੈਂਟ ਕਰਵਾਏ ਜਾਣਗੇ, ਜਿਸ ਨਾਲ ਖਿਡਾਰੀਆਂ ਵਿਚ ਅੱਗੇ ਵਧਣ ਦਾ ਜਜ਼ਬਾ ਪੈਦਾ ਹੋਵੇਗਾ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਵੱਡੇ ਪਰਦੇ ਤੇ ਹਾਕੀ ਨਾਲ ਸਬੰਧਤ ਫ਼ਿਲਮ ਵੀ ਦਿਖਾਈ ਜਾਵੇਗੀ, ਤਾਂ ਜੋ ਉਨ੍ਹਾਂ ਵਿੱਚ ਹਾਕੀ ਅਤੇ ਦੇਸ਼ ਪ੍ਰਤੀ ਜਜ਼ਬਾ ਹੋਰ ਮਜ਼ਬੂਤ ਹੋ ਸਕੇ। ਐੱਸਐੱਸਪੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਇਸ ਜਿਮ ਵਿੱਚ ਆ ਕੇ ਖਿਡਾਰੀ ਨਿਯਮਿਤ ਕਸਰਤ ਕਰ ਸਕਣਗੇ ਅਤੇ ਆਪਣੀ ਸਰੀਰਕ ਤੰਦਰੁਸਤੀ ਨੂੰ ਹੋਰ ਬਿਹਤਰ ਬਣਾ ਸਕਣਗੇ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਇਸੇ ਮੈਦਾਨ ਵਿਚ ਹਾਕੀ ਖੇਡ ਕੇ ਇਸ ਮੁਕਾਮ ਤੱਕ ਪਹੁੰਚੇ ਹਨ ਅਤੇ ਉਨ੍ਹਾਂ ਨੂੰ ਆਪਣੇ ਸ਼ਹਿਰ ਦੀ ਮਿੱਟੀ ਅਤੇ ਇੱਥੋਂ ਦੇ ਲੋਕਾਂ ਨਾਲ ਖ਼ਾਸ ਪਿਆਰ ਹੈ। ਉਨ੍ਹਾਂ ਕਿਹਾ ਕਿ ਜੋ ਸਹੂਲਤਾਂ ਉਨ੍ਹਾਂ ਨੂੰ ਆਪਣੇ ਖੇਡ ਸਮੇਂ ਨਹੀਂ ਮਿਲ ਸਕੀਆਂ, ਉਹ ਅੱਜ ਦੇ ਨੌਜਵਾਨ ਖਿਡਾਰੀਆਂ ਨੂੰ ਉਪਲਬਧ ਕਰਵਾਉਣ ਲਈ ਉਹ ਲਗਾਤਾਰ ਯਤਨ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਨੂੰ ਨਵੀਆਂ ਹਾਕੀਆਂ ਵੀ ਭੇਟ ਕੀਤੀਆਂ ਅਤੇ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ਿਆਂ ਵਰਗੀ ਬੁਰਾਈ ਨੂੰ ਹਰਾਉਣ ਲਈ ਖੇਡਾਂ ਅਤੇ ਜਿਮ ਬਹੁਤ ਜ਼ਰੂਰੀ ਹਨ। ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਉਹ ਇਸੇ ਮੈਦਾਨ ਵਿਚ ਖੇਡ ਕੇ ਭਾਰਤ ਦੀ ਨੁਮਾਇੰਦਗੀ ਕਰਨ ਅਤੇ ਅੱਜ ਪੰਜਾਬ ਪੁਲਿਸ ਵਿੱਚ ਸੇਵਾ ਨਿਭਾਉਣ ਦੇ ਯੋਗ ਬਣੇ ਹਨ ਤਾਂ ਹਰ ਨੌਜਵਾਨ ਖਿਡਾਰੀ ਵੀ ਇਹ ਮੰਜ਼ਿਲ ਹਾਸਲ ਕਰ ਸਕਦਾ ਹੈ। ਇਸ ਲਈ ਮਨ ਵਿਚ ਮਿਹਨਤ, ਲਗਨ ਅਤੇ ਜਿੱਤ ਦਾ ਜਜ਼ਬਾ ਹੋਣਾ ਲਾਜ਼ਮੀ ਹੈ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਗਰੇਵਾਲ, ਹਾਕੀ ਫਿਰੋਜ਼ਪੁਰ ਐਸੋਸੀਏਸ਼ਨ ਦੇ ਸਕੱਤਰ ਮਨਮੀਤ ਸਿੰਘ ਰੂਬਲ, ਬਾਬਾ ਸ਼ੇਰਸ਼ਾਹਵਾਲੀ ਟਰੱਸਟ ਦੇ ਮੈਨੇਜਰ ਅਸ਼ੋਕ ਪਸਰੀਚਾ, ਅੰਤਰਰਾਸ਼ਟਰੀ ਹਾਕੀ ਖਿਡਾਰੀ ਨਵਸ਼ੇਰ ਸਿੰਘ, ਦਲੇਰ ਸਿੰਘ, ਵਿਕਰਮਾਦਿਤਿਆ ਸ਼ਰਮਾ, ਤੇਜਬੀਰ ਸਿੰਘ, ਜੀਵਨ ਸ਼ਰਮਾ, ਸੁਨੀਲ ਕੁਮਾਰ, ਜਸਪ੍ਰੀਤ ਸਿੰਘ, ਮਨਿੰਦਰ ਹਾਂਡਾ, ਗੁਰਪ੍ਰੀਤ ਸਿੰਘ, ਕਰਨਦੀਪ ਸਿੰਘ, ਗੁਰਸੇਵਕ ਸਿੰਘ, ਕੋਚ ਸੁਨੀਲ ਕੁਮਾਰ, ਪਵਨਦੀਪ ਸਿੰਘ ਅਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।