- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਗੁਰਵਿੰਦਰ ਸਿੰਘ ਆਪਣੇ ਖੇਤ ਨੂੰ ਪੱਧਰਾ ਕਰਨ ਲਈ ਜੇਸੀਬੀ ਨਾਲ ਖੁਦਾਈ ਕਰਵਾ ਰਿਹਾ ਸੀ। ਇਸ ਦੌਰਾਨ ਮਸ਼ੀਨ ਦੀ ਬਕੇਟ ਇੱਕ ਭਾਰੀ ਧਾਤੂ ਵਸਤੂ ਨਾਲ ਟਕਰਾਈ। ਮਿੱਟੀ ਹਟਾਉਣ 'ਤੇ ਤੋਪ ਦਾ ਗੋਲਾ ਨਜ਼ਰ ਆਇਆ ਤਾਂ ਕੰਮ ਤੁਰੰਤ ਰੋਕ ਦਿੱਤਾ ਗਿਆ ਅਤੇ ਪੁਲਿਸ ਤੇ ਫ਼ੌਜ ਨੂੰ ਸੂਚਿਤ ਕੀਤਾ ਗਿਆ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫ਼ਿਰੋਜ਼ਪੁਰ: ਹਿੰਦ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਹੁਸੈਨੀਵਾਲਾ ਖੇਤਰ ਦੇ ਪਿੰਡ ਝੁੱਗੇ ਹਜ਼ਾਰਾ ਸਿੰਘ ਢਾਣੀ ਵਿੱਚ ਖੇਤ ਦੀ ਖੁਦਾਈ ਦੌਰਾਨ ਤੋਪ ਦਾ ਪੁਰਾਣਾ ਗੋਲਾ ਮਿਲਣ ਨਾਲ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਭਾਰਤੀ ਫ਼ੌਜ ਮੌਕੇ 'ਤੇ ਪਹੁੰਚ ਗਈ। ਫ਼ੌਜ ਦੇ ਬੰਬ ਨਿਰੋਧਕ ਦਸਤੇ ਨੇ ਇਲਾਕੇ ਨੂੰ ਸੁਰੱਖਿਆ ਘੇਰੇ ਵਿੱਚ ਲੈ ਕੇ ਗੋਲੇ ਨੂੰ ਸੁਰੱਖਿਅਤ ਢੰਗ ਨਾਲ ਆਪਣੇ ਕਬਜ਼ੇ ਵਿੱਚ ਲੈ ਲਿਆ।
ਜਾਣਕਾਰੀ ਅਨੁਸਾਰ ਕਿਸਾਨ ਗੁਰਵਿੰਦਰ ਸਿੰਘ ਆਪਣੇ ਖੇਤ ਨੂੰ ਪੱਧਰਾ ਕਰਨ ਲਈ ਜੇਸੀਬੀ ਨਾਲ ਖੁਦਾਈ ਕਰਵਾ ਰਿਹਾ ਸੀ। ਇਸ ਦੌਰਾਨ ਮਸ਼ੀਨ ਦੀ ਬਕੇਟ ਇੱਕ ਭਾਰੀ ਧਾਤੂ ਵਸਤੂ ਨਾਲ ਟਕਰਾਈ। ਮਿੱਟੀ ਹਟਾਉਣ 'ਤੇ ਤੋਪ ਦਾ ਗੋਲਾ ਨਜ਼ਰ ਆਇਆ ਤਾਂ ਕੰਮ ਤੁਰੰਤ ਰੋਕ ਦਿੱਤਾ ਗਿਆ ਅਤੇ ਪੁਲਿਸ ਤੇ ਫ਼ੌਜ ਨੂੰ ਸੂਚਿਤ ਕੀਤਾ ਗਿਆ। ਮਾਹਿਰਾਂ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਗੋਲੇ ਨੂੰ ਸੁਰੱਖਿਅਤ ਢੰਗ ਨਾਲ ਹਟਾ ਕੇ ਨਿਯਮਾਂ ਅਨੁਸਾਰ ਨਸ਼ਟ ਕਰਨ ਲਈ ਭੇਜ ਦਿੱਤਾ।
1971 ਦੀ ਜੰਗ ਦਾ ਅਣਫੱਟਿਆ ਗੋਲਾ ਹੋਣ ਦਾ ਖ਼ਦਸ਼ਾ
ਸੁਰੱਖਿਆ ਮਾਹਿਰਾਂ ਅਨੁਸਾਰ ਇਹ ਗੋਲਾ ਸੰਭਾਵਤ ਤੌਰ 'ਤੇ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦਾਗਿਆ ਗਿਆ ਹੋ ਸਕਦਾ ਹੈ। ਫ਼ਿਰੋਜ਼ਪੁਰ-ਹੁਸੈਨੀਵਾਲਾ ਸਰਹੱਦ ਉਸ ਸਮੇਂ ਅਹਿਮ ਜੰਗੀ ਮੋਰਚਾ ਰਹੀ ਸੀ, ਜਿੱਥੇ ਭਾਰੀ ਗੋਲਾਬਾਰੀ ਹੋਈ ਸੀ। ਰੇਤਲੀ ਮਿੱਟੀ ਵਿੱਚ ਦੱਬੇ ਅਣਫੱਟੇ ਗੋਲੇ ਸਮੇਂ-ਸਮੇਂ 'ਤੇ ਖੇਤੀਬਾੜੀ ਜਾਂ ਖੁਦਾਈ ਦੌਰਾਨ ਸਾਹਮਣੇ ਆ ਜਾਂਦੇ ਹਨ। ਫ਼ੌਜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ੱਕੀ ਧਾਤੂ ਵਸਤੂ ਮਿਲਣ 'ਤੇ ਉਸ ਨੂੰ ਹੱਥ ਨਾ ਲਾਇਆ ਜਾਵੇ ਅਤੇ ਤੁਰੰਤ ਪੁਲਿਸ ਜਾਂ ਫ਼ੌਜ ਨੂੰ ਸੂਚਿਤ ਕੀਤਾ ਜਾਵੇ।